
ਦੋ ਇਤਿਹਾਸਕਾਰ ਦੇਵੇਗੀ ਸ਼੍ਰੋਮਣੀ ਕਮੇਟੀ, ਪ੍ਰੋ. ਕਿਰਪਾਲ ਸਿੰਘ ਹੋਣਗੇ ਇਸ ਕਮੇਟੀ ਦੇ ਚੇਅਰਮੈਨ
ਚੰਡੀਗੜ੍ਹ, 7 ਮਈ (ਜੀ.ਸੀ. ਭਾਰਦਵਾਜ): ਪਿਛਲੇ 10 ਦਿਨਾਂ ਤੋਂ 11ਵੀਂ ਤੇ 12ਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿਚ ਕੀਤੀ ਵੱਡੀ ਤਬਦੀਲੀ ਤੋਂ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਦੇ ਮਨਸ਼ੇ ਨਾਲ ਪੰਜਾਬ ਸਰਕਾਰ ਨੇ ਪ੍ਰਸਿੱਧ ਇਤਿਹਾਸਕਾਰ 88 ਸਾਲਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਵਿਚ 6 ਮੈਂਬਰੀ ਕਮੇਟੀ ਬਣਾ ਦਿਤੀ ਹੈ ਜੋ ਇਸ ਸਾਰੇ ਰੇੜਕੇ ਬਾਰੇ ਨਜ਼ਰਸਾਨੀ ਕਰ ਕੇ ਰੀਪੋਰਟ ਦੇਵੇਗੀ।ਅੱਜ ਇਥੇ ਪੰਜਾਬ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਸਬੰਧੀ ਸਕੂਲਾਂ ਵਿਚ ਪੜ੍ਹਾਈ ਨਵੇਂ ਸਿਲੇਬਸ ਅਨੁਸਾਰ ਹੀ ਚਲੇਗੀ ਅਤੇ ਪਹਿਲਾਂ ਹੀ 29 ਹਜ਼ਾਰ ਕਿਤਾਬਾਂ ਛਾਪੀਆਂ ਜਾ ਚੁਕੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੋਧੇ ਗਏ ਸਿਲੇਬਸ ਵਿਚ ਜੇ ਕੋਈ ਤਬਦੀਲੀ ਕਰਨੀ ਹੈ ਤਾਂ ਇਸ 6 ਮੈਂਬਰੀ ਕਮੇਟੀ ਦੀ ਰੀਪੋਰਟ ਵਿਚ ਆਉਣ ਵਾਲੇ ਸੁਝਾਵਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨਵੀਂ ਕਮੇਟੀ ਸਿਰਫ਼ ਤਿੰਨ ਨੁਕਤਿਆਂ 'ਤੇ ਵਿਚਾਰ ਕਰੇਗੀ ਜਿਨ੍ਹਾਂ ਵਿਚ 2014 ਵੇਲੇ ਅਕਾਲੀ-ਭਾਜਪਾ ਸਰਕਾਰ ਨੇ ਸਿਲੇਬਸ ਬਾਰੇ ਕੀ ਕਿਹਾ ਸੀ, ਐਨਸੀਈਆਰਟੀ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਿਲੇਬਸਾਂ ਵਿਚ ਕੀ ਫ਼ਰਕ ਹੈ ਅਤੇ ਹੁਣ ਕੀ ਕਰਨਾ ਚਾਹੀਦਾ ਹੈ। ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਤੋਂ ਇਲਾਵਾ ਪ੍ਰੋ. ਜੇ ਐਸ. ਗਰੇਵਾਲ, ਇਤਿਹਾਸਕਾਰ ਪ੍ਰੋ. ਪ੍ਰਿਤਪਾਲ ਸਿੰਘ ਅਤੇ ਪ੍ਰੋ. ਇੰਦੂ ਬੰਗਾ ਨੂੰ ਬਤੌਰ ਮੈਂਬਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਸਰਕਾਰ ਨੇ ਚਿੱਠੀ ਲਿਖ ਕੇ ਦੋ ਇਤਿਹਾਸਕਾਰ ਨਾਮਜ਼ਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ ਧਰਮ ਦੇ ਨਾਂ 'ਤੇ ਬੇਲੋੜੀ ਤੇ ਗੰਦੀ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂਆਂ ਤੇ ਸਿੱਖ ਯੋਧਿਆਂ ਸਮੇਤ ਬਾਬਾ ਬੰਦਾ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਵਗ਼ੈਰਾ ਬਾਰੇ ਕੋਰਸ 12ਵੀਂ ਤੇ 11ਵੀਂ ਜਮਾਤ ਵਿਚ ਅਡਜਸਟ ਕੀਤਾ ਹੈ ਅਤੇ ਕਟੌਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਛੇ ਮੈਂਬਰੀ ਕਮੇਟੀ ਪੱਕੇ ਤੌਰ 'ਤੇ ਬਣਾ ਦਿਤੀ ਗਈ ਹੈ ਤਾਕਿ ਭਵਿੱਖ ਵਿਚ ਹੋਰ ਅਜਿਹੇ ਮਸਲੇ ਉਠਣ 'ਤੇ ਪੱਕਾ ਹੱਲ ਲਭਦਾ ਰਹੇ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ 'ਤੇ ਹੋਏ ਪਰਚੇ ਬਾਰੇ ਉਨ੍ਹਾਂ ਦਸਿਆ ਕਿ ਕਿਵੇਂ ਐਸਐਚਉ ਪਰਮਿੰਦਰ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਨੇਤਾ
ਸੁਖਪਾਲ ਸਿੰਘ ਖਹਿਰਾ ਅਤੇ ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਨਾਲ ਰਾਤੀਂ, ਤੜਕੇ, ਸਵੇਰੇ ਫ਼ੋਨ 'ਤੇ ਸੰਪਰਕ ਬਣਾਈ ਰਖਿਆ। ਇਹ ਪੁਲਿਸ ਅਧਿਕਾਰੀ ਪਹਿਲਾਂ ਹੀ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਕਹਿਣ 'ਤੇ ਕਪੂਰਥਲਾ ਸਟੇਸ਼ਨ ਤੋਂ ਹਟਾਇਆ ਗਿਆ ਸੀ ਕਿਉਂਕਿ ਇਸ 'ਤੇ ਕਈ ਤਰ੍ਹਾਂ ਦੇ ਅਨੈਤਿਕ ਦੋਸ਼ ਲੱਗੇ ਸਨ। ਮੁੱਖ ਮੰਤਰੀ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਤਾਂ ਹਰਦੇਵ ਲਾਡੀ ਬਾਰੇ ਰੇਤ ਖੱਡਾਂ ਸਬੰਧੀ ਇਸ ਕਾਂਗਰਸੀ ਉਮੀਦਵਾਰ ਦੀ ਰੀਪੋਰਟ ਭੇਜਣ ਨੂੰ ਕਿਹਾ ਸੀ ਪਰ ਪੁਲਿਸ ਮੁਖੀ ਦੀ ਸਲਾਹ ਤੋਂ ਬਿਨਾਂ ਵਿਰੋਧੀ ਧਿਰ ਦੇ ਲੀਡਰਾਂ ਦੇ ਕਹਿਣ 'ਤੇ ਇਸ ਐਸਐਚਉ ਨੇ ਪਰਚਾ ਹੀ ਦਰਜ ਕਰ ਦਿਤਾ। ਉਨ੍ਹਾਂ ਦਸਿਆ ਕਿ ਹੁਣ ਚੋਣ ਜ਼ਾਬਤਾ ਲੱਗਾ ਹੋਇਆ ਹੈ, ਸਰਕਾਰ ਕੋਈ ਜਾਂਚ ਨਹੀਂ ਕਰਵਾ ਸਕਦੀ, ਸਿਰਫ਼ ਮੁੱਖ ਚੋਣ ਅਧਿਕਾਰੀ ਵਲੋਂ ਵੀ ਤਫ਼ਤੀਸ਼ ਕਰਵਾ ਕੇ ਲਾਡੀ ਦੀ ਉਮੀਦਵਾਰ ਬਾਰੇ ਸਪੱਸ਼ਟ ਕੀਤਾ ਜਾਵੇਗਾ।
Six members committee for history: Chief Minister
ਪ੍ਰੈੱਸ ਕਾਨਫ਼ਰੰਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਮੰਤਰੀ ਲਾਲ ਸਿੰਘ ਦੀ ਹਾਜ਼ਰੀ ਬਾਰੇ ਪੁੱਛੇ ਸਵਾਲਾਂ ਕਿ ਉਮੀਦਵਾਰ ਬਦਲਿਆ ਜਾਣਾ ਹੈ? ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਮੀਦਵਾਰ ਹਰਦੇਵ ਸਿੰਘ ਲਾਡੀ ਹੀ ਰਹੇਗਾ। ਇਸ ਮੌਕੇ 23 ਪਿੰਡਾਂ ਦੀਆਂ ਪੰਚਾਇਤਾਂ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਤੁਰਨਾ ਤੇ ਪ੍ਰਵਾਸੀ ਪੰਜਾਬੀ ਜਸਬੀਰ ਸਿੰਘ ਗਿੱਲ ਦੀ ਕਾਂਗਰਸ ਵਿਚ ਸ਼ਮੂਲੀਅਤ ਬਾਰੇ ਵੀ ਐਲਾਨ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਵਲੋਂ ਬੀਤੇ ਕਲ ਪੰਜਾਬ ਦੇ ਮੁੱਖ ਮੰਤਰੀ ਨੂੰ ਰਾਵੀ ਦਰਿਆ ਦੇ ਪਾਣੀ ਵਿਚ ਹਿੱਸੇ ਸਬੰਧੀ ਲਿਖੀ ਚਿੱਠੀ ਬਾਰੇ ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਦਾ ਇਨ੍ਹਾਂ ਪਾਣੀਆਂ ਵਿਚ ਕੋਈ ਹਿੱਸਾ ਨਹੀਂ ਬਣਦਾ। ਥੀਨ ਡੈਮ ਤੋਂ ਬਿਜਲੀ ਬਣਾ ਕੇ 13 ਕਿਲੋਮੀਟਰ ਹੇਠਾਂ ਆ ਰਿਹਾ ਪਾਣੀ ਹੁਣ ਪਾਕਿਸਤਾਨ ਵਿਚ ਜਾਣਾ ਰੋਕਿਆ ਜਾਣਾ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ ਬਣਾਏ ਜਾਣ ਵਾਲੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜੰਮੂ-ਕਸ਼ਮੀਰ ਵਲੋਂ ਚੁੱਕੇ ਗਏ ਇਤਰਾਜ਼ 'ਤੇ ਇਹ ਬੰਦ ਪਿਆ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਡੇਢ ਸਾਲ ਪਹਿਲਾਂ ਤਲਵੰਡੀ ਸਾਬੋ ਵਿਚ ਗੁਟਕੇ 'ਤੇ ਹੱਥ ਰੱਖ ਕੇ ਇਕ ਮਹੀਨੇ ਵਿਚ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਦੀ ਕਸਮ ਖਾਣ 'ਤੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ 52 ਹਜ਼ਾਰ ਦੇ ਕਰੀਬ ਅਜਿਹੇ ਦੋਸ਼ੀ ਗ੍ਰਿਫ਼ਤਾਰ ਕੀਤੇ ਹਨ। ਉਨ੍ਹਾਂ ਵਾਰ-ਵਾਰ ਇਹ ਅੰਕੜਾ ਦੁਹਰਾਇਆ ਪਰ ਇਹ ਭੁੱਲ ਗਏ ਕਿ ਦੋ ਦਿਨ ਪਹਿਲਾਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਸਾਰੀਆ ਜੇਲਾਂ ਵਿਚ ਕੈਦੀਆਂ ਦੀ ਗਿਣਤੀ 22375 ਦੱਸੀ ਸੀ। ਬਿਕਰਮ ਮਜੀਠੀਆ ਨੂੰ ਜੇਲ ਵਿਚ ਡੱਕਣ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਸਾਫ਼ ਕਿਹਾ ਕਿ ਜਦ ਤਕ ਪੂਰੇ ਸਬੂਤ ਨਹੀਂ ਮਿਲ ਜਾਂਦੇ, ਉਦੋਂ ਤਕ ਕੱਚੇ ਤੌਰ 'ਤੇ ਕੋਈ ਕੇਸ ਦਰਜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਬਿਨਾਂ ਕਾਰਨ ਕਿਸੇ ਵੀ ਨੇਤਾ ਵਿਰੁਧ ਕੋਈ ਕਾਰਵਾਈ ਨਹੀਂ ਕਰੇਗੀ ਜਿਸ ਤੋਂ ਸਬੂਤਾਂ ਦੇ ਆਧਾਰ 'ਤੇ ਕੇਸ ਫ਼ੇਲ ਹੋ ਜਾਵੇ। ਉਨ੍ਹਾਂ ਕਿਹਾ ਕਿ ਈਡੀ ਅਤੇ ਐਸਟੀਐਫ਼ ਪਹਿਲਾਂ ਹੀ ਹਾਈ ਕੋਰਟ ਦੀ ਦੇਖ-ਰੇਖ ਵਿਚ ਕੰਮ ਕਰ ਰਹੀਆਂ ਹਨ। ਪ੍ਰੈੱਸ ਕਾਨਫ਼ਰੰਸ ਵਿਚ ਹਾਜ਼ਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖ਼ਰ ਵਿਚ ਰੇਤ ਖੱਡਾਂ ਯਾਨੀ ਗ਼ੈਰ ਕਾਨੂੰਨੀ ਮਾਈਨਿੰਗ ਬਾਰੇ ਰੀਪੋਰਟ ਮੁੱਖ ਮੰਤਰੀ ਨੂੰ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਨਵਜੋਤ ਸਿੱਧੂ ਹਨ। ਦੂਜੇ ਦੋ ਮੈਂਬਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਬਾਜਵਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਰੀਪੋਰਟ ਨੂੰ ਅਗਲੀ ਮੰਤਰੀ ਮੰਡਲ ਦੀ ਬੈਠਕ ਵਿਚ ਵਿਚਾਰ ਕਰਨ ਅਤੇ ਚਰਚਾ ਕਰਨ ਲਈ ਰਖਿਆ ਜਾਵੇਗਾ।