
ਸਿਹਤ ਤੇ ਪਰਵਾਰ ਭਲਾਈ ਵਿਭਾਗ, ਪੰਜਾਬ ਨੇ ਅੱਜ ਵੱਡੀ ਉਪਲਬੱਧੀ ਹਾਸਲ ਕੀਤੀ ਹੈ
ਚੰਡੀਗੜ੍ਹ, 7 ਜੂਨ (ਸਸਸ): ਸਿਹਤ ਤੇ ਪਰਵਾਰ ਭਲਾਈ ਵਿਭਾਗ, ਪੰਜਾਬ ਨੇ ਅੱਜ ਵੱਡੀ ਉਪਲਬੱਧੀ ਹਾਸਲ ਕੀਤੀ ਹੈ ਕਿ ਮੀਜ਼ਲਜ਼ (ਖਸਰਾ)-ਰੂਬੈਲਾ ਟੀਕਾਕਰਨ ਮੁਹਿੰਮ ਅਧੀਨ 50 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਇਹ ਟੀਕਾਕਰਨ 9 ਮਹੀਨੇ ਤੋਂ ਲੈ ਕੇ 15 ਸਾਲ ਤਕ ਦੇ ਬੱਚਿਆਂ ਦਾ ਮੀਜ਼ਲਜ਼ (ਖਸਰਾ)-ਰੂਬੈਲਾ ਬੀਮਾਰੀ ਖ਼ਿਲਾਫ਼ ਕੀਤਾ ਜਾ ਰਿਹਾ ਹੈ।
rubella vaccinationਇਸ ਸਬੰਧੀ ਸਿਹਤ ਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਪੰਜਾਬ ਰਾਜ ਨੇ ਵਿਸ਼ੇਸ਼ ਮੀਜ਼ਲਜ਼-ਰੂਬੈਲਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 1 ਮਈ, 2018 ਨੂੰ ਕੀਤੀ ਸੀ। 6 ਜੂਨ, 2018 ਤਕ ਪੰਜਾਬ ਭਰ ਵਿਚ ਸਕੂਲਾਂ ਤੇ ਆਉਟਰੀਚ ਪ੍ਰੋਗਰਾਮਾਂ ਰਾਹੀਂ 50 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
Brahm Mohindraਸਿਹਤ ਤੇ ਪਰਵਾਰ ਭਲਾਈ ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਵਿਚ ਮੀਜ਼ਲਜ਼-ਰੂਬੈਲਾ ਦੀ ਮੁਹਿੰਮ ਦੀ ਸ਼ੁਰੂਆਤ ਸਮੇਂ ਮੁਸ਼ਕਲਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਮਹਿਕਮੇ ਵੱਲੋਂ ਸਮੇਂ ਸਿਰ ਬਹੁਪੱਖੀ ਉੱਧਮਾਂ ਰਾਹੀਂ ਲੋਕਾਂ ਵਿਚ ਗ਼ਲਤ ਅਫ਼ਵਾਹਾਂ ਨੂੰ ਦੂਰ ਕਰ ਦਿਤਾ ਜਿਸ ਦੇ ਚੱਲਦੇ ਸਕਾਰਾਤਮਕ ਨਤੀਜੇ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਸਿਹਤ ਮੁਲਾਜਮਾਂ, ਸਿਖਿਆ ਵਿਭਾਗ, ਡਿਪਟੀ ਕਮਿਸ਼ਨਰ ਅਤੇ ਹੋਰ ਭਾਈਵਾਲਾਂ ਵਲੋਂ ਕੀਤੇ ਜਾ ਰਹੇ ਉੱਧਮਾਂ ਦੀ ਪ੍ਰਸ਼ੰਸਾ ਕੀਤੀ ਹੈ।
rubella vaccinationਸਿਹਤ ਤੇ ਪਰਵਾਰ ਭਲਾਈ ਮੰਤਰੀ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਅਪਣੇ ਬੱਚਿਆਂ ਦਾ ਐਮ ਆਰ ਦਾ ਮੁਫ਼ਤ ਟੀਕਾਕਰਨ ਨਹੀਂ ਕਰਵਾ ਸਕੇ ਤਾਂ ਉਹ ਨਜ਼ਦੀਕੀ ਸਿਹਤ ਸੰਸਥਾ ਵਿਚ ਜਾ ਕੇ ਟੀਕਾਕਰਨ ਜ਼ਰੂਰ ਕਰਵਾਉਣ। ਬ੍ਰਹਮ ਮਹਿੰਦਰਾ ਨੇ ਦਸਿਆ ਕਿ ਪੰਜਾਬ ਨੇ ਇਕ ਹੋਰ ਪ੍ਰਾਪਤੀ ਹੈ ਕਿ ਰਾਜ ਵਿਚ ਮਾਂ ਮੌਤ ਦਰ 19 ਪੁਆਇੰਟ ਘੱਟ ਦਰਜ ਕੀਤੀ ਹੈ। ਐਸਆਰਐਸ ਦੇ ਡਾਟਾ ਅਨੁਸਾਰ ਰਾਜ ਵਿਚ ਮਾਂ ਮੌਤ ਦਰ 141 ਪ੍ਰਤੀ 1 ਲੱਖ ਤੋਂ ਘੱਟ ਕੇ 122 ਰਹਿ ਗਈ ਹੈ।