
ਐਸ.ਡੀ.ਐਮ. ਸਮੇਤ ਉੱਚ ਅਧਿਕਾਰੀਆਂ ਅਤੇ ਗਰਾਊਂਡ ਲੈਵਲ ਟ੍ਰੇਨਰਜ਼ ਨੂੰ ਟ੍ਰੇਨਿੰਗ ਦਿਤੀ ਗਈ।
ਲੁਧਿਆਣਾ, 7 ਮਈ (ਰਵੀ ਭਾਟੀਆ/ਐਸ.ਪੀ.ਸਿੰਘ): ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਡੋਪੈ' ਪ੍ਰੋਗਰਾਮ ਨੂੰ ਲੋਕਾਂ ਤਕ ਲਿਜਾਣ ਲਈ ਮਾਸਟਰ ਟਰੇਨਰਾਂ ਵਲੋਂ ਅੱਜ ਲੁਧਿਆਣਾ ਸਮੇਤ ਵੱਖ-ਵੱਖ ਸਬ ਡਵੀਜ਼ਨਾਂ ਵਿਖੇ ਐਸ.ਡੀ.ਐਮ. ਸਮੇਤ ਉੱਚ ਅਧਿਕਾਰੀਆਂ ਅਤੇ ਗਰਾਊਂਡ ਲੈਵਲ ਟ੍ਰੇਨਰਜ਼ ਨੂੰ ਟ੍ਰੇਨਿੰਗ ਦਿਤੀ ਗਈ।
ਬਚਤ ਭਵਨ ਵਿਖੇ ਹੋਈ ਟ੍ਰੇਨਿੰਗ ਦੌਰਾਨ ਜਾਣਕਾਰੀ ਦਿੰਦਿਆਂ ਲੁਧਿਆਣਾ (ਪੂਰਬੀ) ਦੇ ਐਸ.ਡੀ.ਐਮ. ਅਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਡੈਪੋ ਪ੍ਰੋਗਰਾਮ ਦਾ ਦੂਜਾ ਗੇੜ 17 ਮਈ, 2018 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਤਰਨ ਤਾਰਨ ਵਿਖੇ ਨਸ਼ਾ ਨਿਗਰਾਨ ਕਮੇਟੀਆਂ ਦੇ ਗਠਨ ਅਤੇ ਡੈਪੋ ਵਲੰਟੀਅਰਾਂ ਦੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਸ਼ੁਰੂਆਤ ਕਰਾਉਣਗੇ। ਇਸ ਪ੍ਰੋਗਰਾਮ ਤਹਿਤ ਘਰ-ਘਰ ਜਾ ਕੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਆਰੰਭੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸੂਬੇ ਭਰ ਵਿਚ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਮਾਸਟਰ ਟ੍ਰੇਨਰ ਐਸ.ਡੀ.ਐਮਜ਼ ਅਤੇ ਗਰਾਊਂਡ ਲੈਵਲ ਟ੍ਰੇਨਰਜ਼ ਨਾਲ ਮੀਟਿੰਗਾਂ ਕਰ ਕੇ ਟ੍ਰੇਨਿੰਗ ਦੇ ਰਹੇ ਹਨ।
Training for 'depot' program officers and ground level trainers
8 ਤੋਂ 10 ਮਈ ਤਕ ਨਸ਼ਾ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਅਤੇ ਡੈਪੋਜ਼ ਨੂੰ ਗਰਾਊਂਡ ਲੈਵਲ ਟ੍ਰੇਨਰਾਂ ਵਲੋਂ ਟ੍ਰੇਨਿੰਗ ਕਰਵਾਈ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਪ੍ਰੋਗਰਾਮ ਦੀ ਨਜ਼ਰਸਾਨੀ ਕਰਨ ਲਈ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਜ਼ਿਲ੍ਹਾ ਪਧਰੀ ਮਿਸ਼ਨ ਟੀਮਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਪੁਲਿਸ ਕਮਿਸ਼ਨਰ/ਜ਼ਿਲ੍ਹਾ ਪੁਲਿਸ ਮੁਖੀ ਅਤੇ ਸਿਵਲ ਸਰਜਨ ਮੈਂਬਰ ਹੋਣਗੇ। ਇਸ ਤੋਂ ਇਲਾਵਾ ਸਬ ਡਵੀਜ਼ਨ ਪੱਧਰ 'ਤੇ ਕਮੇਟੀਆਂ ਵਿਚ ਐਸ.ਡੀ.ਐਮਜ਼ ਦੀ ਅਗਵਾਈ ਵਿਚ ਸਬ ਡਵੀਜ਼ਨ ਪੱਧਰ ਦੇ ਅਧਿਕਾਰੀ ਮੈਂਬਰ ਹੋਣਗੇ। ਮੈਦਾਨੀ ਪੱਧਰ 'ਤੇ ਪਿੰਡ ਅਤੇ ਵਾਰਡ ਪਧਰੀ ਕਮੇਟੀਆਂ ਵਿਚ ਵੀ ਸਥਾਨਕ ਲੋਕਾਂ ਦੀਆਂ ਟੀਮਾਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਨੂੰ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦਾ ਸੁਨਹਿਰੀ ਸਮਾਂ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਅਕ ਸੰਸਥਾਵਾਂ, ਗ਼ੈਰ ਸਰਕਾਰੀ ਸੰਗਠਨਾਂ, ਯੂਥ ਕਲੱਬਾਂ, ਰੈਜ਼ੀਡੈਂਟ ਵੈਲਫ਼ੇਅਰ ਕਮੇਟੀਆਂ, ਯੂਨੀਅਨਾਂ ਅਤੇ ਹਰੇਕ ਵਰਗ ਦੇ ਲੋਕਾਂ ਤੋਂ ਇਸ ਪ੍ਰੋਗਰਾਮ ਲਈ ਸਹਿਯੋਗ ਦੀ ਮੰਗ ਕੀਤੀ।