
ਸਰਪੰਚਾਂ ਨੂੰ ਸਮਾਜ ’ਚ ਆਈ ਨਜਾਇਜ਼ ਸਬੰਧਾਂ ਦੀ ਕੁਰੀਤੀ ਖ਼ਤਮ ਦਾ ਦਿਤਾ ਹੋਕਾ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਸਮਾਜ ਸੁਧਾਰਕ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ ਅਖੌਤੀ ਵੈਦਾਂ ਵਲੋਂ ਸੋਸ਼ਲ ਮੀਡੀਆ ’ਤੇ ਮਰਦਾਨਾ ਤਾਕਤ ਦੀਆਂ ਦਵਾਈਆਂ ਦੇ ਪ੍ਰਚਾਰ ਲਈ ਵਰਤੀ ਜਾ ਰਹੀ ਇਤਰਾਜ਼ਯੋਗ ਅਤੇ ਭੜਕਾਊ ਸਮੱਗਰੀ ਕਾਰਨ ਨਾਬਾਲਗ ਬੱਚਿਆਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਇਸ ਨਾਲ ਪੰਜਾਬ ਵਿਚ ਕਾਮ ਰੂਪੀ ਸੱਤਵਾਂ ਦਰਿਆ ਵਗਣ ਲੱਗਾ ਹੈ।
ਉਨ੍ਹਾਂ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਕਿ ਉਕਤ ਖਤਰਨਾਕ ਤੇ ਹੈਰਾਨ ਕਰਨ ਵਾਲਾ ਤੱਥ ਉਸ ਵੇਲੇ ਸਾਹਮਣੇ ਆਇਆ, ਜਦੋਂ ਉਨ੍ਹਾਂ ਕੋਲ ਇਕ ਪਰਵਾਰ ਅਪਣੀ ਸਮੱਸਿਆ ਲੈ ਕੇ ਆਇਆ ਕਿ ਉਨ੍ਹਾਂ ਦੇ ਨਾਬਾਲਗ਼ ਬੇਟਾ ਅਤੇ ਬੇਟੀ ਆਪਸ ਵਿਚ ਹੀ ਸਬੰਧ ਬਣਾਉਂਦੇ ਹਨ।
ਮਹਿਰੋਂ ਨੇ ਦਸਿਆ ਕਿ ਇਸ ਨਾਬਾਲਗ਼ ਮੁੰਡੇ ਕੋਲੋਂ ਪੁਛਗਿਛ ਕਰਨ ਤੋਂ ਪਤਾ ਲੱਗਿਆ ਕਿ ਉਸ ਨੇ ਸੋਸਲ ਮੀਡੀਆ ’ਤੇ ਇਕ ਵੈਦ ਵਲੋਂ ਮਰਦਾਨਾ ਤਾਕਤ ਵਧਾਉਣ ਲਈ ਦਵਾਈ ਦੀ ਪੋਸਟ ਵੇਖੀ, ਜਿਸ ਨਾਲ ਉਸ ਨੇ ਉਕਤ ਕਾਰਾ ਕੀਤਾ। ਮਹਿਰੋਂ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਪ੍ਰਚਾਰਕ ਸਮੱਗਰੀਆਂ ਵੇਖੀਆਂ, ਜਿਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਵੈਦ ਮਰਦਾਨਾ ਤਾਕਤ ਦੀਆਂ ਦਵਾਈਆਂ ਦੇ ਪ੍ਰਚਾਰ ਲਈ ਕਾਮੁਕ ਪ੍ਰਚਾਰ ਸਮੱਗਰੀ ਸੋਸ਼ਲ ਮੀਡੀਆ’ਤੇ ਪਾ ਰਹੇ ਹਨ, ਜਿਸ ਨਾਲ ਨਾਬਾਲਗ਼ ਅਜਿਹੇ ਗ਼ੈਰ ਸਮਾਜਕ ਸਬੰਧਾਂ ਵਲ ਤੁਰ ਪਏ ਹਨ।
ਉਨ੍ਹਾਂ ਕਿਹਾ ਕਿ ਗ਼ੈਰ ਸਮਾਜਕ ਸਬੰਧਾਂ ਵਾਲੇ ਕਈ ਹੋਰ ਮਾਮਲੇ ਵੀ ਲੋਕਾਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ ਹਨ। ਮਹਿਰੋਂ ਨੇ ਕਿਹਾ ਕਿ ਅਜਿਹੇ ਸ਼ਰਮਨਾਕ ਮਾਮਲਿਆਂ ਕਰ ਕੇ ਪੰਜਾਬ ਦਾ ਸਮਾਜਕ ਤਾਣਾਬਾਣਾ ਵਿਗੜ ਰਿਹਾ ਹੈ ਅਤੇ ਇਸ ਕਾਮ ਰੂਪੀ ਦਰਿਆ ਨੂੰ ਰੋਕਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਕਾਮੁਕ ਪ੍ਰਚਾਰ ਦਾ ਕੰਮ ਕਰ ਰਹੀ ਇਕ ਕੁੜੀ ਨੂੰ ਉਨ੍ਹਾਂ ਸਮਝਾਇਆ ਵੀ ਪਰ ਉਹ ਬਾਅਦ ਵਿਚ ਸੁੱਟਣ ਤੋਂ ਮੁਕਰ ਗਈ। ਮਹਿਰੋਂ ਨੇ ਕਿਹਾ ਕਿ ਸਰਕਾਰ ਇਕ ਮਹੀਨੇ ਵਿਚ ਸੋਸਲ ਮੀਡੀਆ ’ਤੇ ਅਜਿਹੀ ਭੜਕਾਊ ਤੇ ਕਾਮੁਕ ਸਮੱਗਰੀ ਪਾਉਣ ਵਾਲੇ ਵੈਦਾਂ ਵਿਰੁਧ ਕਾਰਵਾਈ ਕਰੇ ਨਹੀਂ ਤਾਂ ਉਹ ਪਿੰਡਾਂ ਵਿਚ ਸਰਪੰਚਾਂ ਨਾਲ ਸੰਪਰਕ ਕਰ ਕੇ ਉਕਤ ਵਿਕਾਰ ਵਿਰੁਧ ਲਾਮਬੰਦੀ ਕਰਨਗੇ ਅਤੇ ਅਜਿਹੇ ਵੈਦਾਂ ਨੂੰ ‘ਸਬਕ ਸਿਖਾਉਣਗੇ’।