
ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੀ ਵਿਸ਼ੇਸ਼ ਬੇਨਤੀ ’ਤੇ 6,751 ਵੀਜ਼ਾ ਜਾਰੀ ਕੀਤੇ ਹਨ
ਲਾਹੌਰ : ਪਾਕਿਸਤਾਨ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ 6,700 ਤੋਂ ਵੱਧ ਵੀਜ਼ਾ ਜਾਰੀ ਕੀਤੇ ਹਨ, ਜੋ 50 ਸਾਲਾਂ ਵਿਚ ਪਹਿਲੀ ਵਾਰ ਦੋਹਾਂ ਦੇਸ਼ਾਂ ਵਿਚਾਲੇ ਹੋਈ ਸਹਿਮਤੀ ਤੋਂ ਵੱਧ ਹੈ।
ਈ.ਟੀ.ਪੀ.ਬੀ. ਦੇ ਵਧੀਕ ਸਕੱਤਰ ਸੈਫੁੱਲਾ ਖੋਖਰ ਨੇ ਕਿਹਾ, ‘‘ਪਾਕਿਸਤਾਨ-ਭਾਰਤ ਧਾਰਮਕ ਪ੍ਰੋਟੋਕੋਲ ਸਮਝੌਤਾ 1974 ਦੇ ਤਹਿਤ ਕਿਸੇ ਵੀ ਧਾਰਮਕ ਤਿਉਹਾਰ ਲਈ 3,000 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਹੈ। ਸਰਕਾਰ ਨੇ ਧਾਰਮਕ ਮਾਮਲਿਆਂ ਦੇ ਮੰਤਰਾਲੇ ਅਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੀ ਵਿਸ਼ੇਸ਼ ਬੇਨਤੀ ’ਤੇ 6,751 ਵੀਜ਼ਾ ਜਾਰੀ ਕੀਤੇ ਹਨ ਜੋ 3,751 ਵਾਧੂ ਵੀਜ਼ਾ ਹਨ।’’
ਭਾਰਤ ਤੋਂ ਸਿੱਖ ਸ਼ਰਧਾਲੂ 14 ਅਪ੍ਰੈਲ ਨੂੰ ਸਿੱਖ ਨਵੇਂ ਸਾਲ ਅਤੇ ਖਾਲਸੇ ਦੀ ਸਥਾਪਨਾ ਦੇ ਮੌਕੇ ’ਤੇ ਵਾਹਗਾ ਬਾਰਡਰ ਰਾਹੀਂ 10 ਅਪ੍ਰੈਲ ਨੂੰ ਇੱਥੇ ਪਹੁੰਚਣਗੇ। ਖੋਖਰ ਨੇ ਕਿਹਾ ਕਿ 50 ਸਾਲਾਂ ਤੋਂ ਵੱਧ ਸਮੇਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਦੋਹਾਂ ਦੇਸ਼ਾਂ ਵਿਚਾਲੇ ਸਹਿਮਤੀ ਤੋਂ ਵੀ ਜ਼ਿਆਦਾ ਵੀਜ਼ੇ ਜਾਰੀ ਕੀਤੇ ਹਨ।
ਸੈਫੁੱਲਾ ਖੋਖਰ ਨੇ ਕਿਹਾ, ‘‘ਈ.ਟੀ.ਪੀ.ਬੀ. ਦੀ ਸਰਪ੍ਰਸਤੀ ਹੇਠ ਵਿਸਾਖੀ ਦੇ ਤਿਉਹਾਰ ਦਾ ਮੁੱਖ ਸਮਾਰੋਹ 14 ਅਪ੍ਰੈਲ ਨੂੰ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਵਿਖੇ ਹੋਵੇਗਾ। ਪਾਕਿਸਤਾਨ ਸਿੱਖਾਂ ਲਈ ਦੂਜੇ ਘਰ ਵਰਗਾ ਹੈ। ਅਸੀਂ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।’’ ਇਸ ਤੋਂ ਪਹਿਲਾਂ ਵਿਸਾਖੀ ਦਾ ਮੁੱਖ ਸਮਾਗਮ ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੁੰਦਾ ਸੀ।
ਖੋਖਰ ਨੇ ਕਿਹਾ, ‘‘ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਵਧਣ ਕਾਰਨ ਮੁੱਖ ਸਮਾਗਮ ਗੁਰਦੁਆਰਾ ਜਨਮ ਅਸਥਾਨ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਰਧਾਲੂਆਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਏਅਰ ਕੰਡੀਸ਼ਨਡ ਬੱਸਾਂ, ਆਰਾਮਦਾਇਕ ਰਿਹਾਇਸ਼ੀ ਸਹੂਲਤਾਂ ਅਤੇ ਪੁਖਤਾ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਗੁਰਦੁਆਰਾ ਜਨਮ ਸਥਾਨ, ਗੁਰਦੁਆਰਾ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਸਿੱਖ ਸ਼ਰਧਾਲੂ 19 ਅਪ੍ਰੈਲ ਨੂੰ ਅਪਣੇ ਵਤਨ ਪਰਤਣਗੇ।