
ਜ਼ਖ਼ਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚ ਕੀਤਾ ਗਿਆ ਰੈਫਰ
ਫ਼ਿਰੋਜ਼ਪੁਰ (ਮਲਕੀਅਤ ਸਿੰਘ): ਫਿਰੋਜ਼ਪੁਰ ਦੇ ਪਿੰਡ ਖਿਲਚੀਆਂ ਵਿਖੇ ਬੀਤੀ ਰਾਤ ਰਸਤੇ ਵਿਚ ਖੜ੍ਹੀ ਟਰਾਲੀ ਨੂੰ ਲੈ ਕੇ ਗੋਲੀਆਂ ਅਤੇ ਛੁਰੇ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 7 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਰੈਫਰ ਕੀਤਾ ਗਿਆ।
Firing At Firozpur
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖਿਲਚੀਆਂ ਵਿਖੇ ਰਸਤੇ ਵਿਚ ਤੂੜੀ ਵਾਲੀ ਟਰਾਲੀ ਖੜ੍ਹੀ ਸੀ ਅਤੇ ਇਕ ਧਿਰ ਟਰਾਲੀ ਤੋਂ ਤੂੜੀ ਲਾਹ ਰਹੀ ਸੀ ਜਿਸ ਦੌਰਾਨ ਦੂਜੀ ਧਿਰ ਭੱਠੇ ਤੋਂ ਇੱਟਾਂ ਲੈਣ ਉਸੇ ਰਸਤੇ ਤੋਂ ਲੰਘ ਰਹੀ ਸੀ। ਇਸੇ ਦੌਰਾਨ ਦੋਹਾਂ ਧਿਰਾਂ ਵਿਚ ਹੋਈ ਤਕਰਾਰ ਤੋਂ ਮਾਮਲਾ ਵਧ ਗਿਆ ਅਤੇ ਇਕ ਧਿਰ ਵਲੋਂ ਦੂਜੀ ਧਿਰ ’ਤੇ ਗੋਲੀਆਂ ਚਲਾਈਆਂ ਗਈਆਂ।
Police Officer
ਇਸ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 7 ਵਿਅਕਤੀ ਜ਼ਖਮੀ ਹੋ ਗਏ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਮੈਡੀਕਲ ਅਫਸਰ ਡਾਕਟਰ ਜਗਦੀਪ ਸਿੰਘ ਨੇ ਦੱਸਿਆ ਕਿ 7 ਲੋਕ ਜਿਨ੍ਹਾਂ ਵਿਚ ਔਰਤ ਅਤੇ ਬੱਚੇ ਸ਼ਾਮਲ ਹਨ ਦੇ ਗੋਲੀਆਂ ਅਤੇ ਛੁਰੇ ਵੱਜਣ ਕਾਰਨ ਗੰਭੀਰ ਜ਼ਖਮੀ ਸਨ। ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।