
12 ਜੂਨ ਨੂੰ ਐਸਪੀ ਭਾਰਦਵਾਜ ਦੇ ਦਫ਼ਤਰ ਪੇਸ਼ ਹੋਣ ਲਈ ਸਿੱਧੂ ਮੂਸੇਵਾਲਾ ਨੂੰ ਭੇਜਿਆ ਨੋਟਿਸ
ਚੰਡੀਗੜ੍ਹ, 7 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਤਾਲਾਬੰਦੀ ਦੌਰਾਨ ਪੁਲਿਸ ਕਰਮਚਾਰੀ ਦੀ ਏ.ਕੇ. 47 ਅਸਾਲਟ ਰਾਇਫ਼ਲ ਨਾਲ ਜ਼ਿਲ੍ਹੇ ਦੇ ਪਿੰਡ ਬਡਬਰ 'ਚ, ਗਾਇਕ ਸਿੱਧੂ ਮੂਸੇਵਾਲਾ ਦੁਆਰਾ ਸ਼ੌਂਕ ਪੂਰਾ ਕਰਨ ਲਈ ਚਲਾਈਆਂ ਗੋਲੀਆਂ ਸਬੰਧੀ ਥਾਣਾ ਧਨੌਲਾ ਵਿਖੇ ਦਰਜ਼ ਕੇਸ ਦੀ ਸੁਪਰਵੀਜ਼ਨ ਆਈਜੀ ਰੇਂਜ ਪਟਿਆਲਾ ਨੇ ਚੁੱਪ ਚਪੀਤੇ ਹੀ ਐਸਐਸਪੀ ਬਰਨਾਲਾ ਸੰਦੀਪ ਗੋਇਲ ਤੋਂ ਬਦਲ ਕੇ ਐਸਐਸਪੀ ਸੰਗਰੂਰ ਡਾਕਟਰ ਸੰਦੀਪ ਗਰਗ ਨੂੰ ਸੌਂਪ ਦਿਤੀ ਹੈ। ਜਦਕਿ ਇਸ ਕੇਸ ਦੀ ਜਾਂਚ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਕੋਲ ਹੀ ਰਹੇਗੀ। ਇਸ ਦੀ ਪੁਸ਼ਟੀ ਆਈਜੀ ਜਤਿੰਦਰ ਸਿੰਘ ਔਲਖ ਨੇ ਕਰ ਦਿਤੀ ਹੈ।
ਆਈਜੀ ਔਲਖ ਨੇ ਕੇਸ ਦੀ ਸੁਪਰਵੀਜ਼ਨ ਬਦਲੇ ਜਾਣ ਦਾ ਭਾਵੇਂ ਕੋਈ ਠੋਸ ਕਾਰਨ ਤਾਂ ਨਹੀਂ ਦਸਿਆ, ਪਰ ਇਨ੍ਹਾਂ ਜ਼ਰੂਰ ਕਿਹਾ ਹੈ ਕਿ ਸਿੱਧੂ ਦੇ ਬਰਨਾਲਾ ਜ਼ਿਲ੍ਹੇ ਵਾਲੇ ਕੇਸ ਦੀ ਜਾਂਚ ਦੀ ਸੁਪਰਵੀਜ਼ਨ ਹੁਣ ਬਦਲ ਦਿਤੀ ਗਈ ਹੈ। ਆਈਜੀ ਔਲਖ ਨੇ ਦਸਿਆ ਕਿ ਸਿੱਧੂ ਮੂਸੇਵਾਲਾ ਵਿਰੁਧ ਭਾਵੇਂ ਥਾਣਾ ਧਨੌਲਾ ਜ਼ਿਲ੍ਹਾ ਬਰਨਾਲਾ ਅਤੇ ਥਾਣਾ ਸਦਰ ਧੂਰੀ, ਜ਼ਿਲ੍ਹਾ ਸੰਗਰੂਰ ਵਿਖੇ ਵੱਖ-ਵੱਖ ਤਾਰੀਖਾਂ ਨੂੰ ਵੱਖ-ਵੱਖ ਜੁਰਮਾਂ ਤਹਿਤ ਦਰਜ ਹਨ।
File Photo
ਪ੍ਰੰਤੂ ਦੋਵਾਂ ਕੇਸਾਂ ਦੀ ਸੇਮ ਨੇਚਰ ਹੋਣ ਕਾਰਨ ਦੋਵਾਂ ਕੇਸਾਂ ਦੀ ਸੁਪਰਵੀਜ਼²ਨ ਐਸਐਸਪੀ ਸੰਗਰੂਰ ਨੂੰ ਸੌਂਪਣ ਦਾ ਨਿਰਣਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜਾਂਚ ਬਿਲਕੁਲ ਨਿਰਪੱਖ ਤਰੀਕੇ ਨਾਲ ਕੀਤੀ ਜਾ ਰਹੀ ਹੈ। ਉਧਰ ਆਈਜੀ ਔਲਖ ਨੇ ਦਸਿਆ ਕਿ ਸਿੱਧੂ ਮੂਸੇਵਾਲਾ ਨੂੰ ਧਨੌਲਾ ਥਾਣੇ 'ਚ, ਦਰਜ ਐਫਆਈਆਰ 'ਚ, ਬਰਨਾਲਾ ਦੇ ਐਸਪੀ ਪੀਬੀਆਈ ਤੇ ਕੇਸ ਦੇ ਜਾਂਚ ਅਧਿਕਾਰੀ ਰੁਪਿੰਦਰ ਭਾਰਦਵਾਜ ਦੇ ਦਫ਼ਤਰ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਹੈ। ਜੇਕਰ ਉਹ 12 ਜੂਨ ਨੂੰ ਵੀ ਪੇਸ਼ ਨਾ ਹੋਇਆ, ਤਾਂ ਅਗਲੀ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਪੁਲਿਸ ਸਿੱਧੂ ਮੂਸੇਵਾਲਾ ਨਾਲ ਖੇਡ ਰਹੀ ਲੁਕਣਮੀਚੀ ਦੀ ਖੇਡ : ਐਡਵੋਕੇਟ ਜੋਸ਼ੀ
ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪੀਆਈਐਲ ਦਾਇਰ ਕਰਕੇ ਗਾਇਕ ਸਿੱਧੂ ਮੂਸੇਵਾਲਾ ਅਤੇ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਐਡਵੋਕੇਟ ਰਵੀ ਜੋਸ਼ੀ ਨੇ ਕਿਹਾ ਕਿ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਨਾਲ ਦੋ ਕੇਸਾਂ 'ਚ ਵਾਂਟਡ ਹੋਣ ਦੇ ਬਾਵਜੂਦ ਵੀ ਲੁਕਣਮੀਚੀ ਦੀ ਖੇਡ, ਖੇਡ ਰਹੀ ਹੈ। ਥਾਣਾ ਧੂਰੀ ਅਤੇ ਥਾਣਾ ਧਨੌਲਾ ਦੀ ਪੁਲਿਸ ਸਿੱਧੂ ਮੂਸੇਵਾਲਾ ਨੂੰ ਫੜ੍ਹਨ ਲਈ ਰੇਡ ਕਰਨ ਦੀਆਂ ਗੱਲਾਂ ਕਰ ਰਹੀ ਹੈ।
ਜਦੋਂ ਕਿ ਨਾਭਾ ਪੁਲਿਸ ਫੜ੍ਹੇ ਜਾਣ ਦੇ ਬਾਵਜੂਦ ਵੀ ਸਿੱਧੂ ਨੂੰ ਸਿਰਫ਼ ਚਲਾਨ ਕੱਟ ਕੇ ਹੀ ਛੱਡੀ ਜਾ ਰਹੀ ਹੈ। ਇਹ ਪੰਜਾਬ ਦੇ ਲੋਕਾਂ ਅਤੇ ਨਿਆਂਇਕ ਪ੍ਰਣਾਲੀ ਦੇ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ। ਐਡਵੋਕੇਟ ਜੋਸ਼ੀ ਨੇ ਕਿਹਾ ਕਿ ਜੇਕਰ ਸਿੱਧੂ ਦੀ ਗ੍ਰਿਫ਼ਤਾਰੀ ਦੀ ਕੋਈ ਲੋੜ ਹੀ ਨਹੀਂ, ਫਿਰ ਉਸ ਦੇ ਨਾਲ ਦੇ ਸਹਿਦੋਸ਼ੀ ਕਿਉਂ ਅਦਾਲਤਾਂ 'ਚ, ਜ਼ਮਾਨਤਾਂ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦਸਿਆ ਕਿ ਸਿੱਧੂ ਨੇ ਦੋਵਾਂ ਦਰਜ ਕੇਸਾਂ ਚ, ਨਾ ਐਂਟੀਸਪੇਟਰੀ ਜ਼ਮਾਨਤ ਲਾਈ ਹੈ ਅਤੇ ਨਾ ਹੀ ਉਸ ਨੂੰ ਕੋਈ ਐਂਟੀਸਪੇਟਰੀ ਜ਼ਮਾਨਤ ਕਿਸੇ ਅਦਾਲਤ ਨੇ ਦਿਤੀ ਹੈ।
ਜੋਸ਼ੀ ਨੇ ਕਿਹਾ ਕਿ ਸੰਗਰੂਰ ਅਦਾਲਤ ਨੇ ਪੰਜ ਪੁਲਿਸ ਕਰਮਚਾਰੀਆਂ ਤੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਦੀ ਜ਼ਮਾਨਤ 'ਤੇ 9 ਜੂਨ ਤਕ ਰੋਕ ਲਾਈ ਹੋਈ ਹੈ। ਜਦਕਿ ਬਰਨਾਲਾ ਅਦਾਲਤ ਨੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਸਮੇਤ ਪੰਜ ਪੁਲਿਸ ਕਰਮਚਾਰੀਆਂ ਦੀ ਐਂਟੀਸਪੇਟਰੀ ਜ਼ਮਾਨਤ ਖਾਰਜ ਕਰ ਦਿਤੀ ਸੀ। ਜੰਗਸ਼ੇਰ ਸਿੰਘ ਨੂੰ ਪਿਛਲੇ ਦਿਨੀਂ ਹਾਈ ਕੋਰਟ ਤੋਂ ਐਂਟੀਸਪੇਟਰੀ ਜ਼ਮਾਨਤ ਮਿਲ ਗਈ ਹੈ, ਜਿਸ ਦੀ ਗ੍ਰਿਫ਼ਤਾਰੀ 'ਤੇ ਰੋਕ ਲਾਈ ਗਈ ਹੈ।