
ਪੰਜਾਬ ਵਿਚ ਕੋਰੋਨਾ ਮਹਾਂਮਾਰੀ
ਚੰਡੀਗੜ੍ਹ, 7 ਜੂਨ (ਨੀਲ ਭਲਿੰਦਰ ਸਿੰਘ) : ਪੂਰੀ ਦੁਨੀਆ ਸਣੇ ਭਾਰਤ ਵੀ ਇਸ ਵੇਲੇ ਕੋਵਿਡ-19 ਮਹਾਂਮਾਰੀ ਨਾਲ ਜੂਝ ਰਿਹਾ ਹੈ। ਖਾਸਕਰ ਕਦੋਂ ਤੋਂ ਕੇਂਦਰ ਸਰਕਾਰ ਨੇ ਤਾਲਾਬੰਦੀ ਵਿਚ ਰਤਾ ਖੁਲ੍ਹ ਦਿਤੀ ਹੈ, ਉਦੋਂ ਤੋਂ ਪਾਜ਼ੇਟਿਵ ਕੇਸਾਂ ਵਿਚ ਲਗਾਤਾਰ ਇਜ਼ਾਫ਼ਾ ਹੋਣਾ ਜਾਰੀ ਹੈ। ਉਂਝ ਤਾਂ ਪੰਜਾਬ ਵੀ ਇਸ ਮਹਾਂਮਾਰੀ ਦੀ ਮਾਰ ਤੋਂ ਵਿਰਵਾ ਨਹੀਂ ਰਾਹੀ ਸਕਿਆ ਪਰ ਜੇਕਰ ਸੂਬੇ ਦੇ ਤਿੰਨ ਪ੍ਰਮੁੱਖ ਖਿਤਿਆਂ ਮਾਝਾ, ਮਾਲਵਾ ਅਤੇ ਦੋਆਬਾ ਦਾ ਇਸ ਮਹਾਂਮਾਰੀ ਦੇ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਪੱਖੋਂ ਤੁਲਨਾਤਮਕ ਅਧਿਐਨ ਕੀਤਾ ਜਾਵੇ ਤਾਂ ਖੁਸ਼ਖ਼ਬਰ ਇਹ ਕਹੀ ਜਾ ਸਕਦੀ ਹੈ ਕਿ ਸੂਬੇ ਦੇ ਮਾਲਵਾ ਖਿਤੇ ਵਿਚ ਹਾਲੇ ਇਸ ਮਹਾਂਮਾਰੀ ਦੇ ਪ੍ਰਕੋਪ ਪੱਖੋਂ ਕਾਫ਼ੀ ਖੈਰ-ਸੁਖ ਆਖੀ ਜਾ ਸਕਦੀ ਹੈ।
ਕਿਉਂਕਿ ਮਾਲਵੇ ਦੇ ਕਰੀਬ 9 ਜ਼ਿਲ੍ਹਿਆਂ ਵਿਚ ਹੁਣ ਤਕ ਪਾਏ ਗਏ ਕੁਲ ਕੇਸਾਂ ਦੀ ਗਿਣਤੀ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ ਬਣਦੀ ਹੈ। ਤਾਜ਼ਾ ਅਪਡੇਟ ਮੁਤਾਬਕ ਸੂਬੇ ਦੇ ਕੁਲ 2515 ਪਾਜ਼ੇਟਿਵ ਕੇਸਾਂ ਵਿਚੋਂ ਮਾਝੇ ਦੇ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ 16.58% ਅਰਥਾਤ 434 ਪਾਜ਼ੇਟਿਵ ਕੇਸ ਆ ਚੁੱਕੇ ਹਨ। ਜਦਕਿ ਮਾਲਵੇ ਦੇ ਮੁਕਤਸਰ 'ਚ 2.84% (70), ਫ਼ਰੀਦਕੋਟ 'ਚ 2.72% (67), ਫ਼ਤਿਹਗੜ੍ਹ ਸਾਹਿਬ 'ਚ ਵੀ 2.72% (69), ਮੋਗਾ 'ਚ 2.64% (66), ਫ਼ਤਿਹਗੜ੍ਹ ਸਾਹਿਬ 'ਚ ਵੀ 2.72% (69), ਬਠਿੰਡਾ 'ਚ 2.19% (55), ਫ਼ਿਰੋਜ਼ਪੁਰ ਤੇ ਫਾਜ਼ਿਲਕਾ 'ਚ ਬਰਾਬਰ-ਬਰਾਬਰ 1.87% (46), ਮਾਨਸਾ 'ਚ 1.3% (34) ਅਤੇ ਸੂਬੇ ਵਿਚ ਸੱਭ ਤੋਂ ਘੱਟ ਕੇਸ ਵੀ ਮਾਲਵਾ ਦੇ ਹੀ ਬਰਨਾਲਾ ਜ਼ਿਲ੍ਹੇ ਵਿਚ 0.98% (25) ਦਰਜ ਕੀਤੇ ਗਏ ਹਨ।
ਇਨ੍ਹਾਂ 9 ਜ਼ਿਲ੍ਹਿਆਂ ਦੇ ਕੁੱਲ ਕੇਸਾਂ ਦੀ ਕੁੱਲ ਫ਼ੀ ਸਦ ਅੰਮ੍ਰਿਤਸਰ ਜ਼ਿਲ੍ਹੇ ਤੋਂ ਮਾਸਾ ਕੁ ਵੱਧ ਹੈ। ਮਾਝਾ ਅਤੇ ਦੋਆਬਾ ਵਿਚ ਸੱਭ ਤੋਂ ਵੱਧ ਕੇਸ ਫ਼ੀ ਸਦ ਅੰਮ੍ਰਿਤਸਰ (16.58%) ਤੋਂ ਬਾਅਦ ਸੂਬੇ ਦੀ ਦੂਜੀ ਸੱਭ ਤੋਂ ਵੱਧ ਫ਼ੀ ਸਦ ਵਾਲਾ ਜ਼ਿਲ੍ਹਾ ਦੋਆਬਾ ਦਾ ਜਲੰਧਰ (10.97%-270 ਕੇਸ), ਫਿਰ ਲੁਧਿਆਣਾ (9.02%- 232 ਕੇਸ), ਤਰਨਤਾਰਨ (6.46%- 159 ਕੇਸ), ਗੁਰਦਾਸਪੁਰ (6.01%-148 ਕੇਸ), ਹੁਸ਼ਿਆਰਪੁਰ (5.44%-134 ਕੇਸ) ਅਤੇ ਸ਼ਹੀਦ ਭਗਤ ਸਿੰਘ ਨਗਰ (4.31%- 105 ਕੇਸ) ਹਨ। ਇਸ ਤੋਂ ਇਲਾਵਾ ਖੇਤਰੀ ਰਾਜਧਾਨੀ ਖੇਤਰ ਟ੍ਰਾਈਸਿਟੀ ਦਾ ਅਹਿਮ ਅੰਗ ਸ਼ਹੀਦ ਭਗਤ ਸਿੰਘ ਨਗਰ (ਮੋਹਾਲੀ) ਅਤੇ ਮੁੱਖ ਮੰਤਰੀ ਦਾ ਜੱਦੀ ਸ਼ਾਹੀ ਜਿਲਾ ਪਟਿਆਲਾ ਵੀ ਹਾਲ ਦੀ ਘੜੀ ਕਰੀਬ 125-125 ਪਾਜੀਟਿਵ ਕੇਸਾਂ (ਬਰਾਬਰ ਲਗਭਗ 5.01%) ਨਾਲ ਲਾਲੀ ਰੰਗੇ ਬਣੇ ਹੋਏ ਹਨ ਅਤੇ ਮਾਲਵਾ ਵਿਚ ਹੀ ਸੰਗਰੂਰ ਜਿਲਾ 104 (4.14%) ਕੇਸਾਂ ਨਾਲ ਕੋਈ ਸੁਖਾਵੇਂ ਹਾਲਾਤ ਵਿਚ ਨਹੀਂ ਗਿਣਿਆ ਜਾ ਸਕਦਾ।
ਦਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੇਟਿਵ ਕੇਸ ਸੱਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਵਿਚ ਸਾਹਮਣੇ ਆਇਆ ਸੀ। ਜਿਸ ਤੋਂ ਰਾਜ ਸਰਕਾਰ ਅਧਿਕਾਰਤ ਤੌਰ 'ਤੇ ਵਿਦੇਸ਼ ਯਾਤਰਾ ਪਿਛੋਕੜ (ਫੌਰਨ ਟਰੈਵਲ ਹਿਸਟਰੀ) ਨੂੰ ਪੰਜਾਬ ਵਿਚ ਕੋਰੋਨਾਂ ਦਾ ਪਹਿਲਾ ਸਰੋਤ ਐਲਾਨਿਆ ਸੀ। ਸੂਬਾ ਸਰਕਾਰ ਨੇ ਦੂਜੀ ਵੰਨਗੀ ਮੁਹਾਲੀ ਜ਼ਿਲ੍ਹੇ ਦੇ ਜਵਾਹਰਪੁਰ ਪਿੰਡ ਅਤੇ ਜਲੰਧਰ ਦੇ ਕੁੱਝ ਇਲਾਕਿਆਂ ਵਿਚ ਆਏ ਪਾਜ਼ੇਟਿਵ ਕੇਸਾਂ ਦੇ ਅਧਾਰ ਉਤੇ ਅਧਿਕਾਰਤ ਤੌਰ 'ਤੇ ਤਬਲਿਗੀ ਮਰਕਜ਼ ਵਿਚ ਹਿੱਸਾ ਲੈਣ ਵਾਲੇ ਐਲਾਨੀ ਸੀ।
ਜਦਕਿ ਸੂਬਾ ਸਰਕਾਰ ਵਲੋਂ ਤਰਨਤਾਰਨ ਜ਼ਿਲ੍ਹੇ ਵਿਚ ਤਖ਼ਤ ਨੰਦੇੜ ਸਾਹਿਬ ਅਬਚਲ ਨਗਰ ਹੁਜ਼ੂਰ ਸਾਹਿਬ (ਮਹਾਂਰਾਸ਼ਟਰ) ਤੋਂ ਪਰਤੇ ਵਿਅਕਤੀਆਂ 'ਚੋਂ ਪਾਜ਼ੇਟਿਵ ਕੇਸ ਪਾਏ ਜਾਣ ਮਗਰੋਂ ਇਸ ਨੂੰ ਤੀਜਾ ਅਧਿਕਾਰਤ ਸਰੋਤ ਹੁਣ ਤਕ ਐਲਾਨਿਆ ਜਾ ਚੁਕਿਆ ਹੈ। ਪੰਜਾਬ ਦੀ ਖਿੱਤਾ ਵੰਡ ਅਨੁਸਾਰ ਕੀਤੇ ਗਏ ਉਪਰੋਕਤ ਵਿਸ਼ਲੇਸ਼ਣ ਨੂੰ ਇਨ੍ਹਾਂ ਤਿੰਨ ਅਧਿਕਾਰਤ ਸਰੋਤਾਂ ਦੀ ਪਹੁੰਚ ਅਤੇ ਮੌਜੂਦਗੀ ਅਨੁਸਾਰ ਸਮਝਿਆ ਜਾ ਸਕਦਾ ਹੈ।