
ਗੈਂਗ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ, ‘ਇਹ ਕਤਲ ਲੱਕੀ ਪਟਿਆਲ ਨੇ ਕਰਵਾਇਆ ਹੈ'
Punjab News: ਬੰਬੀਹਾ ਗੈਂਗ ਨੇ ਕੱਲ੍ਹ ਮੁਹਾਲੀ ਜ਼ਿਲ੍ਹੇ ਦੇ ਖਰੜ ਕਸਬੇ ਵਿਚ ਬਾਊਂਸਰ ਮਨੀਸ਼ ਕੁਮਾਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ, ‘ਇਹ ਕਤਲ ਲੱਕੀ ਪਟਿਆਲ ਨੇ ਕਰਵਾਇਆ ਹੈ। ਇਹ 5 ਸਾਲ ਪਹਿਲਾਂ ਮੀਤ ਬਾਊਂਸਰ ਦੇ ਕਤਲ ਦਾ ਬਦਲਾ ਲਿਆ ਗਿਆ ਹੈ। ਪੋਸਟ 'ਚ ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿਤੀ ਕਿ ਜਿੰਨਾ ਜ਼ਿਆਦਾ ਸਮਾਂ ਬੀਤਦਾ ਜਾਵੇਗਾ, ਓਨੀ ਹੀ ਦੁਸ਼ਮਣੀ ਵਧੇਗੀ। ਕਿਸੇ ਨੂੰ ਵੀ ਕਿਸੇ ਕਿਸਮ ਦੀ ਗਲਤਫਹਿਮੀ ਵਿਚ ਨਹੀਂ ਹੋਣਾ ਚਾਹੀਦਾ’।
ਪੰਜ ਸਾਲ ਪਹਿਲਾਂ ਪੰਚਕੂਲਾ ਦੇ ਸਕੇਤੜੀ ਪਿੰਡ ਵਿਚ ਇਕ ਸ਼ਿਵ ਮੰਦਰ ਦੇ ਸਾਹਮਣੇ ਬਾਊਂਸਰ ਮੀਤ ਦਾ ਦਿਨ-ਦਿਹਾੜੇ ਕਤਲ ਕਰ ਦਿਤਾ ਗਿਆ ਸੀ। ਉਹ ਚੰਡੀਗੜ੍ਹ ਦੇ ਇਕ ਕਲੱਬ ਵਿਚ ਝਗੜੇ ਕਾਰਨ ਮਾਰਿਆ ਗਿਆ ਸੀ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 26 ਦੇ ਇਕ ਕਲੱਬ ਵਿਚ ਵਾਪਰੀ। ਦਸਿਆ ਜਾ ਰਿਹਾ ਹੈ ਕਿ ਕੁਰੂਕਸ਼ੇਤਰ ਦੀ ਕਲੱਬ ਵਿਚ ਲੜਾਈ ਹੋ ਗਈ ਸੀ, ਉਥੇ ਹੰਗਾਮਾ ਕਰਨ ਤੋਂ ਬਾਅਦ ਉਨ੍ਹਾਂ ਦਾ ਬਾਊਂਸਰ ਗਗਨਦੀਪ ਸਿੰਘ ਨਾਲ ਝਗੜਾ ਹੋ ਗਿਆ। ਮੀਤ ਗਗਨ ਦੀ ਮਦਦ ਕਰਨ ਲਈ ਉੱਥੇ ਪਹੁੰਚ ਗਿਆ। ਇਸ ਝਗੜੇ ਨੂੰ ਲੈ ਕੇ ਬਾਊਂਸਰ ਮੀਤ ਦੀ ਹਤਿਆ ਕਰ ਦਿਤੀ ਗਈ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਗਰੁੱਪਾਂ ਵਿਚ ਪੁਰਾਣਾ ਝਗੜਾ ਚੱਲ ਰਿਹਾ ਹੈ। 5 ਜੁਲਾਈ 2016 ਨੂੰ ਸੈਕਟਰ 26 ਦੇ ਇਕ ਜਿਮ ਦੇ ਟ੍ਰੇਨਰ ਅਖਿਲ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਸ ਸਮੇਂ ਪੁਲਿਸ ਨੇ ਗਗਨਦੀਪ ਸਿੰਘ ਵਾਸੀ ਨਯਾਗਾਓਂ, ਮਨੀਸ਼ ਕੁਮਾਰ ਉਰਫ ਮਨੀ ਵਾਸੀ ਤਿਊੜ ਅਤੇ ਗੁਰਪ੍ਰੀਤ ਸਿੰਘ ਉਰਫ ਗੋਗੀ ਵਿਰੁਧ ਮਾਮਲਾ ਦਰਜ ਕੀਤਾ ਸੀ। ਇਸ ਗੋਲੀਬਾਰੀ ਦਾ ਬਦਲਾ ਲੈਣ ਲਈ ਬੰਬੀਹਾ ਗੈਂਗ ਨੇ ਸੈਕਟਰ 26 ਦੇ ਇਕ ਕਲੱਬ ਦੇ ਅੰਦਰ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਬਾਊਂਸਰ ਮੀਤ ਦੀ ਹਤਿਆ ਹੋ ਗਈ।