
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਆਪਣੀ ਜੰਗ 'ਮਿਸ਼ਨ
ਪਟਿਆਲਾ, 7 ਜੂਨ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਆਪਣੀ ਜੰਗ 'ਮਿਸ਼ਨ ਫ਼ਤਿਹ' ਦੌਰਾਨ ਅਰੰਭ ਕੀਤੇ ਗਏ ਵਿਸ਼ੇਸ਼ ਫੇਸਬੁਕ ਲਾਈਵ ਪ੍ਰੋਗਰਾਮ 'ਆਸਕ ਕੈਪਟਨ' ਦੌਰਾਨ ਪਟਿਆਲਾ ਜ਼ਿਲ੍ਹੇ ਦੇ ਦੋ ਵਸਨੀਕ ਵੀ ਅੱਜ ਮੁੱਖ ਮੰਤਰੀ ਨਾਲ ਰੂ-ਬ-ਰੂ ਹੋਏ। ਇਨ੍ਹਾਂ ਵਿੱਚੋਂ ਇੱਕ ਪਟਿਆਲਾ ਦੇ ਇੱਕ ਵਾਸੀ ਮਨਜੀਤ ਸਿੰਘ ਵੀ ਸਨ, ਜਿਨ੍ਹਾਂ ਨੇ ਆਪਣੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 1980 ਦੇ ਦਹਾਕੇ ਦੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਆਪਣੀ ਬਿਮਾਰੀ ਕਰਕੇ ਆਖਰੀ ਸਾਂਹ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਚਾਹ ਦਾ ਕੱਪ ਸਾਂਝਾ ਕਰਨ ਦੀ ਇੱਛਾ ਜਤਾਈ ਹੈ, ਜਿਸ ਨੂੰ ਮੁੱਖ ਮੰਤਰੀ ਨੇ ਝੱਟ ਸਵਿਕਾਰ ਕਰ ਲਿਆ।
Captain Amarinder Singh
ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਮਨਜੀਤ ਸਿੰਘ ਦਾ ਹੌਂਸਲਾ ਵੀ ਵਧਾਉਂਦਿਆਂ ਕਿਹਾ ਕਿ, ''ਆਪਾਂ ਇਕੱਠੇ ਰਹਿਣਾ, ਤੁਸੀਂ ਤਕੜੇ ਰਹੋ, ਤੁਹਾਨੂੰ ਅਸੀਂ ਕਿਤੇ ਨਹੀਂ ਜਾਣ ਦੇਣਾ।'' ਉਨ੍ਹਾਂ ਕਿਹਾ ਕਿ, ''ਆਪਾਂ ਇਕੱਠੇ ਸੇਵਾ ਕਰਾਂਗੇ ਅਤੇ ਚਾਹ ਵੀ ਪੀਵਾਂਗੇ ਪਰ ਤੁਸੀਂ ਹੌਂਸਲਾ ਰੱਖੋ।'' ਸ. ਮਨਜੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਇਕੱਠੇ ਚਾਹ ਪੀਣ ਦੀ ਇੱਛਾ ਸਵਿਕਾਰ ਕਰਨ 'ਤੇ ਪ੍ਰਤੀਕਰਮ ਪ੍ਰਗਾਉਂਦਿਆਂ ਕਿਹਾ ਕਿ, ''ਉਹ ਸਰੀਰਕ ਤੌਰ 'ਤੇ ਕਾਫ਼ੀ ਬਿਮਾਰ ਰਹਿੰਦੇ ਹਨ ਅਤੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਬਚਾਉਣ ਲਈ ਸ਼ੁਰੁ ਕੀਤਾ ਮਿਸ਼ਨ ਫ਼ਤਿਹ ਜਰੂਰ ਕਾਮਯਾਬ ਹੋਵੇਗਾ ਅਤੇ ਅਸੀਂ ਪੰਜਾਬੀ ਕੋਵਿਡ-19 ਨੂੰ ਜਰੂਰ ਹਰਾਵਾਂਗੇ।''
ਇਸੇ ਤਰ੍ਹਾਂ ਇੱਕ ਹੋਰ ਪਟਿਆਲਾ ਵਾਸੀ ਮੁਹੰਮਦ ਪਰਵੇਜ਼ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਲਾਈਵ ਪ੍ਰੋਗਰਾਮ ਕੈਪਟਨ ਨੂੰ ਪੁੱਛੋ ਦਾ ਹਿੱਸਾ ਬਣੇ ਅਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ, ''ਕੋਵਿਡ-19 ਦਰਮਿਆਨ ਪੰਜਾਬ ਦੇ ਸ਼ਹਿਰਾਂ, ਖਾਸ ਕਰਕੇ ਪਟਿਆਲਾ 'ਚ ਵੀ ਚੰਡੀਗੜ੍ਹ ਦੀ ਤਰਜ਼ 'ਤੇ ਸਾਇਕਲਿੰਗ ਟਰੈਕ ਬਣਾਏ ਜਾਣ।'' ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਖੇਡ ਵਿਭਾਗ ਨੂੰ ਇਸ ਸਬੰਧੀਂ ਸੰਭਾਵਨਾਵਾਂ ਦੀ ਤਲਾਸ਼ ਕਰਨ ਨੂੰ ਆਖਣਗੇ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਸਮਾਜਿਕ ਵਿੱਥ, ਮਾਸਕ ਪਾਉਣ ਅਤੇ ਹੱਥ ਵਾਰ-ਵਾਰ ਧੋਹਣ 'ਤੇ ਪਹਿਰਾ ਦੇ ਕੇ ਮਿਸ਼ਨ ਫ਼ਤਿਹ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।