
ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਵਿਰੁਧ ਐਫ਼ਆਈਆਰ ਦਾ ਮਾਮਲਾ
ਚੰਡੀਗੜ੍ਹ, 7 ਮਈ (ਨੀਲ ਭਲਿੰਦਰ ਸਿੰਘ): ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਕ ਵਾਰ ਫਿਰ ਚਰਚਾ ਵਿਚ ਹਨ। ਇਕ ਪਾਸੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ 'ਤੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਵਿਰੁਧ ਐਫ਼ਆਈਆਰ ਮਾਮਲੇ ਵਿਚ ਸਾਜ਼ਸ਼ ਘਾੜਾ ਹੋਣ ਦੇ ਦੋਸ਼ਾਂ ਨੂੰ ਨਕਾਰ ਰਹੇ ਹਨ ਪਰ ਨਾਲ ਹੀ ਦੂਜੇ ਪਾਸੇ ਸਬੰਧਤ ਰਾਤ ਅਤੇ ਸਬੰਧਤ ਸਮੇਂ ਹੀ ਉਨ੍ਹਾਂ ਨੂੰ ਕੋਈ ਫ਼ੋਨ ਆਇਆ ਹੋਣ ਦੀ ਗੱਲ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਉਤੇ ਸਵਾਲਾਂ ਦੀ ਝੜੀ ਵੀ ਲਗਾ ਰਹੇ ਹਨ। ਖਹਿਰਾ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਰੋਧੀ ਨੇਤਾਵਾਂ 'ਤੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦੇ ਹਨ। ਅਪਣੇ ਇਕ ਪ੍ਰੈਸ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਵਲੋਂ ਇਹ ਕਿਹਾ ਜਾ ਰਿਹਾ ਹੋਣ ਤੋਂ ਹੈਰਾਨ ਹਨ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਵਿਰੁਧ ਐਫ਼.ਆਈ.ਆਰ ਰਜਿਸਟਰ ਕੀਤੇ ਜਾਣਾ ਗ਼ੈਰ ਕਾਨੂੰਨੀ ਰੇਤ ਖੁਦਾਈ ਦਾ ਮਾਮਲਾ ਦਰਜ ਕਰਨ ਵਾਲੇ ਐਸ.ਐਚ.ਓ ਮਹਿਤਪੁਰ, ਉਨ੍ਹਾਂ (ਖਹਿਰਾ) ਅਤੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵਲੋਂ ਘੜੀ ਗਈ ਇਕ ਸਾਜ਼ਸ਼ ਹੈ।
Sukhpal Khaira
ਖਹਿਰਾ ਨੇ ਅਪਣੇ ਉਮੀਦਵਾਰ ਵਿਰੁਧ ਗ਼ੈਰ ਕਾਨੂੰਨੀ ਰੇਤ ਖੁਦਾਈ ਦੇ ਲੱਗੇ ਗੰਭੀਰ ਦੋਸ਼ਾਂ ਤੋਂ ਧਿਆਨ ਭਟਕਾਉਣ ਲਈ ਮੁੱਖ ਮੰਤਰੀ ਵਲੋਂ ਖੇਡਿਆ ਗਿਆ ਇਹ ਇਕ ਡਰਾਮਾ ਕਰਾਰ ਦਿਤਾ ਹੈ। ਮੁੱਖ ਮੰਤਰੀ ਵਲੋਂ ਖਹਿਰਾ ਉਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਇਹ ਐਫ਼.ਆਈ.ਆਰ ਦਰਜ ਹੋਣ ਤੋਂ ਇਕ ਰਾਤ ਪਹਿਲਾਂ ਐਸ.ਐਚ.ਓ ਨਾਲ ਗੱਲ ਕੀਤੀ ਸੀ ਜਿਸ ਦੇ ਜਵਾਬ ਵਿਚ ਖਹਿਰਾ ਨੇ ਕਿਹਾ ਕਿ ਕੀ ਕਿਸੇ ਨਾਲ ਫ਼ੋਨ ਉਪਰ ਉਹ ਵੀ ਇਕ ਪੁਲਿਸ ਅਫ਼ਸਰ ਨਾਲ ਗੱਲ ਕਰਨਾ ਗ਼ੁਨਾਹ ਹੈ।ਖਹਿਰਾ ਨੇ ਇਹ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ (ਖਹਿਰਾ ਨੇ) ਤਿੰਨ ਮਈ ਨੂੰ ਰਾਤ ਦੇ ਸਾਢੇ ਗਿਆਰਾਂ ਵਜੇ ਐਸ.ਐਚ.ਓ ਨਾਲ ਗੱਲ ਕੀਤੀ, ਪਰ ਉਹ ਕਾਲ ਡਿਊਰੇਸ਼ਨ ਬਾਰੇ ਕਿਉਂ ਨਹੀਂ ਦਸਦੇ? ਪਰ ਨਾਲ ਹੀ ਖਹਿਰਾ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਇਕ ਅਣਪਛਾਤੇ ਨੰਬਰ ਤੋਂ ਲਗਭਗ ਇਸੇ ਸਮੇਂ ਫ਼ੋਨ ਆਇਆ ਸੀ ਪਰੰਤੂ ਉਨ੍ਹਾਂ ਨੇ ਫ਼ੋਨ ਕਰਨ ਵਾਲੇ ਨੂੰ ਇੰਨੀ ਲੇਟ ਫ਼ੋਨ ਕਰਨ ਲਈ ਝਾੜਿਆ ਸੀ। ਖਹਿਰਾ ਮੁਤਾਬਕ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਉਸ ਨਾਲ 15 ਸੈਕਿੰਡ ਤੋਂ ਵੱਧ ਗੱਲ ਨਹੀਂ ਕੀਤੀ। ਖਹਿਰਾ ਨੇ ਪੁਛਿਆ ਹੈ ਕਿ ਕੀ ਤੁਸੀਂ 15 ਸੈਕਿੰਡ ਵਿਚ ਕੋਈ ਸਾਜ਼ਸ਼ ਘੜ ਸਕਦੇ ਹੋ।