
35 ਫ਼ੀ ਸਦੀ ਘੱਟ ਪ੍ਰਵਾਸੀਆਂ ਦੀ ਹੋਈ ਰਵਾਨਗੀ
ਐਸ.ਏ.ਐਸ ਨਗਰ, 7 ਮਈ (ਸੁਖਦੀਪ ਸਿੰਘ ਸੋਈਂ): ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਵਾਲੀ ਪਹਿਲੀ ਵਿਸ਼ੇਸ਼ ਰੇਲ ਗੱਡੀ ਅੱਜ ਮੋਹਾਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਕੁਲ 1288 ਕਾਮੇ ਐਸ.ਏ.ਐਸ. ਨਗਰ ਵਿਚ ਕੰਮ ਕਰਨ ਲਈ ਆਏ ਸਨ ਅਤੇ ਹਰਦੋਈ ਤੋਂ ਪਹਿਲਾਂ ਬਿਨਾਂ ਰੁਕੇ ਰੁਕਾਵਟ ਦੇ ਅਪਣੇ ਜੱਦੀ ਜ਼ਿਲ੍ਹੇ ਲਈ ਰਵਾਨਾ ਹੋਏ। 24 ਕੋਚਾਂ ਵਾਲੀ ਰੇਲ ਗੱਡੀ ਸਵੇਰੇ 10 ਵਜੇ ਮੋਹਾਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਅਤੇ ਅਪਣੇ ਸਮੇਂ ਅਨੁਸਾਰ ਚੱਲ ਰਹੀ ਹੈ।
ਰੇਲਵੇ ਸਟੇਸ਼ਨ 'ਤੇ ਤਾਇਨਾਤ ਸਟਾਫ਼ ਨੇ ਇਹ ਯਕੀਨੀ ਬਣਾਇਆ ਕਿ ਕਰਮਚਾਰੀ ਰੇਲ ਗੱਡੀ 'ਚ ਚੜ੍ਹਦਿਆਂ ਸਮਾਜਕ ਦੂਰੀਆਂ ਦੀ ਪਾਲਣਾ ਕਰਨ। ਪ੍ਰਸ਼ਾਸਨ ਨੇ ਸਾਰੇ ਯਾਤਰੀਆਂ ਲਈ ਪੀਣ ਵਾਲੇ ਪਾਣੀ ਅਤੇ ਭੋਜਨ ਨੂੰ ਯਕੀਨੀ ਬਣਾਇਆ। ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਯਾਲਨ ਅਤੇ ਏ.ਡੀ.ਸੀ. ਆਸਿਕਾ ਜੈਨ ਦੇ ਨਾਲ ਐਸ.ਡੀ.ਐਮ ਅਤੇ ਹੋਰ ਅਧਿਕਾਰੀਆਂ ਨੇ ਸਹਿਯੋਗੀ ਤਾਲਮੇਲ ਕੀਤਾ ਅਤੇ ਮਜ਼ਦੂਰਾਂ ਨੂੰ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਰੇਲ ਗੱਡੀ ਵਿਚ ਚੜ੍ਹਨ ਤੋਂ ਪਹਿਲਾਂ ਮਜ਼ਦੂਰਾਂ ਦੀ ਨਿਰਧਾਰਤ ਕੁਲੈਕਸ਼ਨ ਸੈਂਟਰਾਂ ਵਿਚ ਚੰਗੀ ਤਰਾਂ ਜਾਂਚ ਕੀਤੀ ਗਈ। ਉਨ੍ਹਾਂ ਨੂੰ ਅੱਠ ਕੁਲੈਕਸ਼ਨ ਸੈਂਟਰਾਂ ਤੋਂ ਰੇਲਵੇ ਸਟੇਸ਼ਨ ਤਕ ਬਸਾਂ ਰਾਹੀਂ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਪੋਰਟਲ 'ਤੇ ਰਜਿਸਟਰ ਕਰਵਾਉਣ ਵਾਲਿਆਂ ਨਾਲੋਂ 35 ਫ਼ੀਸਦੀ ਘੱਟ ਰਵਾਨਾ ਹੋਏ।
ਉਨ੍ਹਾਂ ਅੱਗੇ ਦਸਿਆ ਕਿ ਰਵਾਨਗੀ ਯੋਜਨਾ ਦੀ ਪੁਸ਼ਟੀ ਲਈ ਇਕ ਦਿਨ ਪਹਿਲਾਂ 1188 ਵਿਅਕਤੀਆਂ ਨਾਲ ਸੰਪਰਕ ਕੀਤਾ ਗਿਆ ਸੀ ਪਰ 25 ਫ਼ੀਸਦੀ ਨੇ ਜਾਣ ਤੋਂ ਇਨਕਾਰ ਕਰ ਦਿਤਾ ਜਦਕਿ 10 ਫ਼ੀਸਦੀ ਪੁਸ਼ਟੀ ਹੋਣ ਦੇ ਬਾਅਦ ਵੀ ਰੇਲਵੇ ਸਟੇਸ਼ਨ 'ਤੇ ਨਹੀਂ ਗਏ। ਇਸ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਖਵੀਂ/ਉਡੀਕ ਸੂਚੀ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਜਾਣ ਦੀ ਸਹੂਲਤ ਦਿਤੀ।
File photo
ਅੰਮ੍ਰਿਤਸਰ ਤੋਂ ਵੀ ਵਿਸ਼ੇਸ਼ ਰੇਲ ਗੱਡੀ ਰਵਾਨਾ
ਅੰਮ੍ਰਿਤਸਰ, 7 ਮਈ (ਅਰਵਿੰਦਰ ਵੜੈਚ): ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਨਾਲ ਦੂਸਰੇ ਰਾਜਾਂ ਦੇ ਲੋਕਾਂ ਨੂੰ ਘਰ ਪਹੁੰਚਾਉਣ ਲਈ ਲੋਕਾਂ ਦੀ ਕੀਤੀ ਗਈ ਰਜਿਸਟ੍ਰੇਸ਼ਨ ਤੋਂ ਬਾਅਦ ਪਹਿਲੇ ਪੜਾਅ ਵਿਚ 1188 ਮੁਸਾਫ਼ਰ ਵਿਸ਼ੇਸ਼ ਰੇਲ ਗੱਡੀ ਰਾਹੀਂ ਗੌਂਡਾ, ਉੱਤਰ ਪ੍ਰਦੇਸ਼ ਲਈ ਰਵਾਨਾ ਕਰ ਦਿਤੇ ਗਏ। ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਰਜਿਸਟ੍ਰੇਸ਼ਨ ਦੌਰਾਨ ਕਰੀਬ 64,000 ਦੂਸਰੇ ਰਾਜਾਂ ਦੇ ਲੋਕਾਂ ਨੇ ਅਪਣੀ ਘਰ ਵਾਪਸੀ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਨੂੰ ਧਿਆਨ ਵਿਚ ਰਖਦਿਆਂ ਸ਼ਾਮ ਨੂੰ ਪੰਜਾਬ ਸਰਕਾਰ ਨੇ ਅਪਣੇ ਖ਼ਰਚੇ ਉਤੇ 1188 ਯਾਤਰੀ ਰਵਾਨਾ ਕੀਤੇ।
ਉਨ੍ਹਾਂ ਕਿਹਾ ਕਿ ਜੋ ਲੋਕ ਅਪਣੇ ਖ਼ਰਚੇ ਉਤੇ ਪ੍ਰਾਈਵੇਟ ਵਾਹਨਾਂ ਰਾਹੀਂ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਜਾਣ ਦੀ ਇਜਾਜ਼ਤ ਦਿਤੀ ਜਾਵੇਗੀ। ਦੂਸਰੇ ਰਾਜਾਂ ਨੂੰ ਜਾਣ ਵਾਲੇ ਵਿਅਕਤੀਆਂ ਦੀ ਪੂਰੀ ਰੂਪ-ਰੇਖਾ ਲਈ ਰਜਤ ਓਬਰਾਏ ਜ਼ਿਲ੍ਹਾ ਨੋਡਲ ਅਧਿਕਾਰੀ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਦੂਸਰੇ ਰਾਜਾਂ ਦੇ ਜਿਨ੍ਹਾਂ ਲੋਕਾਂ ਨੇ ਘਰ ਜਾਣ ਲਈ ਅਪਣਾ ਨਾਮ ਰਜਿਸਟਰਡ ਕਰਵਾਇਆ ਹੈ, ਜਦੋਂ ਉਨ੍ਹਾਂ ਨੂੰ ਪ੍ਰਸ਼ਾਸਨਕ ਅਧਿਕਾਰੀਆਂ, ਕਰਮਚਾਰੀਆਂ ਵਲੋਂ ਖ਼ੁਦ ਫ਼ੋਨ ਕਰ ਕੇ ਜਾਣ ਲਈ ਕਿਹਾ ਜਾਵੇਗਾ, ਜਿਸ ਦੇ ਲਈ ਸਮਾਂ ਅਤੇ ਸਥਾਨ ਨਿਰਧਾਰਤ ਕੀਤਾ ਜਾਵੇਗਾ। ਯਾਤਰੀਆਂ ਦੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਹੈਲਥ ਸਕਰੀਨਿੰਗ ਵੀ ਕੀਤੀ ਜਾਵੇਗੀ।