
ਨੋਵੇਲ ਕੋਰੋਨਾ ਵਾਇਰਸ ਬੀਮਾਰੀ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਯਾਤਰੀਆਂ, ਲੋਕਾਂ ਅਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਸੁਰੱਖਿਅਤ ਤਰੀਕੇ
ਲੁਧਿਆਣਾ, 7 ਮਈ (ਕੁਲਦੀਪ ਸਿੰਘ ਸਲੇਮਪੁਰੀ): ਨੋਵੇਲ ਕੋਰੋਨਾ ਵਾਇਰਸ ਬੀਮਾਰੀ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਯਾਤਰੀਆਂ, ਲੋਕਾਂ ਅਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਸੁਰੱਖਿਅਤ ਤਰੀਕੇ ਨਾਲ ਪੰਜਾਬ ਵਿਚ ਲਿਆਂਦਾ ਗਿਆ ਹੈ। ਉਪਰੰਤ ਇਨ੍ਹਾਂ ਨੂੰ ਆਈਸੋਲੇਸ਼ਨਾਂ ਸੈਂਟਰਾਂ ਅਤੇ ਇਕਾਂਤਵਾਸ ਕੇਂਦਰਾਂ ਵਿਚ ਰਖਿਆ ਗਿਆ ਹੈ ਤਾਂ ਜੋ ਇਹ ਅਪਣੇ ਪਰਵਾਰਕ ਅਤੇ ਹੋਰ ਲੋਕਾਂ ਦੇ ਸੰਪਰਕ ਵਿਚ ਨਾ ਆਉਣ।
ਇਕ ਪਾਸੇ ਜਿਥੇ ਕੁਝ ਲੋਕਾਂ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਨਕਾਰੀ ਹੁੰਦਿਆਂ ਛੋਟੀਆਂ ਮੋਟੀਆਂ ਕਮੀਆਂ ਪੇਸ਼ੀਆਂ ਨੂੰ ਗਲਤ ਤਰੀਕਿਆਂ ਨਾਲ ਉਭਾਰਿਆ ਜਾ ਰਿਹਾ ਹੈ, ਉਥੇ ਹੀ ਕੋਟਾ ਤੋਂ ਲਿਆਂਦੇ ਗਏ ਬੱਚੇ (ਵਿਦਿਆਰਥੀ) ਅਪਣਾ ਇਕਾਂਤਵਾਸ ਦਾ ਸਮਾਂ ਉਸਾਰੂ ਗਤੀਵਿਧੀਆਂ ਅਤੇ ਪੜ੍ਹਨ-ਲਿਖਣ ਦਾ ਸ਼ੌਕ ਪੂਰਾ ਕਰ ਕੇ ਬਤੀਤ ਕਰ ਰਹੇ ਹਨ। ਇਹੀ ਨਜ਼ਾਰਾ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਰਕਰ ਹਾਊਸ ਵਿਖੇ ਦੇਖਣ ਨੂੰ ਮਿਲਿਆ।
ਦੱਸਣਯੋਗ ਹੈ ਕਿ ਕੋਟਾ ਤੋਂ ਲਿਆਂਦੇ ਜ਼ਿਲ੍ਹਾ ਲੁਧਿਆਣਾ ਦੇ 22 ਬੱਚੇ ਇਥੇ ਅਲੱਗ-ਅਲੱਗ ਕਮਰਿਆਂ ਵਿਚ ਰੱਖੇ ਗਏ ਹਨ ਜਿਨ੍ਹਾਂ ਵਿਚ 8 ਕੁੜੀਆਂ ਅਤੇ 14 ਮੁੰਡੇ ਹਨ। ਇਹ ਪਿਛਲੇ 10 ਕੁ ਦਿਨਾਂ ਤੋਂ ਇਥੇ ਰੁਕੇ ਹੋਏ ਹਨ। ਇਨ੍ਹਾਂ ਬੱਚਿਆਂ ਨੇ ਕਿਹਾ ਕਿ ਉਹ ਅਪਣੇ ਇਸ ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੁੰਦੇ ਹਨ। ਉਹ ਕਿਤੇ ਬਾਹਰ ਤਾਂ ਜਾ ਨਹੀਂ ਸਕਦੇ ਅਤੇ ਨਾ ਹੀ ਅਪਣੇ ਮਾਪਿਆਂ ਨੂੰ ਮਿਲ ਸਕਦੇ ਹਨ, ਇਸ ਲਈ ਉਹ ਅਪਣਾ ਸਾਰਾ ਸਮਾਂ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਹੋਰ ਚੰਗਾ ਮਟੀਰੀਅਲ ਪੜ੍ਹਨ ਵਿਚ ਲਗਾ ਰਹੇ ਹਨ।
ਅਿਸ਼ੀਸ਼ ਰਾਣਾ ਨੇ ਕਿਹਾ ਕਿ ਪਹਿਲਾਂ ਉਹ ਅਪਣਾ ਸਾਰਾ ਸਮਾਂ ਪੜ੍ਹਾਈ ਕਰਨ 'ਤੇ ਹੀ ਲਗਾਉਂਦਾ ਸੀ ਪਰ ਹੁਣ ਉਸ ਕੋਲ ਕਾਫੀ ਸਮਾਂ ਹੁੰਦਾ ਹੈ ਜਿਸ ਕਾਰਨ ਉਹ ਪਵਿੱਤਰ ਭਗਵਤ ਗੀਤਾ ਗ੍ਰੰਥ ਨੂੰ ਪੜ੍ਹ ਰਿਹਾ ਹੈ ਜਿਸ ਨੂੰ ਪੜ੍ਹ ਕੇ ਉਸ ਨੂੰ ਮਾਨਸਕ ਸ਼ਾਂਤੀ ਮਿਲ ਰਹੀ ਹੈ। ਸਾਰੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਇਥੇ ਲਿਆਉਣ ਅਤੇ ਏਨੇ ਵਧੀਆ ਘਰ ਅਤੇ ਹੋਸਟਲ ਵਾਲੇ ਮਾਹੌਲ ਵਿਚ ਰੱਖਣ ਲਈ ਧਨਵਾਦ ਕੀਤਾ। ਉਨ੍ਹਾਂ ਹੋਰਾਂ ਲੋਕਾਂ (ਜੋ ਇਕਾਂਤਵਾਸ ਵਿਚ ਹਨ) ਨੂੰ ਵੀ ਅਪੀਲ ਕੀਤੀ ਕਿ ਉਹ ਅਪਣਾ ਇਹ ਸਮਾਂ ਹਾਂ-ਪੱਖੀ ਸੋਚ ਨਾਲ ਬਿਤਾਉਣ ਨੂੰ ਤਰਜੀਹ ਦੇਣ।
ਇਸ ਮੌਕੇ ਇਸ ਇਕਾਂਤਵਾਸ ਸੈਂਟਰ ਦੇ ਨੋਡਲ ਅਫ਼ਸਰ-ਕਮ-ਸੰਯੁਕਤ ਕਮਿਸ਼ਨਰ ਨਗਰ ਨਿਗਮ ਕੁਲਪ੍ਰੀਤ ਸਿੰਘ ਨੇ ਦਸਿਆ ਕਿ ਇਹ ਬੱਚੇ ਇਥੇ ਮੁਹਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਤੋਂ ਕਾਫੀ ਖ਼ੁਸ਼ ਹਨ। ਇਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੋਜ਼ਾਨਾ ਤਿੰਨ ਵਾਰ ਵਧੀਆ ਖਾਣਾ ਦੇਣ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।