
'ਇਸ ਵੇਲੇ ਤਾਂ ਅਸੀਂ ਸਿਰਫ਼ ਅਪਣੇ ਲੋਕਾਂ ਨੂੰ ਸੁਰੱਖਿਅਤ ਰਖਣ ਨੂੰ ਪਹਿਲ ਦੇਣਾ ਚਾਹੁੰਦੇ ਹਾਂ'
ਕੋਰੋਨਾ ਮਹਾਂਮਾਰੀ ਸਾਡੇ 'ਤੇ ਇਕ ਜੰਗ ਵਾਂਗ ਆਈ ਹੈ। ਉਸ ਨਾਲ ਲੜਨ ਵਾਸਤੇ ਪੰਜਾਬ ਪੂਰੇ ਦੇਸ਼ 'ਚੋਂ ਅੱਗ ਹੈ। ਭਾਵੇਂ ਗੱਲ ਰਹੀ ਹੋਵੇ ਵਿਦੇਸ਼ਾਂ ਤੋਂ ਆਏ ਯਾਤਰੀਆਂ ਦੀ ਜਾਂਚ ਕਰਨ ਦੀ, ਉਨ੍ਹਾਂ ਦੀ ਪਛਾਣ ਕਰਨ ਦੀ ਜਾਂ ਪੰਜਾਬ 'ਚ ਕਰਫ਼ੀਊ ਲਾਉਣ ਦੀ ਹੋਵੇ ਜਾਂ ਸਾਡੇ ਪਰਵਾਸੀ ਮਜ਼ਦੂਰਾਂ ਦਾ ਖ਼ਿਆਲ ਰੱਖਣ ਦੀ ਗੱਲ ਹੋਵੇ, ਪੰਜਾਬ ਹਮੇਸ਼ਾ ਅੱਗੇ ਰਿਹਾ ਹੈ। ਉਹ ਅੱਗੇ ਰਿਹਾ ਹੈ ਕਿਉਂਕਿ ਉਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ, ਜੋ ਕਿ ਇਕ ਸਾਬਕਾ ਫ਼ੌਜੀ ਹਨ, ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਟੀ.ਵੀ. ਵਲੋਂ ਰੋਜ਼ਾਨਾ ਸਪੋਕਸਮੈਨ ਦੇ ਮੈਨਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ ਕਿ ਉਹ ਹੁਣ ਤਕ ਸਾਨੂੰ ਇਥੇ ਤਕ ਲੈ ਕੇ ਆਏ ਹਨ ਪਰ ਅੱਗੇ ਪੰਜਾਬ ਇਸ ਮਹਾਂਮਾਰੀ ਨਾਲ ਕਿਸ ਤਰ੍ਹਾਂ ਜੂਝੇਗਾ ਅਤੇ ਇਸ ਤੋਂ ਬਾਹਰ ਕਿਸ ਤਰ੍ਹਾਂ ਨਿਕਲੇਗਾ? ਪੇਸ਼ ਹਨ ਸਵਾਲ ਜਵਾਬ ਦੇ ਕੁੱਲ ਅੰਸ਼
ਸਵਾਲ: ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧਨਵਾਦ। ਉਮੀਦ ਕਰਦੀ ਹਾਂ ਕਿ ਤੁਸੀਂ ਅਪਣਾ ਵੀ ਖ਼ਿਆਲ ਰੱਖ ਰਹੇ ਹੋਵੋਗੇ, ਜਿਵੇਂ ਬੋਰਿਸ ਜੋਨਸਨ ਇਸ ਬਿਮਾਰੀ ਦੇ ਸ਼ਿਕਾਰ ਹੋ ਗਏ ਅਤੇ ਪੂਰਾ ਇੰਗਲੈਂਡ ਘਬਰਾਇਆ ਹੋਇਆ ਹੈ। ਸੋ ਤੁਹਾਡਾ ਸਿਹਤਮੰਦ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੈ।
ਜਵਾਬ: ਨਹੀਂ, ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਸੱਭ ਠੀਕ ਹੀ ਹੈ।
ਸਵਾਲ: ਅਜੀਬ ਇਤਫ਼ਾਕ ਦੀ ਗੱਲ ਹੈ ਕਿ ਜਦੋਂ ਵੀ ਪੰਜਾਬ 'ਤੇ ਕੋਈ ਵੱਡੀ ਚੁਨੌਤੀ ਆਉਣੀ ਹੁੰਦੀ ਹੈ, ਜਿਵੇਂ ਪੰਜਾਬ ਦੇ ਪਾਣੀਆਂ ਦੀ ਲੜਾਈ ਆਉਣੀ ਸੀ ਤਾਂ ਤੁਸੀਂ ਮੁੱਖ ਮੰਤਰੀ ਸੀ। ਇਸ ਵਾਰੀ ਤੁਸੀਂ ਸਰਕਾਰ ਬਣਾਈ ਤਾਂ ਨਸ਼ਿਆਂ ਵਿਰੁਧ ਲੜਨ ਵਾਸਤੇ ਸੀ ਪਰ ਤੁਹਾਡੇ ਸਿਰ 'ਤੇ ਏਨੀ ਵੱਡੀ ਚੁਨੌਤੀ ਆ ਗਈ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ: ਇਹ ਬਿਮਾਰੀ ਤਾਂ ਪੂਰੀ ਦੁਨੀਆਂ 'ਤੇ ਹੀ ਆ ਗਈ ਹੋਈ ਹੈ। ਦੁਨੀਆਂ ਦਾ ਛੋਟੇ ਤੋਂ ਛੋਟਾ ਦੇਸ਼ ਵੀ ਇਸ ਤੋਂ ਅੱਜ ਬਚਿਆ ਨਹੀਂ ਰਹਿ ਸਕਿਆ ਹੈ ਇਹ ਬਿਲਕੁਲ ਨਵੀਂ ਚੁਨੌਤੀ ਹੈ ਅਤੇ ਅੱਗੇ ਕੀ ਹੋਵੇਗਾ ਇਹ ਤਾਂ ਸਮਾਂ ਹੀ ਦਸੇਗਾ। ਇਸ ਵੇਲੇ ਤਾਂ ਅਸੀਂ ਅਪਣੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੁਰੱਖਿਅਤ ਰਖਣਾ ਚਾਹੁੰਦੇ ਹਾਂ। ਇਸੇ ਲਈ ਅਸੀਂ ਸਾਰੇ ਕਦਮ ਚੁੱਕੇ ਹਨ ਜੋ ਤੁਸੀਂ ਵੇਖ ਰਹੇ ਹੋ। ਮੈਨੂੰ ਲਗਦਾ ਹੈ ਕਿ ਲੋਕਾਂ ਨੇ ਸਾਨੂੰ ਬਹੁਤ ਮਦਦ ਦੀਤੀ ਹੈ।
ਸਵਾਲ: ਤੁਸੀਂ ਇਹ ਕਿਹਾ ਸੀ ਕਿ ਕੁੱਝ ਲੋਕ ਰਹਿ ਗਏ ਸਨ ਜੋ ਦਿੱਲੀ ਦੇ ਨਿਜ਼ਾਮੂਦੀਨ ਗਏ ਸਨ, ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਹਿੱਸਾ ਲੈਣ। ਉਨ੍ਹਾਂ ਨੂੰ ਤੁਸੀਂ ਸੱਦਾ ਦਿਤਾ ਹੈ ਕਿ ਉਹ ਆ ਕੇ ਅਪਣੀ ਜਾਂਚ ਕਰਵਾਉਣ।
ਜਵਾਬ: ਇਨ੍ਹਾਂ 'ਚ ਦੋ ਕਿਸਮ ਦੇ ਲੋਕ ਸਨ। ਇਕ ਤਾਂ ਜੋ ਜਮਾਤ ਦੇ 2 ਹਜ਼ਾਰ ਲੋਕ ਗਏ ਸਨ ਉਨ੍ਹਾਂ 'ਚੋਂ 9 ਪੰਜਾਬੀ ਸਨ। ਉਨ੍ਹਾਂ ਨੂੰ ਤਾਂ ਦਿੱਲੀ ਪੁਲਿਸ ਨੇ ਉਥੇ ਹੀ ਰੱਖ ਲਿਆ ਹੈ ਏਕਾਂਤਵਾਸ 'ਚ। ਦੂਜੇ ਜੋ ਜਨਵਰੀ-ਫ਼ਰਵਰੀ 'ਚ ਪੰਜਾਬ 'ਚ 200 ਦੇ ਕਰੀਬ ਲੋਕ ਆਏ ਸਨ ਉਨ੍ਹਾਂ ਦੇ ਖ਼ੂਨ ਦੀ ਜਾਂਚ ਹੋ ਰਹੀ ਹੈ। ਇਨ੍ਹਾਂ 'ਚੋਂ 140 ਦੇ ਲਗਭਗ ਲੋਕਾਂ ਦੀ ਜਾਂਚ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ ਹਨ। ਪਿੱਛੇ ਜਿਹੇ ਜੋ ਮਾਨਸਾ ਦੇ ਕੇਸ ਸਾਹਮਣੇ ਆਏ ਹਨ ਉਹ ਦੋਵੇਂ ਨਿਜ਼ਾਮੂਦੀਨ ਦੇ ਸਨ। ਇਹ ਅਜਿਹੀ ਚੀਜ਼ ਹੈ ਜੋ ਅਸੀਂ ਪਹਿਲਾਂ ਹੀ ਕਾਬੂ ਕਰਨਾ ਚਾਹੁੰਦੇ ਸੀ। ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਰਾਜਸਥਾਨ ਦਾ ਇਕ ਵਿਅਕਤੀ ਓਮਾਨ ਤੋਂ ਆਇਆ ਸੀ ਜਿਸ ਨੇ 97 ਜਣਿਆਂ ਨਾਲ ਮਿਲ ਕੇ ਇਹ ਬਿਮਾਰੀ ਫੈਲਾ ਦਿਤੀ। ਇਸ ਲਈ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਅੱਗੇ ਆਉਣ ਤਾਂ ਜੋ ਅਸੀਂ ਉਨ੍ਹਾਂ ਦੀ ਜਾਂਚ ਕਰਵਾ ਸਕੀਏ। ਦੂਜਾ ਜੋ ਸਾਡੇ ਐਨ.ਆਰ.ਆਈ. ਆਏ ਹਨ ਉਨ੍ਹਾਂ ਦੀ ਵੀ ਜਾਂਚ ਹੋਣੀ ਜ਼ਰੂਰੀ ਹੈ ਭਾਵੇਂ ਇਨ੍ਹਾਂ 'ਚੋਂ ਜ਼ਿਆਦਾਤਰ ਹੁਣ ਤਕ ਏਕਾਂਤਵਾਸ 'ਚ ਰਹਿ ਕੇ ਬਾਹਰ ਨਿਕਲ ਆਏ ਹਨ। ਪਰ ਤਬਲੀਗੀ ਜਮਾਤ ਨਾਲ ਸਬੰਧਤ ਕੇਸਾਂ 'ਚ ਪਹਿਲਾਂ ਤਾਂ ਅਸੀਂ ਅਪੀਲ ਕਰਾਂਗੇ ਪਰ ਬਾਅਦ 'ਚ ਸਖ਼ਤੀ ਕਰਨੀ ਜ਼ਰੂਰ ਬਣ ਜਾਵੇਗੀ।
ਸਵਾਲ: ਇਸ ਨਾਲ ਜੋ ਡਰ ਦਾ ਮਾਹੌਲ ਬਣ ਰਿਹਾ ਹੈ, ਜਿਵੇਂ ਅਸੀਂ ਵੇਖਿਆ ਕਿ ਹਿਮਾਚਲ ਪ੍ਰਦੇਸ਼ ਦੇ ਇਕ ਨੌਜੁਆਨ ਨੇ ਖ਼ੁਦਕੁਸ਼ੀ ਕਰ ਲਈ ਹੈ ਕਿਉਂਕਿ ਉਹ ਨਿਜ਼ਾਮੂਦੀਨ ਤੋਂ ਆਇਆ ਸੀ ਅਤੇ ਲੋਕਾਂ ਨੇ ਉਸ ਨੂੰ ਬਹੁਤ ਤੰਗ ਕੀਤਾ, ਭਾਵੇਂ ਉਸ ਦਾ ਟੈਸਟ ਨੈਗੇਟਿਵ ਆਇਆ ਸੀ। ਇਸ ਡਰ ਬੈਠਣ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ: ਡਰ ਤਾਂ ਹੈ ਪਰ ਮੈਨੂੰ ਪਤਾ ਨਹੀਂ ਲਗਦਾ ਕਿ ਨਿਜ਼ਾਮੂਦੀਨ ਘਟਨਾ ਹੋਣ ਹੀ ਕਿਉਂ ਦਿਤੀ ਗਈ। ਦਿੱਲੀ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਨਹੀਂ ਹੋਣ ਦੇਣਾ ਚਾਹੀਦਾ। ਸਾਰੇ ਦੇਸ਼ 'ਚ ਤਾਲਾਬੰਦੀ ਲੱਗੀ ਹੋਈ ਸੀ ਅਤੇ ਤੁਸੀਂ ਨਿਜ਼ਾਮੂਦੀਨ ਦੀ ਇਜਾਜ਼ਤ ਦੇ ਦਿਤੀ। ਇਹ ਬੁਰਾ ਹੋਇਆ।
ਸਵਾਲ: ਦਿੱਲੀ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਜਨੂ ਕਾ ਟੀਲਾ ਗੁਰਦਵਾਰੇ 'ਚ, ਜਿਥੇ ਪੰਜਾਬ ਦੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਸੀ, ਸ਼ਰਨ ਲੈ ਕੇ, ਕਿਉਂਕਿ ਬੱਸਾਂ ਬੰਦ ਹੋ ਗਈਆਂ ਸਨ। ਉਨ੍ਹਾਂ 'ਤੇ ਵੀ ਅਤੇ ਗੁਰਦਵਾਰੇ ਦੀ ਮੈਨੇਜਮੈਂਟ 'ਤੇ ਵੀ ਐਫ਼.ਆਈ.ਆਰ. ਦਰਜ ਹੋਈ ਹੈ ਕਿ ਇਕੱਠ ਕੀਤਾ ਗਿਆ, ਜਦਕਿ ਉਹ ਲੋਕ ਸ਼ਰਨ ਲੈ ਰਹੇ ਸਨ।
ਜਵਾਬ: ਇਸ ਗੱਲ ਤੋਂ ਮੈਂ ਬਿਲਕੁਲ ਸਹਿਮਤੀ ਨਹੀਂ ਰਖਦਾ। ਗੱਲ ਇਹ ਹੈ ਕਿ ਜੇਕਰ ਸਿੱਖਾਂ ਕੋਲ ਹੋਰ ਕੋਈ ਥਾਂ ਨਹੀਂ ਹੈ ਕਿਤੇ ਜਾਣ ਵਾਸਤੇ, ਅਤੇ ਉਹ ਇਸ ਸਮੱਸਿਆ 'ਚ ਫੱਸ ਗਏ ਹਨ ਤਾਂ ਉਹ ਹੋਰ ਕਿਥੇ ਜਾਣ? ਗੁਰਦਵਾਰੇ 'ਚ ਹੀ ਜਾਣਗੇ। ਇਹ ਤਾਂ ਸਾਡੀ ਪਰੰਪਰਾ ਅਤੇ ਇਤਿਹਾਸ ਹੈ। 1984 ਕਤਲੇਆਮ ਤੋਂ ਬਾਅਦ ਲੋਕ ਗੁਰਦਵਾਰਿਆਂ 'ਚ ਹੀ ਸ਼ਰਨ ਲੈਣ ਲਈ ਗਏ ਸਨ। ਜੇਕਰ ਇਨ੍ਹਾਂ 'ਤੇ ਕੋਈ ਐਫ਼.ਆਈ.ਆਰ. ਕੀਤੀ ਗਈ ਹੈ ਤਾਂ ਉਹ ਗ਼ਲਤ ਹੈ। ਇਸ ਨੂੰ ਰੱਦ ਕਰਨਾ ਚਾਹੀਦਾ ਹੈ।
ਸਵਾਲ: ਆਉਣ ਵਾਲਾ ਸਮਾਂ ਕਿਸਾਨਾਂ ਵਾਸਤੇ ਵੀ ਚੁਨੌਤੀ ਲੈ ਕੇ ਆ ਰਿਹਾ ਹੈ। ਕਣਕਾਂ ਦੀ ਵਾਢੀ ਹੋਣ ਵਾਲੀ ਹੈ। ਉਸ ਵਾਸਤੇ ਪੰਜਾਬ ਸਰਕਾਰ ਦੀਆਂ ਕੁੱਝ ਖ਼ਾਸ ਤਿਆਰੀਆਂ ਕੀਤੀਆਂ ਗਈਆਂ ਹਨ?
ਜਵਾਬ: ਇਸ ਬਾਰੇ ਅਸੀਂ ਅੱਜ ਸਵੇਰੇ ਹੀ ਯੋਜਨਾ ਮੁਕੰਮਲ ਕੀਤੀ ਹੈ। ਸਾਡੀਆਂ 3800 ਦੇ ਲਗਭਗ ਮੰਡੀਆਂ ਹਨ ਜਿਨ੍ਹਾਂ 'ਚ ਸਾਰਾ ਪ੍ਰਬੰਧ ਹੋ ਚੁੱਕਾ ਹੈ। ਅਸੀਂ ਇਕ ਦਾਨੀ ਵੀ ਕਿਸੇ ਕਿਸਾਨ ਦਾ ਨਹੀਂ ਛੱਡਾਂਗੇ ਅਤੇ ਉਸ ਦਾ ਰੁਪਈਆ-ਰੁਪਈਆ ਉਨ੍ਹਾਂ ਕੋਲ ਪਹੁੰਚੇਗਾ।
ਸਵਾਲ: ਤੁਸੀਂ ਅੱਜ ਬਿਜਲੀ ਦੇ ਬਿਲਾਂ ਵਿਚ ਕਟੌਤੀ ਕੀਤੀ ਹੈ। ਇਸ ਨਾਲ ਬਹੁਤ ਰਾਹਤ ਮਿਲੇਗੀ ਪਰ ਫਿਰ ਸਾਢੇ 300 ਕਰੋੜ ਦਾ ਭਾਰ ਹੈ ਉਹ ਬਿਜਲੀ ਵਿਭਾਗ ਨੂੰ ਚੁਕਣਾ ਪਵੇਗਾ।
ਜਵਾਬ: ਤੁਹਾਨੂੰ ਪਤਾ ਹੈ ਕਿ ਪੀ.ਐਸ.ਪੀ.ਸੀ.ਐਲ. ਤਨਖ਼ਾਹਾਂ ਵੀ ਨਹੀਂ ਦੇ ਸਕਦੀ। ਇਹ ਔਖੀ ਘੜੀ ਹੈ ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ। ਸਰਕਾਰ ਦੇ ਮੰਤਰੀਆਂ ਨੇ ਤਨਖ਼ਾਹ ਘੱਟ ਕੀਤੀ ਹੈ ਤੇ ਸਾਰੇ ਪੰਜਾਬ ਵਿਚ ਲੋਕ ਅਪਣੇ ਪੱਧਰ 'ਤੇ ਸਾਥ ਦੇ ਰਹੇ ਹਨ।
ਸਵਾਲ: ਪੰਜਾਬ ਵਿਚ ਨਸ਼ੇ ਦੀ ਸਪਲਾਈ ਇਸ ਸਮੇਂ ਰੁਕੀ ਹੋਈ ਹੈ। ਕੱਲ੍ਹ ਅੰਮ੍ਰਿਤਸਰ ਵਿਚ ਸਰਪੰਚ 'ਤੇ ਗੋਲੀ ਚੱਲੀ। ਇਹ ਸਪਲਾਈ ਜਿਹੜੀ ਰੁਕੀ ਹੈ। ਤੁਸੀਂ ਨਸ਼ਾ ਛੁਡਾਊ ਕੇਂਦਰਾਂ ਵਿਚ ਮੁਫ਼ਤ ਦਵਾਈਆਂ ਪਹੁੰਚਾ ਦਿਤੀਆਂ ਹਨ ਕੀ ਇਸ ਨੂੰ ਨਸ਼ੇ ਦੇ ਖਾਤਮੇ ਲਈ ਵਰਤਣ ਦੀ ਹੋਰ ਤਿਆਰੀ ਵੀ ਹੈ। ਕਿਉਂਕਿ ਨਸ਼ਾ ਤਸਕਰ ਘਬਰਾਹਟ ਵਿਚ ਕੋਈ ਹੋਰ ਕਦਮ ਜ਼ਰੂਰ ਚੁੱਕੇਗਾ?
ਜਵਾਬ: ਕੋਰੋਨਾ ਦਾ ਇਕੋ ਫਾਇਦਾ ਹੈ ਕਿ ਇਸ ਨਾਲ ਨਸ਼ੇ ਦੀ ਸਪਲਾਈ ਚੇਨ ਟੁੱਟ ਗਈ।
ਸਵਾਲ: ਇਕ ਫ਼ਾਇਦਾ ਹੋਰ ਹੋਇਆ ਹੈ, ਕੁਦਰਤ ਨੂੰ ਸਾਹ ਮਿਲਿਆ ਹੈ। ਹਰ ਵਾਰ ਦਿੱਲੀ ਸ਼ਿਕਾਇਤ ਕਰਦਾ ਹੈ ਕਿ ਉਥੇ ਪੰਜਾਬ ਤੋਂ ਪ੍ਰਦੂਸ਼ਣ ਆ ਰਿਹਾ ਹੈ ਹੁਣ ਦਿੱਲੀ ਅਪਣੀਆਂ ਗੱਡੀਆਂ ਰੁਕਣ ਕਰਕੇ ਸਾਫ਼ ਹੈ।
ਜਵਾਬ: ਗੱਲ ਸਹੀ ਹੈ। ਪ੍ਰਦੂਸ਼ਣ ਵਿਚ ਕਮੀ ਆਈ ਹੈ। ਇਕ ਫੋਟੋ ਵੀ ਵਾਇਰਲ ਹੋ ਰਹੀ ਸੀ ਕਿ ਜਲੰਧਰ ਤੋਂ ਪਹਾੜ ਦਿਸ ਰਹੇ ਹਨ। ਪ੍ਰਦੂਸ਼ਣ ਸਿਰਫ਼ ਪਰਾਲੀ ਸਾੜਨ ਨਾਲ ਨਹੀਂ ਹੁੰਦਾ, ਇਸ ਦਾ ਕਾਰਨ ਫ਼ੈਕਟਰੀਆਂ, ਇੰਡਸਟਰੀ, ਗੱਡੀਆਂ ਜਾਂ ਟਰੱਕ ਵੀ ਹਨ।
ਸਵਾਲ: ਸਾਡੇ ਦਰਸ਼ਕਾਂ ਵਲੋਂ ਵੀ ਸਵਾਲ ਪੁੱਛੇ ਜਾ ਰਹੇ ਹਨ। ਲੱਖਾ ਸਿਧਾਣਾ ਜੀ ਨੇ ਸਵਾਲ ਕੀਤਾ ਹੈ ਕਿ ਜੇਲ੍ਹ ਵਿਚ ਬੈਠੇ ਕੈਦੀ ਘਬਰਾਏ ਹੋਏ ਹਨ। ਪਹਿਲਾਂ ਵੀ ਕਦਮ ਚੁੱਕੇ ਗਏ ਹਨ। ਹੋਰ ਕੀ ਸੋਚਿਆ ਜਾ ਰਿਹਾ ਹੈ?
ਜਵਾਬ: ਭਾਰਤ ਸਰਕਾਰ ਨੇ ਇਕ ਆਦੇਸ਼ ਦਿਤਾ ਸੀ ਜਿਸ ਅਨੁਸਾਰ ਅਸੀਂ 7000 ਕੈਦੀ ਰਿਹਾਅ ਕਰ ਰਹੇ ਹਾਂ। ਅਸੀਂ ਜੇਲ੍ਹਾਂ ਵਿਚ ਵੀ ਸਮਾਜਕ ਦੂਰੀ ਰੱਖ ਰਹੇ ਹਾਂ ਅਤੇ ਡਾਕਟਰ ਵੀ ਪੂਰੀ ਨਿਗਰਾਨੀ ਰੱਖ ਰਹੇ ਹਨ।
ਸਵਾਲ: ਜਿਵੇਂ ਨੋਬਲ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦੀ ਪਤਨੀ ਨੇ ਕਿਹਾ ਹੈ ਕਿ ਪੂਰੇ ਭਾਰਤ ਅਤੇ ਪੰਜਾਬ 'ਚ ਏਨਾ ਅਨਾਜ ਪਿਆ ਹੈ, ਉਸ ਨੂੰ ਤਾਂ ਪਹਿਲਾਂ ਲੋਕਾਂ ਨੂੰ ਛੇ-ਛੇ ਮਹੀਨੇ ਦਾ ਅਨਾਜ ਵੰਡ ਦੇਣਾ ਚਾਹੀਦਾ ਹੈ ਤਾਕਿ ਕੋਈ ਘਬਰਾਏ ਨਾ। ਕੀ ਤੁਸੀਂ ਇਸ ਸੋਚ ਦੀ ਹਮਾਇਤ ਕਰਦੇ ਹੋ?
ਜਵਾਬ: ਮੈਂ ਤੁਹਾਡੇ ਨਾਲ 100 ਫ਼ੀ ਸਦੀ ਸਹਿਮਤ ਹਾਂ। ਸਾਡੇ ਕੋਲ ਪਿਛਲੇ ਸਾਲ ਦਾ ਝੋਨਾ ਪਿਆ ਹੋਇਆ ਹੈ। ਪਿਛਲੇ ਸਾਲ ਦੀ ਕਣਕ ਪਈ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰ ਰਿਹਾ ਸੀ ਕਿ ਸਾਡੀ ਨਵੀਂ ਫ਼ਸਲ ਆਉਣ ਵਾਲੀ ਹੈ ਪਹਿਲਾਂ ਨੂੰ ਚੁੱਕੋ। ਹੁਣ ਇਨ੍ਹਾਂ ਨੇ ਥੋੜ੍ਹੀ-ਬਹੁਤੀ ਚੁੱਕੀ ਹੈ। ਅਜੇ ਵੀ ਸਾਡੇ ਕੋਲ ਬਹੁਤੀ ਥਾਂ ਨਹੀਂ ਹੈ। ਸ਼ੈਲਰ ਵਗੈਰਾ 'ਚ ਥਾਂ ਬਣਾ ਕੇ ਉਥੇ ਕਣਕ ਰਖਣੀ ਪਵੇਗੀ। ਮੈਂ ਕਈ ਵਾਰੀ ਪ੍ਰਧਾਨ ਮੰਤਰੀ ਨੂੰ ਵੀ ਇਸ ਬਾਰੇ ਲਿਖ ਚੁੱਕਾ ਹਾਂ, ਕਈ ਵਾਰੀ ਖੁਰਾਕ ਮੰਤਰੀ ਨੂੰ ਮਿਲਿਆ ਹਾਂ। ਪਰ ਸਾਨੂੰ ਹੁਣ ਆਰਜ਼ੀ ਪ੍ਰਬੰਧ ਕਰਨੇ ਪੈਣਗੇ।
Captain Amarinder singh
ਸਵਾਲ: ਤਾਲਾਬੰਦੀ ਕਰ ਕੇ ਪ੍ਰਵਾਸੀ ਮਜ਼ਦੂਰਾਂ ਦਾ ਬਹੁਤ ਬੁਰਾ ਹਾਲ ਹੋਇਆ ਹੈ ਅਤੇ ਤੁਸੀਂ ਉਨ੍ਹਾਂ ਦੀ ਮਦਦ ਲਈ ਅੱਗੇ ਰਹੇ ਹੋ, ਪਰ ਕੀ ਸਾਡੇ ਕੋਲ ਕਣਕ ਚੁੱਕਣ ਲਈ ਮਜ਼ਦੂਰ ਹਨ?
ਜਵਾਬ: ਇਸ ਦੀ ਕੋਈ ਸਮੱਸਿਆ ਨਹੀਂ ਆਵੇਗੀ। ਅੱਜ ਲੁਧਿਆਣਾ 'ਚ ਦਸ ਲੱਖ ਮਜ਼ਦੂਰ ਬੈਠੇ ਹਨ। ਮੈਨੂੰ ਉਮੀਦ ਹੈ ਕਿ ਸਾਨੂੰ ਇਸ ਫ਼ਸਲ ਵਾਸਤੇ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ।
ਸਵਾਲ: ਅੱਜ ਉਦਯੋਗਪਤੀ ਬਹੁਤ ਘਬਰਾਇਆ ਹੋਇਆ ਹੈ ਕਿਉਂਕਿ ਪਹਿਲਾਂ ਵੀ ਆਰਥਕ ਸਥਿਤੀ ਏਨੀ ਠੀਕ ਨਹੀਂ ਸੀ ਤੇ ਹੁਣ ਦੇ ਹਾਲਾਤ ਨਾਲ ਉਹ ਹੋਰ ਘਬਰਾ ਰਹੇ ਹਨ। ਤੁਸੀਂ ਪਹਿਲਾਂ ਕੇਂਦਰ ਤੋਂ ਮਦਦ ਮੰਗੀ ਸੀ ਪਰ ਜੇਕਰ ਕੇਂਦਰ ਨੇ ਤੁਹਾਡੀ ਗੱਲ ਨਾ ਮੰਨੀ ਤਾਂ ਛੋਟੇ ਉਦਯੋਗ ਨੂੰ ਬਚਾਉਣ ਲਈ ਕੀ ਕੀਤਾ ਜਾਵੇਗਾ?
ਜਵਾਬ: ਮੈਨੂੰ ਇਹ ਆਪ ਨਹੀਂ ਪਤਾ ਕਿ ਕਿੱਧਰ ਨੂੰ ਇਹ ਬਿਮਾਰੀ ਜਾ ਰਹੀ ਹੈ। ਯੂ.ਕੇ. ਨੇ 6 ਮਹੀਨਿਆਂ ਦੀ ਤਾਲਾਬੰਦੀ ਕਰ ਦਿਤੀ ਹੈ। ਮੈਂ ਅੱਜ ਵੀ ਸਿਹਤ ਸਲਾਹਕਾਰਾਂ ਨਾਲ ਗੱਲ ਕੀਤੀ ਸੀ ਕਿ ਕਿੰਨੀ ਦੇਰ ਤਾਲਾਬੰਦੀ ਹੋ ਸਕਦੀ ਹੈ। ਜਦੋਂ ਵੀ ਇਸ ਬਿਮਾਰੀ ਦੇ ਖ਼ਤਮ ਹੋਣ ਬਾਰੇ ਕੋਈ ਜਾਣਕਾਰੀ ਮਿਲੇਗੀ ਤਾਂ ਉਸ ਅਨੁਸਾਰ ਇੰਡਸਟਰੀ ਚਾਲੂ ਕੀਤੀ ਜਾਵੇਗੀ। ਮੇਰੀ ਹਮਦਰਦੀ ਉਨ੍ਹਾਂ ਨਾਲ ਹੈ। ਅਸੀਂ ਕਈ ਲੋਕਾਂ ਨੂੰ ਤੋਂ ਸੁਝਾਅ ਲੈ ਰਹੇ ਹਾਂ।
ਸਪੋਕਸਮੈਨ ਵੈੱਬ ਟੀ.ਵੀ. 'ਤੇ ਲਾਈਵ ਹੋਈ ਇੰਟਰਵਿਊ 'ਚ ਦਰਸ਼ਕਾਂ ਦੇ ਪੁੱਛੇ ਸਵਾਲਾਂ ਦੇ ਵੀ ਮੁੱਖ ਮੰਤਰੀ ਨੇ ਦਿਤੇ ਜਵਾਬ
ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦਸਿਆ ਕਿ ਭਾਰਤ ਸਰਕਾਰ ਨੇ ਪੰਜਾਬ ਵਿਚ ਸਿਰਫ਼ ਦੋ ਸਰਕਾਰੀ ਮੈਡੀਕਲ ਕਾਲਜਾਂ ਵਿਚ ਹੀ ਕੋਰੋਨਾ ਵਾਇਰਸ ਟੈਸਟ ਦੀ ਮਨਜ਼ੂਰੀ ਦਿਤੀ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਪੀ.ਜੀ.ਆਈ. ਨੂੰ ਵੀ ਮਨਜ਼ੂਰੀ ਸੀ। ਹੁਣ ਫ਼ਰੀਦਕੋਟ ਦੇ ਹਸਪਤਾਲ ਵਿਚ ਵੀ ਇਹ ਸਹੂਲਤ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਲੁਧਿਆਣਾ ਵਿਖੇ ਦੋ ਪ੍ਰਾਈਵੇਟ ਹਸਪਤਾਲ ਵਿਚ ਵੀ ਇਸ ਦੀ ਮਨਜ਼ੂਰੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਛੋਟੇ ਟੈਸਟਾਂ ਲਈ ਵੀ ਆਰਡਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਹਰ ਜ਼ਿਲ੍ਹੇ ਵਿਚ ਟੈਸਟਿੰਗ ਲਈ ਕੀਤੀ ਜਾਵੇਗੀ।
ਹਜ਼ੂਰ ਸਾਹਿਬ ਵਿਖੇ ਫਸੀ ਹੋਈ ਸੰਗਤ ਨੂੰ ਲਿਆਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਗ੍ਰਹਿ ਮੰਤਰੀ ਨੂੰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਗੱਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਵੀ ਹੋ ਚੁੱਕੀ ਹੈ, ਉਹ ਸਾਡੇ ਨਾਲ ਸਹਿਯੋਗ ਦੇਣ ਲਈ ਤਿਆਰ ਹਨ। ਇਸ ਲਈ ਸਰਕਾਰੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਤੇ ਸਾਨੂੰ ਫ਼ਿਲਹਾਲ ਸਰਕਾਰੀ ਮਨਜ਼ੂਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੇ ਲਈ ਹੈਲੀਕਾਪਟਰ ਅਤੇ ਵਿਸ਼ੇਸ਼ ਰੇਲ ਗੱਡੀ ਦੀ ਸਹੂਲਤ ਦੇਣ ਲਈ ਤਿਆਰ ਹਨ।Nimrat kaur And captain Amarinder singh
ਅਫ਼ਗਾਨਿਸਤਾਨ ਵਿਚ ਹੋਏ ਸਿੱਖਾਂ ਦੇ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ ਉਹ ਇੱਥੇ ਆਉਣ ਤਾਂ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿਤੀ ਜਾਵੇਗੀ। ਜਦੋਂ ਵੀ ਉਹ ਇੱਥੇ ਆਉਣਗੇ ਤਾਂ ਅਸੀਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗੇ। ਅਸੀਂ ਉਨ੍ਹਾਂ ਨੂੰ ਹਰ ਪੱਖੋਂ ਅਪਣਾਵਾਂਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਸੁਨੇਹਾ ਦਿਤਾ ਕਿ ਦੁਨੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਜੰਗ ਹੋਵੇ, ਪੰਜਾਬੀ ਹਮੇਸ਼ਾ ਨੰਬਰ ਇਕ 'ਤੇ ਆਉਂਦੇ ਹਨ। ਜੇਕਰ ਅਸੀਂ ਇਸ ਬਿਮਾਰੀ ਦਾ ਵੀ ਸਹੀ ਤਰੀਕੇ ਨਾਲ ਸਾਹਮਣਾ ਕਰਾਂਗੇ ਤਾਂ ਚੜ੍ਹਦੀਕਲਾ ਬਣੀ ਰਹੇਗੀ। ਇਸ ਜੰਗ ਨੂੰ ਅਸੀਂ ਇਕੱਠੇ ਹੋ ਕੇ ਲੜਨਾ ਹੈ ਅਤੇ ਇਸ ਦਾ ਖ਼ਾਤਮਾ ਕਰਨਾ ਹੈ।