
ਪੰਜਾਬ ਤੋਂ ਦੁੱਧ, ਅੰਡੇ ਅਤੇ ਮੁਰਗੇ-ਮੁਰਗੀਆਂ ਦੀ ਸਪਲਾਈ ਹੋਰਨਾਂ ਰਾਜਾਂ ਨੂੰ ਕੀਤੀ ਸ਼ੁਰੂ : ਤ੍ਰਿਪਤ ਬਾਜਵਾ
ਐਸ.ਏ.ਐਸ ਨਗਰ, 7 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ/ਸੁਖਦੀਪ ਸਿੰਘ ਸੋਈਂ) : ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਦੇ ਪਸ਼ੂ ਪਾਲਕਾਂ ਨੂੰ ਕੋਈ ਦਿਕਤ ਨਾ ਆਉਣ ਦੇਣ ਲਈ ਪੰਜਾਬ ਤੋਂ ਦੁੱਧ, ਅੰਡੇ ਅਤੇ ਮੁਰਗੇ-ਮੁਰਗੀਆਂ ਦੀ ਸਪਲਾਈ ਦਿੱਲੀ ਅਤੇ ਜੰਮੂ ਕਸ਼ਮੀਰ ਨੂੰ ਸ਼ੁਰੂ ਕਰ ਦਿਤੀ ਗਈ ਹੈ। ਸ੍ਰੀ ਬਾਜਵਾ ਨੇ ਇਹ ਜਾਣਕਾਰੀ ਮੋਹਾਲੀ ਸਥਿਤ ਵਿਭਾਗ ਦੇ ਮੁਖ ਦਫ਼ਤਰ ਵਿਖੇ ਉੱਚ ਅਧਿਕਾਰੀਆਂ ਨਾਲ ਕੀਤੀ ਇਕ ਮੀਟਿੰਗ ਤੋਂ ਬਾਅਦ ਦਿਤੀ।
ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਸੂਬੇ ਦੇ ਪਸ਼ੂ ਪਾਲਕਾਂ ਨੂੰ ਅਪਣੇ ਜਾਨਵਰਾਂ ਲਈ ਖੁਰਾਕ ਅਤੇ ਇਲਾਜ ਪੱਖੋਂ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿਤੀ ਜਾਵੇਗੀ ਅਤੇ ਸਾਰੇ ਪਸ਼ੂ ਹਸਪਤਾਲ ਖੁਲ੍ਹੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਲਈ ਡਾਕਟਰ 24 ਘੰਟੇ ਸੇਵਾਵਾਂ ਲਈ ਵੀ ਉਪਲੱਬਧ ਹੋਣ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਸ਼ੂ ਪਾਲਣ ਵਿਭਾਗ ਦੇ ਸੇਵਾ-ਮੁਕਤ ਡਾਕਟਰਾਂ ਅਤੇ ਇੰਸਪੈਕਟਰਾਂ ਨੂੰ ਵੀ ਕਰਫ਼ਿਊ ਪਾਸ ਬਣਵਾ ਕੇ ਦਿਤੇ ਜਾਣ ਤਾਂ ਜੋ ਪਸ਼ੂ ਪਾਲਕਾਂ ਦੇ ਦਰ 'ਤੇ ਜਾ ਕੇ ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿਤੀ ਜਾ ਸਕੇ।
ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੋਹਾਲੀ ਵਿਖੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
ਸ੍ਰੀ ਬਾਜਵਾ ਨੇ ਦਸਿਆ ਕਿ ਮੁਰਗੀ ਪਾਲਕਾਂ ਨੂੰ ਫ਼ੀਡ ਬਣਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਪਹਿਲੀ ਕਿਸ਼ਤ ਦੇ ਤੌਰ 'ਤੇ 3000 ਟਨ ਕਣਕ 1987 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੀ ਸਪਲਾਈ ਛੇਤੀ ਹੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿਤੀ ਕਿ ਮੱਛੀ ਪਾਲਕਾਂ ਨੂੰ ਲੋੜੀਂਦਾ ਮੱਛੀ ਪੂੰਗ ਸਮੇਂ ਸਿਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਅਪਣਾ ਧੰਦਾ ਜਾਰੀ ਰੱਖ ਸਕਣ। ਸ੍ਰੀ ਬਾਜਵਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੂੰਗ ਦੀ ਸਪਲਾਈ ਲਈ ਸਬੰਧੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕੀਤਾ ਜਾਵੇ।
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੰਤਰੀ ਨੂੰ ਦਸਿਆ ਕਿ ਮੱਛੀ ਪਾਲਕਾਂ ਨੂੰ ਸਪਲਾਈ ਲਈ ਲੋੜੀਂਦਾ ਪੂੰਗ ਵਿਭਾਗ ਦੇ ਮੱਛੀ ਫ਼ਾਰਮਾਂ 'ਤੇ ਉਪਲੱਬਧ ਹੈ, ਜਿਸ ਦੀ ਸਪਲਾਈ ਟ੍ਰਾਂਸਪੋਰਟ ਦਾ ਪ੍ਰਬੰਧ ਕਰ ਕੇ ਮੱਛੀ ਪਾਲਕਾਂ ਨੂੰ ਉਨ੍ਹਾਂ ਦੇ ਫ਼ਾਰਮਾਂ 'ਤੇ ਹੀ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ, ਇੰਸਪੈਕਟਰਾਂ ਅਤੇ ਫ਼ੀਲਡ ਸਟਾਫ਼ ਲਈ ਸਿਹਤ ਅਤੇ ਪੁਲਿਸ ਵਿਭਾਗ ਦੀ ਤਰਜ 'ਤੇ 50 ਲੱਖ ਰੁਪਏ ਦਾ ਬੀਮਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।