
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਦਸਣਗੇ ਕਿ ਉਹ ਸਿੱਧੂ ਵਿਰੁਧ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ?
ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕੀਤੇ ਇਕਬਾਲ-ਏ-ਕਤਲ ਸਬੰਧੀ ਉਠੇ ਵਿਵਾਦ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਧਾਰੀ ਸੋਚੀ-ਸਮਝੀ ਚੁੱਪੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਕ ਕਾਤਲ ਨੂੰ 'ਕਾਨੂੰਨਦਾਨ' ਦੀ ਕੁਰਸੀ 'ਤੇ ਬਿਠਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ ਅਤੇ ਨਵਜੋਤ ਸਿੱਧੂ ਨੂੰ ਤੁਰਤ ਮੰਤਰੀ ਮੰਡਲ 'ਚੋਂ ਬਰਖ਼ਾਸਤ ਕੀਤਾ ਜਾਵੇ।
ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਲੋਕ ਸਭਾ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਖ਼ਾਸ ਕਰ ਕੇ ਰਾਹੁਲ ਗਾਂਧੀ ਜਨਤਕ ਜੀਵਨ ਵਿਚ ਨੈਤਿਕਤਾ ਅਤੇ ਅਸੂਲਾਂ ਦੀਆਂ ਗੱਲਾਂ ਕਰਨ ਦੇ ਬਹੁਤ ਸ਼ੌਕੀਨ ਹਨ। ਕੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਦਸਣਗੇ ਕਿ ਉਹ ਸਿੱਧੂ ਵਿਰੁਧ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ?
Navjot Singh Sidhu
ਉਨ੍ਹਾਂ ਕਿਹਾ ਕਿ ਕੀ ਰਾਹੁਲ ਗਾਂਧੀ ਇਕ ਕਾਤਲ ਨੂੰ ਕਾਨੂੰਨਦਾਨ ਦੀ ਕੁਰਸੀ 'ਤੇ ਬਿਠਾਈ ਰੱਖਣ ਦੇ ਹੱਕ ਵਿਚ ਹਨ? ਕੀ ਉਹ ਰਾਜਨੀਤੀ ਅੰਦਰ ਅਜਿਹੀਆਂ ਨਵੀਆਂ ਪਿਰਤਾਂ ਪਾਉਣੀਆਂ ਚਾਹੁੰਦੇ ਹਨ, ਜਿਨ੍ਹਾਂ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲੱਗਣ? ਕੈਪਟਨ ਵੀ ਅਕਸਰ ਸਾਫ਼ ਸੁਥਰੀ ਰਾਜਨੀਤੀ ਦੀਆਂ ਗੱਲ ਕਰਦੇ ਹਨ। ਕੀ ਉਹ ਪੰਜਾਬੀਆਂ ਨੂੰ ਦਸਣਗੇ ਕਿ ਉਨ੍ਹਾਂ ਨੇ ਮੰਤਰੀ ਮੰਡਲ ਵਿਚ ਸਿੱਧੂ ਵਰਗੇ ਦਾਗੀ ਨੂੰ ਕਿਉਂ ਬਿਠਾ ਰਖਿਆ ਹੈ? ਉਹ ਸਿੱਧੂ ਨੂੰ ਕੈਬਨਿਟ ਵਿਚੋਂ ਬਾਹਰ ਕਿਉਂ ਨਹੀਂ ਕਰਦੇ? 'ਆਪ' ਵਲੋਂ ਸਿੱਧੂ ਕਾਂਡ 'ਤੇ ਧਾਰੀ ਚੁੱਪੀ ਨੂੰ ਇਕ ਗਹਿਰੀ ਚਾਲ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਦੋਵੇਂ ਬੈਂਸ ਭਰਾ ਨਵਜੋਤ ਸਿੱਧੂ ਵਿਰੁਧ ਇਸ ਲਈ ਜ਼ੁਬਾਨ ਨਹੀਂ ਖੋਲ੍ਹ ਰਹੇ ਕਿਉਂਕਿ ਉਹ ਸਿੱਧੂ ਨੂੰ ਅਪਣੇ ਸੰਭਾਵੀ ਗਠਜੋੜ ਦੇ ਭਾਈਵਾਲ ਵਜੋਂ ਵੇਖਦੇ ਹਨ।