
ਪਰਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ
ਅੰਮ੍ਰਿਤਸਰ (ਅਰਵਿੰਦਰ ਵੜੈਚ, ਸੁਖਵਿੰਦਰਜੀਤ ਸਿੰਘ ਬਹੋੜੂ) : ਨਗਰ ਨਿਗਮ ਦੇ ਸਾਬਕਾ ਸੀਨੀਅਰ ਇੰਜੀਨੀਅਰ ਜਸਵਿੰਦਰ ਸਿੰਘ, ਜਿਨ੍ਹਾਂ ਦੀ ਬੀਤੇ ਦਿਨੀ ਸ਼ਹਿਰ ਦੇ ਇਕ ਨਿਜੀ ਹਸਪਤਾਲ ਵਿਚ ਕੋਰੋਨਾ ਵਾਇਰਸ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ, ਦੇ ਪਰਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਵੀ ਲੈਣ ਤੋਂ ਇਨਕਾਰ ਕਰ ਦਿਤਾ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ਉਤੇ ਐਸ.ਡੀ.ਐਮ. ਵਿਕਾਸ ਹੀਰਾ, ਏ.ਸੀ.ਪੀ ਜਸਪ੍ਰੀਤ ਸਿੰਘ, ਤਹਿਸੀਲਦਾਰ ਅਰਚਨਾ, ਐਸ.ਐਚ.ਓ. ਗੁਰਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਬਾਬਾ ਸ਼ਹੀਦਾਂ ਸਮਸ਼ਾਨ ਘਾਟ ਵਿਚ ਅੱਜ ਸਵੇਰੇ ਧਾਰਮਕ ਰਸਮਾਂ ਨਾਲ ਜਸਵਿੰਦਰ ਸਿੰਘ ਦਾ ਅੰਤਮ ਸਸਕਾਰ ਆਪ ਮੌਕੇ ਉਤੇ ਜਾ ਕੇ ਕਰਵਾਇਆ।
ਇਸ ਮੌਕੇ ਪਟਵਾਰੀਆਂ ਤੇ ਅੰਮ੍ਰਿਤਸਰ ਮਿਊਂਸੀਪਲ ਦੇ ਕਰਮਚਾਰੀਆਂ ਵਲੋਂ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ ਲਾਂਬੂ ਲਗਾਉਣ ਤਕ ਦੀ ਸਾਰੀ ਰਸਮ ਨਿਭਾਈ ਗਈ। ਅਰਦਾਸ ਲਈ ਗ੍ਰੰਥੀ ਸਿੰਘ ਦਾ ਪ੍ਰਬੰਧ ਵੀ ਤਹਿਸੀਲਦਾਰ ਅਰਚਨਾ ਵਲੋਂ ਗੁਰਦੁਆਰਾ ਸਾਹਿਬ ਤੋਂ ਕਰਵਾਇਆ ਗਿਆ। ਵਿਕਾਸ ਹੀਰਾ ਐਸ.ਡੀ.ਐਮ ਅੰਮ੍ਰਿਤਸਰ ਇਕ ਨੇ ਦਸਿਆ ਕਿ ਪਹਿਲਾਂ ਹਸਪਤਾਲ ਅਤੇ ਫਿਰ ਅਸੀਂ ਪਰਵਾਰ ਨਾਲ ਮ੍ਰਿਤਕ ਦੇਹ ਲੈਣ ਲਈ ਰਾਬਤਾ ਕੀਤਾ ਸੀ, ਪਰ ਉਨ੍ਹਾਂ ਵਲੋਂ ਹਾਂ ਵਿਚ ਜਵਾਬ ਨਹੀਂ ਮਿਲਿਆ।
ਉਨ੍ਹਾਂ ਦਸਿਆ ਕਿ ਅਸੀਂ ਪਰਿਵਾਰ ਵਾਸਤੇ ਸਾਰੇ ਸੁਰੱਖਿਆ ਪ੍ਰਬੰਧ ਜਿਸ ਵਿਚ ਕਿੱਟਾਂ, ਮਾਸਕ, ਦਸਤਾਨੇ, ਸੈਨਟਾਈਜ਼ਰ ਆਦਿ ਸ਼ਾਮਲ ਸਨ, ਦਾ ਪ੍ਰਬੰਧ ਵੀ ਕੀਤਾ ਸੀ, ਤਾਂ ਕਿ ਕਿਸੇ ਨੂੰ ਕੋਈ ਖ਼ਤਰਾ ਨਾ ਹੋਵੇ, ਪਰ ਪਰਿਵਾਰ ਨੇ ਹਾਂ ਹੀ ਨਹੀਂ ਕੀਤੀ। ਉਨਾਂ ਦੱਸਿਆ ਕਿ ਜਸਵਿੰਦਰ ਸਿੰਘ ਜੋ ਕਿ ਉਚੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ, ਦੀ ਬੇਟੀ ਵੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਨੇ ਵੀ ਮ੍ਰਿਤਕ ਦੇਹ ਲੈਣ ਲਈ ਹੁੰਗਾਰਾ ਤਕ ਨਹੀਂ ਭਰਿਆ ਅਤੇ ਇਥੋਂ ਤਕ ਕਿ ਪਰਵਾਰ ਦਾ ਕੋਈ ਵੀ ਮੈਂਬਰ ਸਮਸ਼ਾਨਘਾਟ ਤਕ ਵੀ ਨਹੀਂ ਪੁੱਜਾ। ਸਿੱਟੇ ਵਜੋਂ ਪ੍ਰਸ਼ਾਸ਼ਨ ਵਲੋਂ ਗਈ ਸਮੁੱਚੀ ਟੀਮ ਨੇ ਅੰਤਮ ਰਸਮਾਂ ਪੂਰੀਆਂ ਕੀਤੀਆਂ।