
ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਲਗਾਤਾਰ ਪਾਜ਼ੇਟਿਵ ਕੇਸਾਂ ਵਿਚ ਉਛਾਲ ਆ ਰਿਹਾ ਹੈ।
ਚੰਡੀਗੜ੍ਹ, 7 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਲਗਾਤਾਰ ਪਾਜ਼ੇਟਿਵ ਕੇਸਾਂ ਵਿਚ ਉਛਾਲ ਆ ਰਿਹਾ ਹੈ। ਮੌਤਾਂ ਦਾ ਸਿਲਸਿਲਾ ਵੀ ਨਾਲ ਹੀ ਚਲ ਰਿਹਾ ਹੈ। ਅੱਜ ਜਿਥੇ ਕੋਰੋਨਾ ਪੀੜਤ ਇਲਾਜ ਅਧੀਨ ਮਰੀਜ਼ਾਂ ਦੀ 2 ਹੋਰ ਮੌਤਾਂ ਹੋਈਆਂ ਹਨ, ਉਥੇ ਪਿਛਲੇ 24 ਘੰਟਿਆਂ ਦੌਰਾਨ 100 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਸ਼ਾਇਦ ਹੁਣ ਤਕ ਦਾ ਇਕ ਦਿਨ ਦਾ ਸੱਭ ਛੋਂ ਵਧ ਅੰਕੜਾ ਹੈ।
ਅੱਜ ਲੁਧਿਆਣਾ ਵਿਚ ਜਿਥੇ ਇਕ ਮੌਤ ਹੋਈ, ਉਥੇ ਜ਼ਿਲ੍ਹਾ ਪਟਿਆਲਾ ਦੇ ਨਾਭਾ ਨਾਲ ਸਬੰਧਤ ਇਕ ਕੋਰੋਨਾ ਪੀੜਤ ਦੀ ਮੌਤ ਹੋਈ ਹੈ। ਇਸ ਤਰ੍ਹਾਂ ਮੌਤਾਂ ਦੀ ਕੱਲ ਗਿਣਤੀ 52 ਹੋ ਗਈ ਹੈ। ਇਸੇ ਤਰ੍ਹਾਂ ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ 2600 ਤੋਂ ਪਾਰ ਹੋ ਗਿਆ ਹੈ। ਸ਼ਾਮ ਤਕ ਇਹ ਗਿਣਤੀ 2608 ਦਰਜ ਹੋਈ ਹੈ। ਇਲਾਜ ਅਧੀਨ ਮਰੀਜ਼ਾਂ ਦਾ ਅੰਕੜਾ ਵੀ ਵਧਿਆ ਹੈ, ਜੋ ਇਸ ਸਮੇਂ 451 ਹੈ।
File Photo
8 ਮਰੀਜ਼ਾਂ ਆਕਸੀਜਨ ਅਤੇ 3 ਵੈਂਟੀਲੇਟਰ ਉਪਰ ਗੰਭੀਰ ਹਾਲਤ ਵਿਚ ਹਨ। ਅੱਜ 14 ਹੋਰ ਮਰੀਜ਼ ਠੀਕ ਹੋਣ ਨਾਲ ਇਹ ਕੁੱਲ ਅੰਕੜਾ 2106 ਹੋ ਗਿਆ ਹੈ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਲੰਧਰ ਹੀ ਕੋਰੋਨਾ ਦਾ ਹਾਟ ਸਪਾਟ ਕੇਂਦਰ ਬਣੇ ਹੋਏ ਹਨ। ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਛਲੇ 24 ਘੰਟੇ ਦੌਰਾਨ 35 ਅਤੇ ਜਲੰਧਰ ਵਿਚ 23 ਹੋਰ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 450 ਤੋਂ ਵੱਧ ਅਤੇ ਜਲੰਧਰ ਵਿਚ 300 ਦੇ ਨੇੜੇ ਪਹੁੰਚ ਚੁੱਕਾ ਹੈ।