
ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਬੀਤੇ ਦਿਨ ਦਿੱਤੇ ਅਸਤੀਫ਼ਾ ਦੇ ਫ਼ੈਸਲੇ ਨਾਲ ਪ੍ਰਗਟਾਈ ਪੂਰਨ ਸਹਿਮਤੀ
Punjab News: ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਂਬਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗੂਰਪ ਸਿੰਘ ਚੀਮਾ, ਰਾਜਸੀ ਮਾਮਲਿਆਂ ਦੇ ਮੈਂਬਰ ਬਲਬੀਰ ਸਿੰਘ ਕੁਠਾਲਾ, ਦੋ ਸਲਾਹਕਾਰਾਂ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਮੁੱਖ ਸਿੰਘ ਸੰਧੂ, ਵਰਕਿੰਗ ਕਮੇਟੀ ਮੈਂਬਰ ਗਗਨਦੀਪ ਸਿੰਘ ਰਿਆੜ ਅਤੇ ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਦੀਨਾਨਗਰ ਅਤੇ ਰਾਜਸੀ ਮਾਮਲਿਆ ਬਾਰੇ ਕਮੇਟੀ ਦੇ ਮੈਂਬਰਾਂ ਗੁਰਸ਼ਰਨ ਸਿੰਘ ਸੰਧੂ ਅਤੇ ਅਰਵਿੰਦਰ ਸਿੰਘ ਮਿੰਟੂ ਪਟਿਆਲਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆ ਐਲਾਨ ਕੀਤਾ ਹੈ ਕਿ ਪਾਰਟੀ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਾਡੇ ਅਸਤੀਫ਼ੇ ਤੁਰੰਤ ਪ੍ਰਵਾਨ ਕਰਨ ।
ਉਹਨਾਂ ਅਸਤੀਫ਼ੇ ਦਾ ਮੁੱਖ ਕਾਰਣ ਦੱਸਦਿਆ ਕਿਹਾ ਕਿ ਪਾਰਟੀ ਨੇ ਕਦੇ ਵੀ ਸਾਡੀ ਕਿਸੇ ਵੀ ਮਾਮਲੇ ਵਿਚ ਸਲਾਹ ਨਹੀਂ ਲਈ ਉਹ ਦਿੱਲੀ ਬੈਠੇ ਸਿੱਖ ਕਾਂਰਗਰਸੀਆਂ ਤੋਂ ਸਲਾਹ ਲੈਂਦੀ ਹੈ । ਦੋਵਾਂ ਅਕਾਲੀ ਨੇਤਾਵਾਂ ਨੇ ਪਾਰਟੀ ਦੇ ਇੱਕ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਉੱਤੇ ਗੰਭੀਰ ਆਰੋਪ ਲਗਾਉਦਿਆ ਕਿਹਾ ਹੈ ਕਿ ਇਸ ਸਖ਼ਸ ਨੇ ਪਾਰਟੀ ਦੀਆ ਜੜ੍ਹਾਂ ਵਿੱਚ ਤੇਲ ਪਾ ਦਿੱਤਾ ਹੈ। ਜਿਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬੇਹੱਦ ਨੁਕਸਾਨ ਹੋਇਆ ਹੈ ਤੇ ਹੋ ਰਿਹਾ ਹੈ ।
ਜਗਰੂਪ ਸਿੰਘ ਚੀਮਾ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਮੁੱਖ ਸਿੰਘ ਸੰਧੂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਪਾਰਟੀ ਦੇ ਬੁਲਾਰੇ ਅਤੇ ਜਰਨਲ ਸਕੱਤਰ ਦੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਨਾਲ ਪੂਰਨ ਸਹਿਮਤੀ ਪ੍ਰਗਟਾਈ ਹੈ ਤੇ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਗ਼ਲਤ ਸਲਾਹਕਾਰਾਂ ਤੋਂ ਬਚਣ ਦੀ ਬੇਹੱਦ ਲੋੜ ਹੈ ਨਹੀਂ ਤਾਂ ਇਹ ਲੋਕ ਉਹਨਾਂ ਦਾ ਰਾਜਨੀਤਿਕ ਖੇਤਰ ਵਿੱਚ ਪੂਰੀ ਤਰ੍ਹਾਂ ਭਵਿੱਖ ਬਰਬਾਦ ਕਰ ਦੇਣਗੇ ।
ਅਕਾਲੀ ਨੇਤਾਵਾ ਨੇ ਕਿਹਾ ਕਿ ਭਵਿੱਖ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਜੋ ਵੀ ਫ਼ੈਸਲਾ ਪੰਥ ਪੰਜਾਬ ਅਤੇ ਪਾਰਟੀ ਦੇ ਭਵਿੱਖ ਵਿੱਚ ਲੈਣਗੇ ਅਸੀਂ ਉਹਨਾਂ ਦੀ ਅਗਵਾਈ ਵਿੱਚ ਪਹਿਲਾਂ ਦੀ ਤਰ੍ਹਾਂ ਤਨ-ਮਨ-ਧਨ ਨਾਲ ਪੂਰਨ ਸਹਿਯੋਗ ਕਰਾਂਗੇ । ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾ ਨੂੰ ਅਪੀਲ ਕੀਤੀ ਕਿ ਉਹ ਮੂਕ ਦਰਸ਼ਕ ਬਣਨ ਦੀ ਜਗ੍ਹਾਂ ਪਾਰਟੀ ਦੀ ਵਿਗੜਦੀ ਜਾ ਰਹੀ ਦਸ਼ਾ ਤੇ ਦਿਸ਼ਾ ਨੂੰ ਠੀਕ ਕਰਨ ਲਈ ਆਪਣੀ ਅਵਾਜ਼ ਬੁਲੰਦ ਕਰਨ ।