
ਸੂਬੇ ਦੇ ਕੁੱਲ ਟੈਸਟਾਂ ਵਿਚੋਂ 25 ਫ਼ੀ ਸਦੀ ਟੈਸਟ ਮੋਹਾਲੀ ਜ਼ਿਲ੍ਹੇ ਚੋਂ ਹੋਏ
ਐਸ.ਏ.ਐਸ. ਨਗਰ, 7 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ) : ਪੰਜਾਬ ਭਰ ਵਿਚੋਂ ਕੋਰੋਨਾ ਵਾਇਰਸ ਪੀੜਤਾਂ ਦੀ ਜਾਂਚ ਲਈ ਇਕੱਤਰ ਕੀਤੇ ਗਏ 2368 ਸੈਂਪਲਾਂ ਵਿਚੋਂ ਤਕਰੀਬਨ 600 ਸੈਂਪਲ ਇਕੱਲੇ ਜ਼ਿਲ੍ਹਾ ਐਸ.ਏ.ਐਸ ਨਗਰ ਵਿਚੋਂ ਜਾਂਚ ਲਈ ਭੇਜੇ ਗਏ ਹਨ, ਜੋ ਕਿ 25 ਫੀਸਦੀ ਦੇ ਕਰੀਬ ਬਣਦੇ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਫੈਲਾਅ ਦੇ ਸਰੋਤਾਂ ਦਾ ਪਤਾ ਲਾਉਣ ਵਿਚ ਜੁਟ ਗਿਆ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਆਮ ਲੋਕਾਂ ਦਾ ਕੋਰੋਨਾ ਵਾਇਰਸ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਕਰ ਕੇ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਾਜੇਟਿਵ ਮਾਮਲਿਆਂ ਵਿਚ ਵਾਧਾ ਹੋਇਆ ਹੈ।
ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਸੰਭਾਵਤ ਪਾਜ਼ੇਟਿਵ ਆਏ ਵਿਅਕਤੀਆਂ ਦੇ ਵੱਖ-ਵੱਖ ਪੱਧਰਾਂ 'ਤੇ ਹੋਏ ਸੰਪਰਕਾਂ ਜਾਂ ਮੇਲ-ਜੋਲ ਦਾ ਪਤਾ ਲਗਾਉਣ ਲਈ ਕੰਮ ਕਰ ਰਿਹਾ ਹੈ।
ਉਨ੍ਹਾਂ ਦਸਿਆ ਕਿ ਜਿਹੜੇ ਅੱਜ ਜ਼ਿਲ੍ਹੇ ਦੇ ਪਿੰਡ ਜਵਾਹਰਪੁਰ ਤੋਂ 7 ਪਾਜੇਟਿਵ ਮਾਮਲੇ ਸਾਹਮਣੇ ਆਏ ਹਨ, ਉਹ ਵਿਅਕਤੀ ਜੀਐਮਸੀਐਚ -32 ਚੰਡੀਗੜ੍ਹ ਵਿਚਲੇ ਇਕ ਪਾਜੇਟਿਵ ਕੇਸ ਦੇ ਸੰਪਰਕ ਵਿਚ ਆਏ ਸਨ। ਸ੍ਰੀ ਦਿਆਲਨ ਇਹ ਵੀ ਕਿਹਾ ਕਿ ਪਾਜੇਟਿਵ ਪਾਏ ਗਏ ਲੋਕਾਂ ਦੇ ਅਗਲੇ ਸੰਪਰਕਾਂ ਦੇ ਕੁੱਲ 118 ਨਮੂਨੇ ਲਏ ਗਏ ਹਨ ਅਤੇ ਕੰਟੇਨਮੈਂਟ ਪ੍ਰੋਟੋਕੋਲ ਦੀ ਤੁਰੰਤ ਸ਼ੁਰੂਆਤ ਦੇ ਹਿੱਸੇ ਵਜੋਂ ਲੱਛਣਾਂ ਦੀ ਜਾਂਚ ਲਈ 522 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਾਰੇ ਪਿੰਡ ਨੂੰ ਪਹਿਲਾਂ ਹੀ ਸਾਵਧਾਨੀ ਦੇ ਤੌਰ 'ਤੇ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ੍ਰੀ ਦਿਆਲਨ ਨੇ ਦਸਿਆ ਕਿ ਜਵਾਹਰਪੁਰ ਪਿੰਡ ਦੇ ਸੈਨੇਟਾਈਜੇਸ਼ਨ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਦੇ ਲਈ 4 ਹਜਾਰ ਲੀਟਰ ਦੀ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਫਾਇਰ ਟੈਂਡਰ ਛਿੜਕਾਅ ਲਈ ਵਰਦਿਆ ਜਾ ਰਿਹਾ ਹੈ ਅਤੇ ਜੇ ਲੋੜ ਪਈ ਤਾਂ ਦੋ ਹੋਰ ਫਾਇਰ ਟੈਂਡਰ ਪਿੰਡ ਜਵਾਹਰਪੁਰ ਭੇਜੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਗਤਪੁਰਾ ਪਿੰਡ ਵਿਚ ਇਕ ਪਾਜੇਟਿਵ ਵਿਅਕਤੀ ਦੇ ਸੰਪਰਕ 'ਚ ਆਏ ਹੋਏ 55 ਹੋਰ ਵਿਅਕਤੀ ਲੱਭੇ ਗਏ ਹਨ ਅਤੇ ਇਨ੍ਹਾਂ ਦੀ ਡਾਕਟਰੀ ਜਾਂਚ ਲਈ ਸੈਂਪਲ ਵੀ ਲਏ ਗਏ ਹਨ। ਸ੍ਰੀ ਦਿਆਲਨ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਘਬਰਾਉਣ ਨਾ ਅਤੇ ਘਰਾਂ ਦੇ ਅੰਦਰ ਹੀ ਰਹਿਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਾਜੇਟਿਵ ਮਾਮਲਿਆਂ ਦਾ ਵਾਧਾ ਹੁਣ ਪਿੰਡਾਂ ਵਿਚੋਂ ਜ਼ਿਆਦਾ ਹੋ ਰਿਹਾ ਹੈ, ਜਦੋਂ ਕਿ ਸ਼ੁਰੂਆਤੀ ਮਾਮਲੇ ਮੋਹਾਲੀ ਸ਼ਹਿਰ ਵਿਚੋਂ ਆਏ ਸਨ।
Employee doing sanitization at village Jawaharpurਫੋਟੋ- ਐਸ.ਏ.ਐਸ ਸ਼ਾਨ 7-4, ਕੈਪਸ਼ਨ- ਪਿੰਡ ਜਵਾਹਰਪੁਰ ਵਿਖੇ ਸੈਨੇਟਾਈਜੇਸ਼ਨ ਕਰਦੇ ਹੋਏ ਕਰਮਚਾਰੀ।