
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿੰਨੇ ਵਿਅਕਤੀਆਂ ਦੀ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਲਈ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਸੰਗਰੂਰ : ਸੰਗਰੂਰ ਦੇ ਪਿੰਡ ਨਮੋਲ ਵਿਚ ਤਿੰਨ ਵਿਅਕਤੀਆਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਤੁਰੰਤ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੁਨਾਮ ਸਬ ਡਵੀਜ਼ਨ ਦੇ ਪਿੰਡ ਨਮੋਲ ਦੇ ਤਿੰਨ ਵਸਨੀਕਾਂ ਗੁਰਮੇਲ ਸਿੰਘ (50) ਪੁੱਤਰ ਸਵ. ਹਰੀ ਸਿੰਘ, ਗੁਰਤੇਜ ਸਿੰਘ (45) ਪੁੱਤਰ ਹਰਨੇਕ ਸਿੰਘ ਅਤੇ ਚਮਕੌਰ ਸਿੰਘ (50) ਪੁੱਤਰ ਦਰਸ਼ਨ ਸਿੰਘ ਦੀ ਕਥਿਤ ਤੌਰ 'ਤੇ ਸਪਿਰਿਟ ਪੀਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਉਣ 'ਤੇ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਇਸ ਘਟਨਾ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਦੋਸ਼ੀਆਂ ਖਿਲਾਫ਼ ਕਾਨੂੰਨ ਮੁਤਾਬਕ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿੰਨੇ ਵਿਅਕਤੀਆਂ ਦੀ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਲਈ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨੇ ਵਿਅਕਤੀਆਂ ਨੇ ਇਕੱਠੇ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਉਹ ਆਪਣੇ-ਆਪਣੇ ਘਰ ਸਹੀ ਸਲਾਮਤ ਪਹੁੰਚੇ ਸਨ। ਤੜਕਸਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮ੍ਰਿਤ ਦੇਖਿਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਸ਼ਰਾਬ ਪੀਣ ਕਾਰਨ ਤਿੰਨਾਂ ਦੀ ਮੌਤ ਹੋਈ ਹੈ। ਪੁਲਿਸ ਵੱਲੋਂ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਇਸ ਗੰਭੀਰ ਮਾਮਲੇ ਦੀ ਤਰਜੀਹੀ ਆਧਾਰ ਉੱਤੇ ਜਾਂਚ ਲਈ ਐਸ.ਡੀ.ਐਮ ਸੁਨਾਮ ਅਤੇ ਡੀ.ਐਸ.ਪੀ ਸੁਨਾਮ ਨੂੰ ਵੀ ਪੋਸਟ ਮਾਰਟਮ ਦੀ ਰਿਪੋਰਟ ਆਉਣ 'ਤੇ ਮੌਤ ਲਈ ਜ਼ਿੰਮੇਵਾਰ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹਨ।