
ਅੰਮ੍ਰਿਤਸਰ ਦੇ ਕੇਵੜਾ ਹਰੀਪੁਰਾ ਇਲਾਕੇ ਵਿਚੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਅੰਮ੍ਰਿਤਸਰ, 7 ਜੂਨ (ਪਪ): ਅੰਮ੍ਰਿਤਸਰ ਦੇ ਕੇਵੜਾ ਹਰੀਪੁਰਾ ਇਲਾਕੇ ਵਿਚੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਨੂੰ ਉਸ ਦੇ ਘਰ ਦੇ ਬਾਹਰ ਹੀ ਗੋਲੀਆਂ ਨਾਲ ਭੁੰਨ ਦਿਤਾ ਗਿਆ। ਨੌਜਵਾਨ ਅਤੇ ਉਸ ਦੇ ਪਰਵਾਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਇਨ੍ਹਾਂ ਨੇ ਅਪਣੇ ਇਲਾਕੇ ਵਿਚ ਨਸ਼ੇ ਦੀ ਵਿਕਰੀ ਵਿਰੁਧ ਆਵਾਜ਼ ਬੁਲੰਦ ਕੀਤੀ ਸੀ ਅਤੇ ਇਸ ਇਲਾਕੇ ਵਿਚ ਰਹਿਣ ਵਾਲੀ ਇਕ ਔਰਤ ਨਾਲ ਇਨ੍ਹਾਂ ਦਾ ਝਗੜਾ ਹੋ ਗਿਆ ਸੀ ਇਸ ਦੌਰਾਨ ਉਸ ਨੇ ਕੁਝ ਲੋਕਾਂ ਨਾਲ ਮਿਲ ਕੇ ਇਸ ਨੌਜਵਾਨ ਉਤੇ ਅੰਨ੍ਹੇਵਾਹ ਗੋਲੀਆਂ ਚਲਵਾ ਦਿਤੀਆਂ। ਮ੍ਰਿਤਕ ਨੌਜਵਾਨ ਦੀ ਪਛਾਣ ਸੂਰਜ ਦੇ ਰੂਪ ਵਿਚ ਹੋਈ ਹੈ ਅਤੇ ਇਹ ਵੀ ਦਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦਾ ਇਕ ਹਫ਼ਤੇ ਬਾਅਦ ਵਿਆਹ ਸੀ।
ਘਰ ਵਿਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਇਸ ਦੌਰਾਨ ਉਸ ਨੂੰ ਬੀਤੀ ਰਾਤ ਗੋਲੀਆਂ ਦੇ ਨਾਲ ਮਾਰ ਦਿਤਾ ਗਿਆ। ਕਰੀਬ 15 ਗੋਲੀਆਂ ਘਰ ਦੇ ਬਾਹਰ ਫ਼ਾਇਰਿੰਗ ਕੀਤੀ ਗਈ, ਜਿਸ ਦੇ ਸਬੂਤ ਪਰਵਾਰ ਦੇ ਕੋਲ ਹਨ। ਗੋਲੀਆਂ ਦੇ ਹੋਲ ਬਰਾਮਦ ਕੀਤੇ ਗਏ ਹਨ। ਪਰਵਾਰ ਵਾਲਿਆਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਨਸ਼ੇ ਦੀ ਵਿਕਰੀ ਦੇ ਕਾਰਨ ਇਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਉਥੇ ਹੀ ਪੁਲਿਸ ਨੇ ਹਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।