
ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਕੀਤਾ ਧਰਨਾ ਦੇਣ ਦਾ ਐਲਾਨ
ਅੰਮ੍ਰਿਤਸਰ, 8 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਪੰਥਕ ਆਗੂ ਨੇ ਇਕ ਵਾਰੀ ਫਿਰ ਮਜ਼ਦੂਰ ਬਨਾਮ ਮਜ਼ਬੂਰ ਜਮਾਤ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਰਾਧਾ ਸੁਆਮੀ ਡੇਰਾ ਵਲੋਂ 20 ਹਜ਼ਾਰ ਏਕੜ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਜਮਾਉਣ ਤੋਂ ਬਾਅਦ ਗ੍ਰਾਮ ਪੰਚਾਇਤ ਜੋਧੇ ਅਤੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਰੀਬ 50 ਕਰੋੜ ਦੀ ਜ਼ਮੀਨ ਦੇ ਸਕੈਂਡਲ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਹੁਣ ਉਹ ਇਸ ਪਿੰਡ ਦੀ ਜ਼ਮੀਨ ਬਚਾਉਣ ਲਈ ਧਰਨਾ ਲਗਾਉਣਗੇ।
1
ਸਿਰਸਾ ਨੇ ਮੀਡੀਆ ਨੂੰ ਦਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਲੈ ਕੇ ਗਵਰਨਰ ਪੰਜਾਬ ਸਰਕਾਰ ਨੂੰ ਈ ਮੇਲ ਰਾਹੀ ਦਿਤੇ ਮੰਗ ਪੱਤਰ ਭੇਜ ਕੇ ਜਾਣਕਾਰੀ ਦਿਤੀ ਗਈ ਹੈ ਕਿ ਡੇਰੇ ਵਲੋਂ ਜੂਨ 2018 ਨੂੰ ਗ੍ਰਾਮ ਪੰਚਾਇਤ ਜੋਧੇ ਦੀ 120 ਏਕੜ ਜ਼ਮੀਨ ਦਾ ਤਬਾਦਲਾ ਕਰ ਕੇ ਬਦਲੇ ਕੇਵਲ 60 ਏਕੜ ਜ਼ਮੀਨ ਵੱਖ-ਵੱਖ ਪਿੰਡਾਂ ਸ਼ੇਰੋ ਬਾਘਾ, ਸੇਰੌ ਨਿਹਾਗ, ਖਾਨਪੁਰ ਅਤੇ ਬੈਣੀ ਰਾਮ ਦਿਆਲ 'ਚ ਤਬਾਦਲੇ ਦੀ ਮਨਜ਼ੂਰੀ ਲੈਣ ਵਾਸਤੇ ਕੇਸ ਸਰਕਾਰ ਨੂੰ ਭੇਜਿਆ ਗਿਆ ਸੀ।
ਸਿਰਸਾ ਨੇ ਦਸਿਆ ਕਿ ਉਨ੍ਹਾਂ ਨੂੰ ਪਤਾ ਲੱਗਣ 'ਤੇ ਇਸ ਦੀ ਲਿਖਤੀ ਸ਼ਿਕਾਇਤ ਕਰਨ 'ਤੇ ਇਹ ਫ਼ਾਈਲ ਬੰਦ ਹੋ ਗਈ ਸੀ। ਪਰ 120 ਏਕੜ ਜ਼ਮੀਨ 'ਤੇ ਕਬਜ਼ਾ ਪਹਿਲਾਂ ਹੀ ਕਈ ਸਾਲਾਂ ਤੋਂ ਡੇਰੇ ਦਾ ਹੈ। ਕੁੱਝ ਜ਼ਮੀਨ ਦੀ ਹਰ ਸਾਲ ਪੰਚਾਇਤ ਵਲੋਂ ਬੋਲੀ ਕੀਤੀ ਜਾਂਦੀ ਹੈ। ਇਹ ਸੱਭ ਫ਼ਰਜ਼ੀ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ ਜਿਸ ਦੀ ਪੜਤਾਲ ਕਰਾਉਣ 'ਤੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਤਬਾਦਲਾ ਤੁਰਤ ਰੋਕਿਆ ਜਾਵੇ ਅਤੇ 12 ਸਤੰਬਰ 2018 ਨੂੰ ਲਾਏ ਧਰਨੇ ਦੀਆਂ ਸਾਰੀਆਂ ਮੰਗਾਂ 'ਤੇ ਗਹੁ ਨਾਲ ਵਿਚਾਰ ਕਰ ਕੇ ਪੀੜਤ ਲੋਕਾਂ ਨੂੰ ਇਨਸਾਫ਼ ਦਿਤਾ ਜਾਵੇ।
ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਅੱਜ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਸਮੇਂ ਕਰਫ਼ਿਊ ਕਾਰਨ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ 'ਚ ਕੰਮ ਠੱਪ ਹਨ। ਪਰ ਉਕਤ ਡੇਰੇ ਵਲੋਂ ਇਨ੍ਹਾਂ ਦਿਨਾਂ 'ਚ ਦੁਬਾਰਾ ਕੇਸ ਭੇਜਿਆ ਹੈ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ15 ਦਿਨਾਂ ਦਾ ਨੋਟਿਸ ਦਿੰਦੇ ਹਨ। ਜੇਕਰ ਇਸ ਤਬਾਦਲੇ 'ਤੇ ਰੋਕ ਨਾ ਲਗਾਈ ਗਈ ਤਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਲਈ ਉਹ ਮਜਬੂਰ ਹੋਣਗੇ।