ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ 60 ਕਿਲੋਮੀਟਰ ਤੋਂ ਘੱਟ ਦੂਰੀ ਉਪਰ ਹੀ ਲੱਗੇ ਹੋਏ ਹਨ ਵੱਖ-ਵੱਖ ਟੋਲ ਟੈਕਸ ਬੈਰੀਅਰ
ਨਾਭਾ, 7 ਮਈ (ਬਲਵੰਤ ਹਿਆਣਾ) : ਪੰਜਾਬ ਵਿੱਚ ਦਿਨੋਂ ਦਿਨ ਟੋਲ ਟੈਕਸ ਬੈਰੀਅਰਾਂ ਦੀ ਗਿਣਤੀ ਵਿਚ ਭਰਪੂਰ ਵਾਧਾ ਹੋ ਰਿਹਾ ਹੈ। ਹਾਲ ਤਾਂ ਇਹ ਹੋ ਗਿਆ ਹੈ ਕਿ ਪੰਜਾਬ ਦੀ ਕਿਸੇ ਵੀ ਸੜਕ ਉਪਰ ਕੁੱਝ ਕਿਲੋਮੀਟਰ ਚਲੇ ਜਾਉ ਤਾਂ ਰਾਹ ਵਿਚ ਤੁਹਾਨੂੰ ਟੋਲ ਟੈਕਸ ਬੈਰੀਅਰ ਜ਼ਰੂਰ ਮਿਲ ਜਾਣਗੇ। ਪੰਜਾਬ ਵਿਚ ਤਾਂ ਕਈ ਸੜਕਾਂ ਉਪਰ 30-30 ਕਿਲੋਮੀਟਰ ਦੂਰ ਹੀ ਟੋਲ ਟੈਕਸ ਲੱਗੇ ਹੋਏ ਹਨ ਜਦੋਂ ਕਿ ਹਾਈ ਕੋਰਟ ਦੇ ਹੁਕਮ ਹਨ ਕਿ 60 ਕਿਲੋਮੀਟਰ ਤੋਂ ਪਹਿਲਾਂ ਟੋਲ ਟੈਕਸ ਨਹੀਂ ਲਗਾਇਆ ਜਾ ਸਕਦਾ। ਇਸ ਦੇ ਬਾਵਜੂਦ ਪੰਜਾਬ ਵਿਚ ਵੱਡੀ ਗਿਣਤੀ ਸੜਕਾਂ ਉਪਰ ਟੋਲ ਟੈਕਸ ਲਗਾਏ ਹੋਏ ਹਨ। ਨਾਭਾ ਤੋਂ ਪਟਿਆਲਾ ਜਾਂਦੀ ਸੜਕ ਉਪਰ ਵੀ ਪਿੰਡ ਰੱਖੜਾ ਨੇੜੇ ਟੋਲ ਟੈਕਸ ਬੈਰੀਅਰ ਲਗਿਆ ਹੋਇਆ ਹੈ, ਇਸੇ ਤਰ੍ਹਾਂ ਨਾਭਾ ਮਾਲੇਰਕੋਟਲਾ ਰੋਡ ਉਪਰ ਵੀ ਟੋਲ ਟੈਕਸ ਬੈਰੀਅਰ ਲਗਾ ਹੋਇਆ ਹੈ। ਇਨ੍ਹਾਂ ਦੋਵਾਂ ਟੋਲ ਟੈਕਸ ਬੈਰੀਅਰਾਂ ਵਿਚਾਲੇ ਦੂਰੀ 60 ਕਿਲੋਮੀਟਰ ਤੋਂ ਕਾਫ਼ੀ ਘੱਟ ਹੈ, ਇਸ ਦੇ ਬਾਵਜੂਦ ਇਨ੍ਹਾਂ ਟੋਲ ਟੈਕਸ ਬੈਰੀਅਰਾਂ ਤੋਂ ਲੰਘਣ ਵਾਲੇ ਵਾਹਨਾਂ ਤੋਂ ਭਾਰੀ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ।ਹੁਣ ਜ਼ੀਰਕਪੁਰ ਪਟਿਆਲਾ ਸੜਕ ਉਪਰ ਵੀ ਦੋ ਟੋਲ ਟੈਕਸ ਲਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇਕ ਟੋਲ ਟੈਕਸ ਬਨੂੰੜ ਅਤੇ ਜ਼ੀਰਕਪੁਰ ਦੇ ਵਿਚਾਲੇ ਏਅਰਪੋਰਟ ਰੋਡ ਦੇ ਸ਼ੁਰੂ ਹੋਣ ਵਾਲੀ ਥਾਂ ਦੇ ਨੇੜੇ ਤੇੜੇ ਅਤੇ ਦੂਜਾ ਟੋਲ ਟੈਕਸ ਬਹਾਦਰਗੜ੍ਹ ਅਤੇ ਰਾਜਪੁਰਾ ਦੇ ਵਿਚਾਲੇ ਲਗਾਇਆ ਜਾਣਾ ਹੈ। ਦੋਵੇਂ ਟੋਲ ਟੈਕਸ ਬੈਰੀਅਰਾਂ ਦੀ ਇਮਾਰਤ ਤਿਆਰ ਹੋ ਚੁਕੀ ਹੈ ਅਤੇ ਇਨ੍ਹਾਂ ਟੋਲ ਟੈਕਸ ਬੈਰੀਅਰਾਂ ਦੇ ਕੁੱਝ ਦਿਨਾਂ ਬਾਅਦ ਹੀ ਚਾਲੂ ਹੋਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ।
ਪੰਜਾਬ ਦੇ ਵੱਡੀ ਗਿਣਤੀ ਟੋਲ ਟੈਕਸ ਬੈਰੀਅਰਾਂ ਉਪਰ ਇਕ ਕਾਰ ਦੇ ਆਉਣ ਜਾਣ ਦੀ ਪਰਚੀ ਲਈ 125 ਰੁਪਏ ਪ੍ਰਤੀ ਕਾਰ ਲਏ ਜਾਂਦੇ ਹਨ ਅਤੇ ਇਹ ਪਰਚੀ ਰਾਤ ਦੇ 12 ਵਜੇ ਤਕ ਹੀ ਜਾਇਜ਼ ਹੁੰਦੀ ਹੈ। ਜੇ ਇਕ ਪਾਸੇ ਦੀ ਪਰਚੀ ਕਟਾਉਣੀ ਹੋਵੇ ਤਾਂ ਉਹ ਵੀ ਕਰੀਬ 80 ਕੁ ਰੁਪਏ ਦੀ ਕੱਟੀ ਜਾਂਦੀ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਿਆਂ ਉਪਰ ਜੋ ਇਕ ਪਾਸੇ ਦੀ ਪਰਚੀ ਕਟੀ ਜਾਂਦੀ ਹੈ, ਅਸਲ ਵਿਚ ਉਹ ਪਰਚੀ ਹੀ 24 ਘੰਟੇ ਲਈ ਵੈਲਿਡ ਹੁੰਦੀ ਹੈ ਅਤੇ 24 ਘੰਟੇ ਦੌਰਾਨ ਉਸ ਪਰਚੀ ਰਾਹੀਂ ਜਿੰਨੇ ਵਾਰ ਮਰਜ਼ੀ ਟੋਲ ਟੈਕਸ ਬੈਰੀਅਰ ਤੋਂ ਲੰਘਿਆ ਜਾ ਸਕਦਾ ਹੈ ਪਰ ਟੋਲ ਟੈਕਸ ਬੈਰੀਅਰ ਦੇ ਪ੍ਰਬੰਧਕ ਤੇ ਮੁਲਾਜ਼ਮ ਇਸ ਗੱਲ ਨੂੰ ਨਹੀਂ ਮੰਨਦੇ ਅਤੇ ਹਰ ਵਾਰ ਹੀ ਨਵੀਂ ਪਰਚੀ ਕੱਟਦੇ ਹਨ ਜੇ ਕੋਈ ਵਾਰ-ਵਾਰ ਨਵੀਂ ਪਰਚੀ ਕਟਾਉਣ ਨੂੰ ਨਾਂਹ ਕਰੇ ਤਾਂ ਉਸ ਨਾਲ ਟੋਲ ਟੈਕਸ ਬੈਰੀਅਰ ਵਾਲਿਆਂ ਵਲੋਂ ਰਖੇ ਗਏ ਗੁੰਡਾ ਅਨਸਰ ਕੁੱਟਮਾਰ ਕਰਦੇ ਹਨ। ਅਜਿਹਾ ਬਹੁਤ ਹੀ ਟੋਲ ਟੈਕਸ ਬੈਰੀਅਰਾਂ ਉਪਰ ਵਾਪਰ ਚੁਕਿਆ ਹੈ।ਚਾਹੀਦਾ ਤਾਂ ਇਹ ਹੈ ਕਿ ਟੋਲ ਟੈਕਸ ਬੈਰੀਅਰਾਂ ਵਿਰੁਧ ਇਕ ਲੋਕ ਲਹਿਰ ਖੜੀ ਕੀਤੀ ਜਾਵੇ ਤਾਂ ਕਿ ਟੋਲ ਟੈਕਸ ਬੈਰੀਅਰਾਂ ਦੀ ਗਿਣਤੀ ਘਟਾਈ ਜਾਵੇ ਜਾਂ ਫਿਰ ਟੋਲ ਟੈਕਸ ਬੈਰੀਅਰਾਂ ਉਪਰ ਕਟੀ ਜਾਂਦੀ ਪਰਚੀ ਦੀ ਕੀਮਤ ਘਟਾਈ ਜਾਵੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਦੀ ਸੁਵਿਧਾ ਦਾ ਖਿਆਲ ਰਖਦੀ ਹੋਈ ਟੋਲ ਟੈਕਸ ਦੀ ਪਰਚੀ ਸਸਤੀ ਕਰੇ ਤਾਂ ਕਿ ਲੋਕਾਂ ਨੂੰ ਵੀ ਕੁੱਝ ਰਾਹਤ ਮਿਲੇ।