
ਰੂਸ ਨੇ ਯੂਕਰੇਨੀ ਨਾਗਰਿਕਾਂ ਦੀ ਨਿਕਾਸੀ ਲਈ ਜੰਗਬੰਦੀ ਦਾ ਐਲਾਨ ਕੀਤਾ
ਰੂਸੀ ਫ਼ੌਜ ਡਰੋਨ ਰਾਹੀਂ ਜੰਗਬੰਦੀ ਦੀ ਨਿਗਰਾਨੀ ਕਰੇਗੀ
ਲਵੀਵੀ, 7 ਮਾਰਚ : ਰੂਸ ਨੇ ਯੂਕਰੇਨੀ ਨਾਗਰਿਕਾਂ ਦੀ ਨਿਕਾਸੀ ਲਈ ਸੋਮਵਾਰ ਸਵੇਰ ਤੋਂ ਜੰਗਬੰਦੀ ਦੇ ਨਾਲ ਹੀ ਕਈ ਖੇਤਰਾਂ ਵਿਚ ਮਨੁੱਖੀ ਲਾਂਘੇ ਖੋਲ੍ਹਣ ਦਾ ਐਲਾਨ ਕੀਤਾ | ਉੱਤਰ, ਦੱਖਣ ਅਤੇ ਮੱਧ ਯੂਕਰੇਨ ਦੇ ਸ਼ਹਿਰਾਂ ਵਿ ਰੂਸ ਦੀ ਲਗਾਤਾਰ ਜਾਰੀ ਗੋਲੀਬਾਰੀ ਵਿਚਾਲੇ ਹਜ਼ਾਰਾਂ ਯੂਕਰੇਨੀ ਨਾਗਰਿਕ ਉਥੋਂ ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਵਿਚ ਜੁਟੇ ਹਨ |
ਯੂਕਰੇਨੀ ਅਧਿਕਾਰੀਆਂ ਨੇ ਕੀਵ ਦੇ ਉਪ-ਨਗਰਾਂ ਵਿਚ ਵਿਨਾਸ਼ਕਾਰੀ ਮੰਜ਼ਰ ਵਿਚਾਲੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਅਸਫ਼ਲ ਹੋਣ ਦੀ ਜਾਣਕਾਰੀ ਦਿਤੀ ਹੈ | ਇਸ ਵਿਚਾਲੇ ਦੋਹਾਂ ਪੱਖਾਂ ਦੇ ਅਧਿਕਾਰੀਆਂ ਨੇ ਤੀਜੇ ਗੇੜ ਦੀ ਗੱਲਬਾਤ ਦੀ ਯੋਜਨਾ ਬਣਾਈ ਹੈ | ਇਕ ਰੂਸੀ ਕਾਰਜਬਲ ਨੇ ਦਸਿਆ ਕਿ ਇਹ ਜੰਗਬੰਦੀ ਰਾਜਧਾਨੀ ਕੀਵ, ਦਖਣੀ ਬੰਦਰਗਾਹ ਸ਼ਹਿਰ ਮਾਰੀਊਪੋਲ, ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਅਤੇ ਸੂਮੀ 'ਚੋਂ ਨਾਗਰਿਕਾਂ ਦੀ ਨਿਕਾਸੀ ਲਈ ਐਲਾਨੀ ਗਈ ਹੈ | ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜੰਗਬਦੀ ਕਦੋਂ ਤਕ ਲਾਗੂ ਰਹੇਗੀ | ਜੰਗਬੰਦੀ ਦਾ ਐਲਾਨ ਮਾਰੀਊਪੋਲ 'ਚੋਂ ਨਾਗਰਿਕਾਂ ਨੂੰ ਕੱਢਣ ਦੀਆਂ ਦੋ ਅਸਫ਼ਲ ਕੋਸ਼ਿਸ਼ਾਂ ਵਿਚਾਲੇ ਹੋਈ ਹੈ |
ਰੂਸੀ ਕਾਰਜਬਲ ਨੇ ਦਸਿਆ ਕਿ ਜੰਗਬੰਦੀ ਅਤੇ ਨਿਕਾਸੀ ਲਾਂਘੇ ਖੋਲ੍ਹਣ ਦਾ ਐਲਾਨ ਫ਼ਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਂ ਦੀ ਬੇਨਤੀ 'ਤੇ ਕੀਤਾ ਗਿਆ ਹੈ | ਰੂਸੀ ਸੰਵਾਦ ਕਮੇਟੀ 'ਆਰਆਈਏ ਲੋਵੋਸਤੀ' ਵਲੋਂ ਰਖਿਆ ਮੰਤਰੀ ਦੇ ਹਵਾਲੇ ਨਾਲ ਪ੍ਰਕਾਸ਼ਤ
ਨਿਕਾਸੀ ਮਾਰਗਾਂ ਤੋਂ ਪਤਾ ਲੱਗਾ ਹੈ ਕਿ ਯੂਕਰੇਨੀ ਨਾਗਰਿਕ ਰੂਸ ਅਤੇ ਬੇਲਾਰੂਸ ਜਾ ਸਕਣਗੇ |
ਕਾਰਜਬਲ ਨੇ ਕਿਹਾ ਕਿ ਰੂਸੀ ਫ਼ੌਜ ਡਰੋਨ ਰਾਹੀਂ ਜੰਗਬੰਦੀ ਦੀ ਨਿਗਰਾਨੀ ਕਰੇਗੀ | ਦੂਜੇ ਪਾਸੇ ਯੂਕਰੇਨ ਨੇ ਕਿਹਾਕਿ ਰੂਸ ਨੇ ਰਿਹਾਇਸ਼ੀ ਇਲਾਕਿਆਂ
'ਤੇ ਹਮਲੇ ਤੇਜ਼ ਕਰ ਦਿਤੇ ਹਨ | ਦੇਸ਼ ਛੱਡਣ ਦੀ ਕੋਸ਼ਸ਼ ਕਰ ਰਹੇ ਯੂਕਰੇਨ ਦੇ ਹਜ਼ਾਰਾਂ ਨਾਗਰਿਕਾਂ ਨੂੰ ਰੂਸੀ ਬੰਬਾਰੀ ਵਿਚਾਲੇ ਸ਼ਰਣ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਯੂਕਰੇਨੀ ਅਧਿਕਾਰੀਆਂ ਨੇ ਕੀਵ ਦੇ ਉਪ-ਨਗਰਾਂ ਵਿਚ ਨਿਕਾਸੀ ਦੇ ਅਸਫ਼ਲ ਯਤਨਾਂ ਦੌਰਾਨ ਸਥਿਤੀ ਨੂੰ 'ਵਿਨਾਸ਼ਕਾਰੀ' ਦਸਿਆ | ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿਚ ਰੂਸ ਦੇ ਰਾਕੇਟ ਹਮਲੇ ਕੀਤੇ | ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਲੜਨ ਦਾ ਸੱਦਾ ਦਿੰਦੇ ਹੋਏ ਲੋਕਾਂ ਨੂੰ 'ਸਾਡੀ ਜ਼ਮੀਨ, ਸਾਡੇ ਸ਼ਹਿਰਾਂ 'ਚੋਂ ਦੁਸ਼ਮਣ ਨੂੰ ਭਜਾਉਣ' ਲਈ ਸੜਕਾਂ 'ਤੇ ਉਤਰਨ ਲਈ ਕਿਹਾ |
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਮਾਸਕੋ ਹਮਲੇ ਰੋਕ ਸਕਦਾ ਹੈ,''ਜੇਕਰ ਕੀਵ ਦੁਸ਼ਮਣੀ ਵਾਲੀ ਕਾਰਵਾਈ ਬੰਦ ਕਰ ਦੇਵੇ |'' ਰੂਸ ਦੇ ਹਮਲੇ ਤੇਜ਼ ਹੋਣ ਨਾਲ ਹੀ ਦਖਣੀ ਬੰਦਰਗਾਹ ਸ਼ਹਿਰ ਮਾਰੀਊਪੋਲ ਵਿਚ ਲੜਾਈ ਤੋਂ ਥੋੜ੍ਹੀ ਦੇਰ ਲਈ ਮਿਲੀ ਰਾਹਤ ਪਲਾਂ ਵਿਚ ਹੀ ਗ਼ਾਇਬ ਹੋ ਗਈ | ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਹੋਰ ਵੱਡੇ ਸ਼ਹਿਰਾਂ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਭਾਰੀ ਤੋਪਾਂ ਦਾਗ਼ੀਆਂ ਗਈਆਂ | (ਪੀਟੀਆਈ)
ਰੂਸ 'ਤੇ ਲੱਗੀਆਂ ਪਾਬੰਦੀਆਂ ਹੀ ਕਾਫ਼ੀ ਨਹੀਂ : ਜੇਲੇਂਸਕੀ
ਲੀਵ (ਯੂਕਰੇਨ), 7 ਮਾਰਚ : ਰੂਸੀ ਫ਼ੌਜ ਦੇ ਯੁਕਰੇਨ ਵਿਚ ਗੋਲਾਬਾਰੀ ਤੇਜ਼ ਕਰਨ ਵਿਚਾਲੇ ਯੁੱਧਗ੍ਰਸਤ ਦੇਸ਼ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਪਛਮੀ ਦੇਸ਼ਾਂ ਨੂੰ ਰੂਸ ਵਿਰੁਧ ਪਾਬੰਦੀਆਂ ਹੋਰ ਸਖ਼ਤ ਕਰਨ ਦੀ ਬੇਨਤੀ ਕੀਤੀ | ਜੇਲੇਂਸਕੀਨੇ ਰੂਸੀ ਰਖਿਆ ਮੰਤਰਾਲਾ ਦੇ ਐਲਾਨ ਦਾ ਜਵਾਬ ਨਾ ਦੇਣ ਲਈ ਇਕ ਵੀਡੀਉ ਸੰਦੇਸ਼ ਵਿਚ ਪਛਮੀ ਆਗੂਆਂ ਦੀ ਆਲੋਚਨਾ ਕੀਤੀ | ਰੂਸੀ ਰਖਿਆ ਮੰਤਰਾਲਾ ਨੇ ਕਿਹਾ ਹੈ ਕਿ ਉਹ ਯੂਕਰੇਨ ਦੇ ਫ਼ੌਜੀ-ਤਕਨੀਕੀ ਠਿਕਾਣਿਆਂ 'ਤੇ ਹਮਲਾ ਕਰੇਗਾ ਅਤੇ ਉਸ ਨੇ ਇਨ੍ਹਾਂ ਰਖਿਆ ਪਲਾਂਟਾਂ ਦੇ ਕਰਮਚਾਰੀਆਂ ਨੂੰ ਕੰਮ 'ਤੇ ਨਾ ਜਾਣ ਲਈ ਵੀ ਕਿਹਾ ਹੈ | ਜੇਲੇਂਸਕੀ ਨੇ ਕਿਹਾ,''ਮੈਂ ਇਕ ਵੀ ਆਲਮੀ ਆਗੂ ਦੀ ਇਸ ਉਤੇ ਕੋਈ ਪ੍ਰਤੀਕਿਰਿਆ ਨਹੀਂ ਸੁਣੀ | ਹਮਲਾ ਕਰਨ ਵਾਲੇ ਦਾ ਹੌਸਲਾ ਦਿਖਾਉਂਦਾ ਹੈ ਕਿ ਉਸ ਉਤੇ ਮੌਜੂਦਾ ਪਾਬੰਦੀਆਂ ਹੀ ਕਾਫ਼ੀ ਨਹੀਂ ਹਨ |'' ਉਨ੍ਹਾਂ ਕਿਹਾ,''ਕਬਜ਼ਾ ਕਰਨ ਵਾਲਿਆਂ ਦੀ ਹਿੰਮਤ ਦੇਖੋ, ਜੋ ਇਸ ਤਰ੍ਹਾਂ ਦੇ ਫ਼ੌਜੀ-ਤਕਨੀਕੀ ਠਿਕਾਣਿਆਂ 'ਤੇ ਸਟੀਕ ਹਥਿਆਰਾਂ ਨਾਲ ਤੈਅਸ਼ੁਦਾ ਜ਼ੁਲਮਾਂ ਦਾ ਐਲਾਨ ਕਰ ਸਕਦਾ ਹੈ |'' (ਪੀਟੀਆਈ)