
ਕਿਹਾ - ਪਾਣੀ ਐਵੇਂ ਹੀ ਪਾਕਿਸਤਾਨ ਕਿਉਂ ਜਾਵੇ, ਵਧੀਆ ਰਹੇ ਰਾਜਸਥਾਨ ਅਤੇ ਹਰਿਆਣਾ ਨੂੰ ਮਿਲੇ
‘ਜੇ ਦੂਜਾ ਸੂਬਾ ਸਾਡੀ ਕਿਸੇ ਚੀਜ਼ ਦੀ ਵਰਤੋਂ ਕਰਦਾ ਹੈ ਤਾਂ ਪੈਸਾ ਮਿਲਣਾ ਚਾਹੀਦੈ’
ਸਾਡੇ 8 ਸਾਲ ਦੇ ਕਾਰਜਕਾਲ ਦੌਰਾਨ 40% MSP ਵਾਧਾ ਯਾਨੀ ਹਰ ਸਾਲ ਤਕਰੀਬਨ 6% ਦਾ MSP ਵਾਧਾ ਹੋਇਆ - ਚੁੱਘ
ਕਾਂਗਰਸ ਰਾਜ ਦੌਰਾਨ ਹੋਏ ਸਿੱਖ ਕਤਲੇਆਮ ਦੀਆਂ ਫ਼ਾਈਲਾਂ ਖੁੱਲ੍ਹਣ ਨੂੰ 30 ਸਾਲ ਲੱਗ ਗਏ - ਤਰੁਣ ਚੁੱਘ
ਕਿਹਾ- PM ਮੋਦੀ ਵਲੋਂ ਬਣਾਏ ਕਮਿਸ਼ਨ ਕਾਰਨ ਹੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵਰਗੇ ਅੱਜ ਜੇਲ੍ਹ ਵਿਚ ਹਨ
'ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਨਹੀਂ ਸਗੋਂ ਗੁਲਾਮੀ ਦੀ ਯਾਦ ਦਿਵਾਉਂਦੀ ਹੈ'
ਚੰਡੀਗੜ੍ਹ : ਅੱਜ ਜਿਸ ਦੌਰ ਵਿਚੋਂ ਪੰਜਾਬ ਗੁਜ਼ਰ ਰਿਹਾ ਹੈ ਅਤੇ ਜਿਹੜਾ ਮਹੀਨਾ ਚੱਲ ਰਿਹਾ ਹੈ ਉਸ ਦੌਰਾਨ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਪੰਜਾਬ ਦੇ ਹਾਲਾਤ, ਪਾਣੀਆਂ ਦੇ ਮਸਲੇ ਅਤੇ ਹੋਰ ਵੱਖ-ਵੱਖ ਮੁੱਦਿਆਂ 'ਤੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨਾਲ ਗੱਲਬਾਤ ਕੀਤੀ ਗਈ। ਪੇਸ਼ ਹਨ ਉਨ੍ਹਾਂ ਨਾਲ ਵਿਚਾਰੇ ਮਸਲਿਆਂ ਦੇ ਕੁਝ ਅੰਸ਼:
ਸਵਾਲ : ਅੱਜ ਦੀ ਸਥਿਤੀ ਵਿਚ ਸਾਡੇ ਪੁਰਾਣੇ ਜ਼ਖ਼ਮ ਵੀ ਅੱਲੇ ਹੋ ਜਾਂਦੇ ਹਨ। '84 ਯਾਦ ਆ ਜਾਂਦੀ ਹੈ ਕਿਉਂਕਿ ਉਸ ਵੇਲੇ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਕਤਲੇਆਮ ਹੋਇਆ। ਹੁਣ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਕੀ ਸਿਆਸਤ ਇਸ ਦੀ ਵਰਤੋਂ ਕਰ ਰਹੀ ਹੈ?
exclusive interview of BJP general secretary Tarun Chugh
ਜਵਾਬ : ਦਰਦ ਇਕ ਅਜਿਹੀ ਚੀਜ਼ ਹੈ ਜੋ ਮਨ ਦੇ ਅੰਦਰ ਬੈਠ ਜਾਂਦੀ ਹੈ। ਕਈ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਦਰਜ ਅਤੇ ਖੁਸ਼ੀ ਰੂਹ 'ਚ ਬੈਠ ਜਾਂਦੇ ਹਨ। ਜਿਵੇਂ ਛੋਟੇ ਬੱਚੇ ਨੂੰ ਵੀ ਜੇ ਥੋੜਾ ਜਿਹਾ ਹੁਲਾਰਾ ਦੇਈਏ ਤਾਂ ਉਹ ਡਰ ਜਾਂਦਾ ਹੈ ਅਤੇ ਜੇ ਸ਼ਹਿਦ ਉਸ ਦੇ ਮੂੰਹ ਨੂੰ ਲਗਾਇਆ ਜਾਵੇ ਤਾਂ ਉਹ ਚਟਕੋਰੇ ਮਾਰਦਾ ਹੈ, ਮਤਲਬ ਕਿ ਉਸ ਨੇ ਕੀਤੇ ਨਾ ਕੀਤੇ ਇਸ ਡਰ ਨੂੰ ਸਿਹਾ ਹੋਇਆ ਹੈ ਪਰ ਅਸੀਂ '84 ਤੋਂ ਬਹੁਤ ਘੱਟ ਸਿੱਖੇ ਹਾਂ। ਸਾਨੂੰ '84 ਤੋਂ ਸਿੱਖਣਾ ਪਵੇਗਾ ਕਿ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਪੰਜਾਬ ਦੀ ਤਰੱਕੀ ਰੁਕੀ ਹੋਈ ਹੈ। ਪੰਜਾਬ ਨੂੰ ਅੱਗੇ ਵਧਣਾ ਪਵੇਗਾ।
PM Narinder Modi
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਉਹ ਪੰਜਾਬ ਦੀ ਤਰੱਕੀ ਲਈ ਸੰਜੀਦਾ ਹਨ ਅਤੇ ਪੰਜਾਬ, ਪੰਜਾਬੀਆਂ ਅਤੇ ਗੁਰੂ ਘਰਾਂ ਵਾਸਤੇ ਉਹ ਕੰਮ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਪੰਜਾਬੀਆਂ ਨੂੰ ਵੀ ਹੱਲ੍ਹਾ ਮਾਰਨਾ ਪਵੇਗਾ ਅਤੇ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਸ਼ਵਾਸ ਕਰਨਾ ਪਵੇਗਾ। ਇੱਕ ਵਾਰ ਫਿਰ ਸਾਨੂੰ ਪਹਿਲਾਂ ਵਰਗਾ ਪੰਜਾਬ ਸਿਰਜਣਾ ਪਵੇਗਾ ਜਿਹੜੇ ਪੰਜਾਬ ਦੇ ਗਿੱਧੇ, ਭੰਗੜੇ, ਬੋਲੀਆਂ, ਵੀਰਤਾ ਦੇ ਚਰਚੇ ਸਾਰੀ ਦੁਨੀਆ ਵਿਚ ਹੁੰਦੇ ਸਨ ਅਤੇ ਜਿਹੜੇ ਪੰਜਾਬ ਦੇ ਗੱਭਰੂਆਂ ਦੀਆਂ ਉਧਾਹਰਣ ਸਾਰੀ ਦੁਨੀਆ ਵਿਚ ਦਿਤੀਆਂ ਜਾਂਦੀਆਂ ਸਨ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਵੱਡਾ ਕਦਮ ਚੁੱਕਣਾ ਪਵੇਗਾ।
ਸਵਾਲ : ਤੁਸੀਂ ਵਧੀਆ ਸ਼ਬਦ ਵਰਤਿਆ ਹੈ 'ਵਿਸ਼ਵਾਸ' ਪਰ ਅੱਜ ਅਜਿਹੇ ਹਾਲਾਤ ਬਣ ਗਏ ਹਨ ਕਿ ਪੰਜਾਬ ਦਾ ਕੇਂਦਰ ਨਾਲ ਅਜਿਹਾ ਰਿਸ਼ਤਾ ਬਣ ਗਿਆ ਹੈ ਕਿ ਵਿਸ਼ਵਾਸ ਕਰਨਾ ਹੀ ਬਹੁਤ ਔਖਾ ਹੋ ਗਿਆ ਹੈ। ਇਹ ਮੰਨਣਾ ਬਹੁਤ ਔਖਾ ਹੈ ਕਿ ਕੇਂਦਰ ਪੰਜਾਬ ਦੇ ਹੱਕ ਵਿਚ ਆਵੇਗਾ। ਜਦੋਂ ਪੰਜਾਬੀ ਸੂਬੇ ਦੀ ਗੱਲ ਚਲ ਰਹੀ ਸੀ ਤਾਂ ਗੁਰੂ ਗੋਲਵਾਕਰ ਪੰਜਾਬ ਆਏ ਸਨ ਅਤੇ ਉਨ੍ਹਾਂ ਨੇ ਜਨਸੰਘ ਨੂੰ ਵੀ ਕਿਹਾ ਸੀ ਕਿ ਤੁਸੀਂ ਪੰਜਾਬੀ ਅਪਨਾਉ। ਕੀ ਇਹ ਤੁਹਾਡੇ ਤੋਂ ਚੂਕ ਹੋਈ ਕਿ ਤੁਸੀਂ ਪੰਜਾਬੀ ਨਹੀਂ ਆਪਣੀ ਅਤੇ ਉਹ ਵੱਡਾ ਪੰਜਾਬ ਨਹੀਂ ਬਣ ਸਕਿਆ। ਕੀ ਜਿਹੜਾ ਵਿਸ਼ਵਾਸ ਟੁੱਟਿਆ ਹੈ ਇਨ੍ਹਾਂ ਚੀਜ਼ਾਂ ਤੋਂ ਵੀ ਟੁੱਟਿਆ ਹੈ?
exclusive interview of BJP general secretary Tarun Chugh
ਜਵਾਬ : ਆਰ.ਐਸ.ਐਸ. ਦੇ ਦੂਜੇ ਮੁਖੀ ਗੁਰੂ ਗੋਲਵਾਕਰ ਪੰਜਾਬ ਆਏ ਸਨ ਅਤੇ ਉਨ੍ਹਾਂ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ। ਮੈਨੂੰ ਮਾਂ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਮਾਣ ਨਾਲ ਮੰਨਦੀ ਹੈ ਕਿ ਸਾਡੀ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਪੰਜਾਬੀ ਨੂੰ ਅੱਗੇ ਵਧਣ ਲਈ ਇਹ ਸਭ ਤੋਂ ਜ਼ਰੂਰੀ ਭਾਸ਼ਾ ਹੈ। ਭਾਰਤੀ ਜਨਤਾ ਪਾਰਟੀ ਦਾ ਸਾਰਾ ਕੰਮ ਪੰਜਾਬੀ ਵਿਚ ਹੁੰਦਾ ਹੈ। ਸਾਨੂੰ ਮਾਣ ਹੈ ਕਿ ਉੱਤਰੀ ਭਾਰਤ ਵਿਚ ਪੰਜਾਬੀ ਦੇ ਵਿਕਾਸ ਲਈ ਜੋ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਉਹ ਕਿਸੇ ਨੇ ਨਹੀਂ ਕੀਤਾ। ਜੇਕਰ ਤੁਸੀਂ ਦਿੱਲੀ ਜਾਓ ਤਾਂ ਦੇਖਿਓ ਕਿ ਹਰ ਚੌਰਾਹੇ ਵਿਚ ਲੱਗੇ ਸਾਈਨ ਬੋਰਡ 'ਤੇ ਪੰਜਾਬੀ ਲਿਖੀ ਹੋਈ ਹੈ ਅਤੇ ਇਹ ਫੈਸਲਾ ਮਦਨ ਲਾਲ ਖ਼ੁਰਾਣਾ ਦੀ ਸਰਕਾਰ ਵੇਲੇ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਦੀ ਆਜ਼ਾਦੀ ਦੇ ਲਗਭਗ 46-47 ਸਾਲ ਬਾਅਦ ਲਿਆ ਗਿਆ ਸੀ। ਹਰਿਆਣਾ ਵਿਚ ਵੀ ਇਹ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ। ਪੰਜਾਬੀ ਸਾਡੀ ਵੀਰਤਾ ਦੀ ਭਾਸ਼ਾ ਹੈ ਅਤੇ ਮਿੱਠੀ ਅਤੇ ਸਪੱਸ਼ਟ ਭਾਸ਼ਾ ਹੈ।
Nimrat Kaur
ਸਵਾਲ : ਤੁਸੀਂ ਕਹਿੰਦੇ ਹੋ ਕਿ ਇੰਨਾ ਕੰਮ ਕਰਵਾਇਆ ਜਾ ਰਿਹਾ ਹੈ ਪਰ ਜੇਕਰ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਭਾਸ਼ਾ ਕਮਜ਼ੋਰ ਹੋ ਗਈ ਤਾਂ ਇਸ ਨੂੰ ਸਿਰਫ ਸਿਖਾਂ ਦੀ ਭਾਸ਼ਾ ਮੰਨਿਆ ਜਾਂਦਾ ਹੈ। ਹੁਣ ਤਾਂ ਧਰਮ ਦੀ ਵੰਡ ਭਾਸ਼ਾ ਵਿਚ ਵੀ ਆ ਗਈ। ਕੀ ਆਮ ਲੋਕਾਂ ਤੋਂ ਇਹ ਪਿਆਰ ਅਤੇ ਸਤਿਕਾਰ ਪੰਜਾਬੀ ਮਾਂ ਬੋਲੀ ਨੂੰ ਮਿਲ ਸਕਿਆ ਹੈ?
ਜਵਾਬ : ਪੰਜਾਬੀ ਦਾ ਹਿੰਦੀ ਨਾਲ ਮੁਕਾਬਲਾ ਨਹੀਂ ਹੈ। ਜਿਸ ਤਰ੍ਹਾਂ ਗੁਜਰਾਤ ਵਾਸੀਆਂ ਦੀ ਭਾਸ਼ਾ ਗੁਜਰਾਤੀ ਹੈ ਅਤੇ ਤੇਲੰਗਾਨਾ ਵਿਚ ਰਹਿਣ ਵਾਲੇ ਤੇੰਲਗੂ ਬੋਲਦੇ ਹਨ, ਤਾਮਿਲਨਾਡੂ ਵਿਚ ਰਹਿਣ ਵਾਲੇ ਤਾਮਿਲ ਬੋਲਦੇ ਹਨ ਉਸ ਤਰ੍ਹਾਂ ਹੀ ਪੰਜਾਬ ਵਿਚ ਰਹਿਣ ਵਾਲਿਆਂ ਦੀ ਭਾਸ਼ਾ ਪੰਜਾਬੀ ਹੈ। ਭਾਵੇਂ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਕਿਸੇ ਖ਼ਾਸ ਵਰਗ ਲਈ ਹੈ ਜਾਂ ਕਿਸੇ ਖ਼ਾਸ ਵਰਗ ਦੇ ਖ਼ਿਲਾਫ਼ ਹੈ ਪਰ ਲਹਿੰਦੇ ਪੰਜਾਬ ਵਿਚ ਵੀ ਲੋਕ ਲਿਖਦੇ ਭਾਵੇਂ ਉਰਦੂ ਹਨ ਪਰ ਬੋਲਦੇ ਪੰਜਾਬੀ ਹਨ। ਪੰਜਾਬੀ ਇਸ ਧਰਤੀ ਦੀ ਭਾਸ਼ਾ ਹੈ ਅਤੇ ਸਾਡੇ ਦਿਲ ਦੀ ਭਾਸ਼ਾ ਹੈ। ਪੰਜਾਬੀ ਮੇਰੀ ਮਾਂ ਬੋਲੀ ਹੈ ਅਤੇ ਇਸ ਦਾ ਮੁਕਾਬਲਾ ਜਦੋਂ ਵੀ ਹੋਣਾ ਹੈ ਤਾਂ ਉਥੋਂ ਦੀ ਸੂਬਾਈ ਭਾਸ਼ਾ ਨਾਲ ਹੋਵੇਗਾ। ਭਾਸ਼ਾ ਦੇ ਨਾਮ 'ਤੇ ਜੋ ਭੁਲੇਖੇ ਪਾਏ ਗਏ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ।
exclusive interview of BJP general secretary Tarun Chugh
ਮੈਂ ਮੰਨਦਾ ਹਾਂ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਪਰ ਸਮਝਦਾਰਾਂ ਨੂੰ ਬਚਾਉਣਾ ਪਵੇਗਾ। ਮੋਹਰੀ ਲੋਕਾਂ ਨੂੰ ਇਹ ਸਮਝਣਾ ਪਵੇਗਾ ਅਤੇ BJP ਦਾ ਜਨਰਲ ਸਕੱਤਰ ਹੋਣ ਦੇ ਨਾਤੇ ਮੈਨੂੰ ਮਾਣ ਹੈ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ। ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਭਾਵੇਂ ਉਹ ਕਿਸੇ ਗਲੀ ਵਿਚ ਹੋਵੇ, ਘਰ ਵਿਚ ਹੋਵੇ ਜਾਂ ਦਿੱਲੀ ਦਰਬਾਰ ਵਿਚ ਬੈਠਾ ਹੋਵੇ ਸਾਡੀ ਪੰਜਾਬੀਆਂ ਦੀ ਬੋਲੀ ਵੀ ਪੰਜਾਬੀ ਹੈ। ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਾਂ ਬੋਲੀ ਗੁਜਰਾਤੀ ਹੈ, ਦੇਸ਼ ਦੇ ਰੱਖਿਆ ਮੰਤਰੀ ਦੀ ਬੋਲੀ ਤਮਿਲ, ਅਨੁਰਾਗ ਠਾਕੁਰ ਦੀ ਮਾਂ ਬੋਲੀ ਪਹਾੜੀ ਹੋ ਸਕਦੀ ਹੈ ਪਰ ਮੇਰੀ ਮਾਂ ਬੋਲੀ ਪੰਜਾਬੀ ਹੈ। ਪੂਰੇ ਦੇਸ਼ ਨੂੰ ਬੰਨਣ ਵਾਲੀ ਭਾਸ਼ਾ ਹਿੰਦੀ ਹੈ।
ਸਵਾਲ : ਠੀਕ ਹੈ ਅਸੀਂ ਮੰਨਦੇ ਹਾਂ ਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਅਤੇ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ ਹੈ..
ਜਵਾਬ : ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ। ਚੀਨੀ ਅਤੇ ਜਪਾਨੀ ਅੰਗਰੇਜ਼ੀ ਕਿਉਂ ਨਹੀਂ ਬੋਲਦੇ? ਅੰਗਰੇਜ਼ੀ ਅਸੀਂ ਇਸ ਕਰਕੇ ਨਹੀਂ ਬੋਲਦੇ ਕਿ ਇਹ ਅੰਤਰਰਾਸ਼ਟਰੀ ਭਾਸ਼ਾ ਹੈ ਸਗੋਂ ਇਸ ਲਈ ਬੋਲਦੇ ਹਾਂ ਕਿ ਅੰਗਰੇਜ਼ਾਂ ਨੇ ਸਾਡੇ 'ਤੇ 250 ਸਾਲ ਰਾਜ ਕੀਤਾ ਹੈ। ਅੰਗਰੇਜ਼ੀ ਨਾ ਸੰਪਰਕ ਭਾਸ਼ਾ ਹੈ ਨਾ ਸੂਬਾਈ ਅਤੇ ਨਾ ਹੀ ਕੇਂਦਰੀ ਭਾਸ਼ਾ ਹੈ ਸਗੋਂ ਇਹ ਰਾਜ ਕਰਨ ਵਾਲੇ ਦੀ ਭਾਸ਼ਾ ਹੈ।
Punjabi language test
ਅੰਗਰੇਜ਼ੀ ਸਾਨੂੰ ਗੁਲਾਮੀ ਦੀ ਯਾਦ ਦਿਵਾਉਂਦੀ ਹੈ। ਠੀਕ ਹੈ ਕਿ ਅੱਜ ਸਾਨੂੰ ਜ਼ਰੂਰਤ ਹੈ ਤਾਂ ਅਸੀਂ ਅੰਗਰੇਜ਼ੀ ਬੋਲਦੇ ਹਾਂ ਅਤੇ ਬੋਲਾਂਗੇ ਵੀ ਪਰ ਜੇਕਰ ਵਿਗਿਆਨ, ਇਤਿਹਾਸ ਮੈਨੂੰ ਮੇਰੀ ਮਾਂ ਬੋਲੀ ਵਿਚ ਸਮਝ ਆ ਸਕਦੇ ਹਨ ਤਾਂ ਉਸ ਨੂੰ ਪਹਿਲ ਕਿਉਂ ਨਹੀਂ। ਜਿਵੇਂ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਹੈ ਕਿ ਬੱਚਿਆਂ ਨੂੰ ਸਿੱਖਿਆ ਸਥਾਨਕ ਭਾਸ਼ਾ ਵਿਚ ਦਿਤੀ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮਾਂ ਬੋਲੀ ਵਿਚ ਬੱਚਿਆਂ ਨੂੰ ਡਾਕਟਰ ਅਤੇ IAS ਬਣਨ ਦਾ ਮੌਕਾ ਦਿਓ। ਜਿਹੜੀ ਨਵੀਂ ਸਿੱਖਿਆ ਨੀਤੀ ਆਈ ਹੈ ਉਸ ਦਾ ਅਧਾਰ ਹੀ ਮਾਂ ਬੋਲੀ ਹੈ। ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿੱਖਿਆ ਨੀਤੀ ਵਿਚ ਬਹੁਤ ਵੱਡਾ ਬਦਲ ਆ ਰਿਹਾ ਹੈ। ਹੌਲੀ-ਹੌਲੀ ਬਹੁਤ ਸਾਰੀਆਂ ਚੀਜ਼ਾਂ ਮਾਂ ਬੋਲੀ ਵਿਚ ਹੋਣਗੀਆਂ। ਸਾਨੂੰ ਸਿਰਫ ਇਸ ਫ਼ਰਕ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਥਾਨਕ ਭਾਸ਼ਾ, ਸੰਪਰਕ ਭਾਸ਼ਾ ਨਹੀਂ ਸਗੋਂ ਅੰਗਰੇਜ਼ੀ ਇੱਕ ਗੁਲਾਮੀ ਦੀ ਭਾਸ਼ਾ ਹੈ।
ਸਵਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਉਹ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਨ ਪਰ ਜਿਸ ਕਾਰਨ ਪੰਜਾਬ ਨੇ ਕਾਲਾ ਦੌਰ ਦੇਖਿਆ ਹੈ ਉਨ੍ਹਾਂ ਮੁੱਦਿਆਂ ਵਿਚ ਪੰਜਾਬ ਦੇ ਪਾਣੀਆਂ, ਪੰਜਾਬ ਦੀ ਰਾਜਧਾਨੀ ਦੀ ਗੱਲ ਸੀ। ਕੀ ਤੁਸੀਂ ਇਨ੍ਹਾਂ ਮੁੱਦਿਆਂ ਦੇ ਹੱਲ ਬਾਰੇ ਕੁਝ ਸੋਚ ਰਹੇ ਹੋ?
ਜਵਾਬ : ਪੰਜਾਬ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬਹੁਤ ਹੀ ਸਪੱਸ਼ਟ ਹੈ। ਪੰਜਾਬ ਦੇ ਪਾਣੀਆਂ 'ਤੇ ਪਹਿਲਾ ਹੱਕ ਪੰਜਾਬੀਆਂ ਦਾ ਹੈ। ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੇ 'ਤੇ ਕੋਈ ਵੀ ਦਾਗ਼ ਨਹੀਂ ਹੈ। ਪੰਜਾਬ ਦੇ ਪਾਣੀਆਂ ਲਈ ਪੰਜਾਬ ਭਾਜਪਾ ਵੀ ਉਨੀ ਹੀ ਸੰਜੀਦਾ ਹੈ ਜਿੰਨਾ ਸ਼ਾਇਦ ਹੀ ਕੋਈ ਹੋਰ ਪਾਰਟੀ ਹੋਵੇ।
ਸਵਾਲ : ਜਦੋਂ ਪੰਜਾਬ ਜਾਂ ਹਰਿਆਣਾ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਦੋਹਾਂ ਨੂੰ ਕਿਵੇਂ ਸੁਲਝਾਓਗੇ?
ਜਵਾਬ : ਇਨ੍ਹਾਂ ਪਾਣੀਆਂ ਪਿੱਛੇ ਜਦੋਂ ਲੜਾਈ ਹੁੰਦੀ ਹੈ ਅਤੇ ਉਨ੍ਹਾਂ ਨੂੰ ਸੁਲਝਾਉਣ ਦੇ ਕਈ ਹੱਲ ਹਨ। ਪੰਜਾਬ ਦਾ ਪਾਣੀ ਕਿਸੇ ਨਾਲ਼ੇ ਜਾਂ ਨਦੀ ਵਿਚ ਰੋੜ੍ਹਨ ਨਾਲੋਂ ਚੰਗਾ ਹੈ ਕਿ ਉਹ ਕਿਸੇ ਦੇ ਖੇਤ ਨੂੰ ਲੱਗ ਸਕੇ। ਮੈਂ ਨਹੀਂ ਮੰਨਦਾ ਕਿ ਉਸ ਵਿਚ ਕੁਝ ਗ਼ਲਤ ਹੈ।
exclusive interview of BJP general secretary Tarun Chugh
ਸਵਾਲ : ਪਰ ਅੱਜ ਪੰਜਾਬ ਕੋਲ ਵੱਧ ਪਾਣੀ ਨਹੀਂ ਹੈ।
ਜਵਾਬ : ਮੈਂ ਇਹ ਹੀ ਕਹਿ ਰਿਹਾ ਹਾਂ ਕਿ ਜੇਕਰ ਵੱਧ ਹੋਵੇਗਾ ਤਾਂ ਦੂਜਿਆਂ ਨੂੰ ਦੇਣ ਵਿਚ ਕੋਈ ਹਰਜ਼ ਨਹੀਂ ਹੈ। ਇਸ ਮਸਲੇ 'ਤੇ ਪੂਰੀ ਖੋਜ ਹੋਣੀ ਚਾਹੀਦੀ ਹੈ। ਕਿਸੇ ਵਕਤ ਪੰਜਾਬ ਕੋਲ ਵੱਧ ਪਾਣੀ ਸੀ ਪਰ ਜੇਕਰ ਮੇਰੇ ਸੂਬੇ ਪੰਜਾਬ ਵਿਚੋਂ ਪਾਣੀ ਪਾਕਿਸਤਾਨ ਜਾਂ ਰਿਹਾ ਹੈ ਤਾਂ ਉਸ ਤੋਂ ਚੰਗਾ ਹੈ ਕਿ ਇਹ ਪਾਣੀ ਰਾਜਸਥਾਨ, ਹਰਿਆਣਾ ਵਿਚ ਚਲਿਆ ਜਾਵੇ। ਇਹ ਤਾਂ ਮੈਂ ਚਾਹਵਾਂਗਾ ਹੀ ਪਰ ਪਰ ਜੇਕਰ ਮੇਰੇ ਸੂਬੇ ਦੀ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਕਿਸੇ ਹੋਰ ਸੂਬੇ ਵਲੋਂ ਵਰਤੀ ਜਾਂਦੀ ਹੈ ਤਾਂ ਉਸ ਦਾ ਢੁੱਕਵਾਂ ਪੈਸਾ ਵੀ ਸੂਬੇ ਨੂੰ ਮਿਲਣਾ ਚਾਹੀਦਾ ਹੈ। ਇਹ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਹੈ ਜੋ ਕਿ ਬਹੁਤ ਸਪੱਸ਼ਟ ਹੈ। ਜੇਕਰ ਕਾਂਗਰਸ ਨੇ ਸਮਝੌਤੇ ਕੀਤੇ ਹਨ, ਜੇਕਰ ਅਸੀਂ ਰਾਜਸਥਾਨ ਤੋਂ ਪੱਥਰ ਮੰਗਵਾ ਰਹੇ ਹਾਂ ਤਾਂ ਉਸ ਦੀ ਯੋਗ ਕੀਮਤ ਵੀ ਅਦਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਪੰਜਾਬ ਨੂੰ ਵੀ ਪੈਸਾ ਮਿਲਣਾ ਚਾਹੀਦਾ ਹੈ।
ਸਵਾਲ : ਇਹ ਤੁਸੀਂ ਪੰਜਾਬ ਦੀ ਆਮ ਜਨਤਾ ਦੀ ਗੱਲ ਕਰ ਰਹੇ ਹੋ ਪਰ ਇਹ ਲਾਗੂ ਕਿਵੇਂ ਹੋਵੇਗਾ?
ਜਵਾਬ : ਇਸ ਨੂੰ ਲਾਗੂ ਤਾਂ ਹੀ ਕੀਤਾ ਜਾ ਸਕਦਾ ਹੈ ਜਦੋਂ ਇਸ ਨੂੰ ਰਾਜਨੀਤਿਕ ਮੁੱਦਾ ਨਹੀਂ ਸਗੋਂ ਸਮਾਜਿਕ ਅਤੇ ਆਰਥਿਕ ਮੁੱਦਾ ਬਣਾਇਆ ਜਾਵੇ। ਇਸ 'ਤੇ ਹੋ ਰਹੀ ਸਿਆਸਤ ਬੰਦ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਅੱਜ ਸੱਤਾ ਵਿਚ ਬੈਠੇ ਹਨ ਜਿਹੜੇ ਵਾਅਦੇ ਕਰ ਕੇ ਉਹ ਸਿਆਸਤ ਵਿਚ ਆਏ ਹਨ ਕੀ ਅੱਜ ਉਨ੍ਹਾਂ ਨੂੰ ਇੱਕ ਵੀ ਵਾਅਦਾ ਯਾਦ ਹੈ? ਉਹ ਸਾਰੇ ਵਾਅਦੇ ਤਾਂ ਇਹ ਭੁੱਲ ਗਏ ਹਨ। ਕੱਲ ਤਿੰਨ ਚਾਰ ਹਜ਼ਾਰ ਸੁਰੱਖਿਆ ਮੁਲਾਜ਼ਮ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿਚ ਹੀ ਪੰਜਾਬ ਦੇ ਇੱਕ ਗੱਭਰੂ ਦੀ ਮੌਤ ਜਿਹੜੀ ਕਿ ਉਨ੍ਹਾਂ ਦੀ ਗ਼ਲਤੀ ਕਾਰਨ ਹੀ ਹੋਈ ਹੈ, ਉਥੇ ਗਏ ਸਨ।
ਜੇਕਰ ਉਥੇ ਬੈਠੇ ਘਰ ਦੇ ਛੇ ਜੀਅ ਸਨ ਤਾਂ ਉਸ ਵਿਚ 20 ਪੁਲਿਸ ਵਾਲੇ ਸਨ, ਕੀ ਇਹ ਇਨ੍ਹਾਂ ਦੀ ਕਮਿਟਮੈਂਟ ਸੀ? ਉਨ੍ਹਾਂ ਨੇ ਤਾਂ ਕਿਹਾ ਸੀ ਕਿ ਅਸੀਂ ਕੋਈ ਕੋਠੀ, ਸੁਰੱਖਿਆ, ਗੱਡੀ ਆਦਿ ਨਹੀਂ ਲਵਾਂਗੇ। ਪੰਜਾਬ ਦੀ ਸੁਰੱਖਿਆ ਤਾਂ ਕੇਜਰੀਵਾਲ ਸਾਬ੍ਹ ਨਾਲ ਜਾ ਕੇ ਦਿੱਲੀ ਲੱਗ ਗਈ ਹੈ। ਮੈਨੂੰ ਤਾਂ ਕਿਸੇ ਨੇ ਕਿਹਾ ਕਿ ਉਨ੍ਹਾਂ ਨਾਲ ਪੰਜਾਬ ਦੇ 90 ਕਮਾਂਡੋ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਭਗਵੰਤ ਮਾਨ ਸਾਬ੍ਹ ਜਦੋਂ ਮਾਨਸਾ ਗਏ ਤਾਂ ਉਹ ਪਹਿਲਾਂ ਦਿੱਲੀ ਦਰਬਾਰ ਪੁੱਛਣ ਗਏ ਕਿ ਮੈਂ ਉਥੇ ਜਾਵਾਂ? ਇੰਨੀ ਪਰਿਕਰਮਾ! ਪੰਜਾਬ ਵੀਰਾਂ ਤੇ ਸੂਰਬੀਰਾਂ ਦੀ ਧਰਤੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮਿਉਂਸਿਪਲ ਕਾਰਪੋਰੇਸ਼ਨ ਦੇ ਦਰਜੇ ਦੇ ਸੂਬੇ ਦੇ ਮੁੱਖ ਮੰਤਰੀ ਤੋਂ ਇਜਾਜ਼ਤ ਲੈਣੀ ਪੈ ਰਹੀ ਹੈ।
ਸਵਾਲ : ਕੀ ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ?
ਜਵਾਬ : ਕੌਣ ਡਰ ਰਿਹਾ ਹੈ!
ਸਵਾਲ : ਜਿਹੜੀ ਪਾਰਟੀ ਹੁਣ ਸੱਤਾ ਵਿਚ ਹੈ ਅਗਲੇ ਸਾਢੇ ਚਾਰ ਸਾਲ ਉਸ ਨੇ ਹੀ ਰਾਜ ਕਰਨਾ ਹੈ ਅਤੇ ਅਰਵਿੰਦ ਕੇਜਰੀਵਾਲ ਤਾਂ BJP ਨੂੰ ਚੁਣੌਤੀ ਦਿੰਦੇ ਹਨ ਕਿ ਉਨ੍ਹਾਂ ਨੇ ਪੂਰੇ ਦੇਸ਼ ਵਿਚ ਰਾਜ ਕਰਨਾ ਹੈ।
ਜਵਾਬ : ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ।
ਸਵਾਲ : ਇਹ ਤਾਂ BJP ਅਤੇ 'ਆਪ' ਦੀ ਆਪਸੀ ਸਿਆਸੀ ਲੜਾਈ ਹੈ। ਕੀ ਪੰਜਾਬ ਦੇ ਜਿਹੜੇ ਮੁੱਦੇ ਹਨ ਉਹ ਇਸ ਲੜਾਈ ਵਿਚ ਹੀ ਰਹਿ ਜਾਣਗੇ ਜਾ ਉਨ੍ਹਾਂ ਦਾ ਕੋਈ ਹੱਲ ਹੋਵੇਗਾ ਕਿਉਂਕਿ ਕੇਂਦਰ ਤੋਂ ਤਾਕਤਵਰ ਕੋਈ ਨਹੀਂ ਹੈ?
ਜਵਾਬ : ਨਾ ਤਾਂ ਅਸੀਂ ਆਮ ਆਦਮੀ ਪਾਰਟੀ ਤੋਂ ਡਰੇ ਹਾਂ ਅਤੇ ਨਾ ਹੀ ਉਨ੍ਹਾਂ ਦੀ ਡਰਾਉਣ ਵਾਲੀ ਸਥਿਤੀ ਹੈ। ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਚ 300 ਤੋਂ ਵੱਧ ਸੀਟਾਂ 'ਤੇ ਚੋਣਾਂ ਲੜੀਆਂ ਅਤੇ 300 ਤੋਂ ਵੱਧ ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ। ਉੱਤਰਾਖੰਡ ਵਿਚ ਚੋਣਾਂ ਲੜੀਆਂ ਤਾਂ ਉਥੇ ਉਨ੍ਹਾਂ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਵੀ ਹਾਰ ਗਿਆ। ਉਥੇ ਇਹ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਸਨ ਪਰ ਸਾਰੀ ਪਾਰਟੀ ਹਾਰ ਗਈ ਅਤੇ ਉਥੇ ਭਾਜਪਾ ਸੱਤਾ ਵਿਚ ਆਈ ਹੈ। ਇਸ ਤਰ੍ਹਾਂ ਹੀ ਗੋਆ ਵਿਚ ਉਨ੍ਹਾਂ ਨੇ ਸਾਰੀਆਂ ਸੀਟਾਂ 'ਤੇ ਚੋਣ ਲੜੀ ਹੈ ਅਤੇ ਸਾਰੀਆਂ 'ਤੇ ਹੀ ਜ਼ਮਾਨਤ ਜ਼ਬਤ ਹੋਈ ਹੈ। ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਆਈ ਹੈ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਹਨ। ਪੰਜਾਬ ਵਿਚ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਘਰੋਂ ਨਹੀਂ ਗਏ ਸਗੋਂ ਉਹ ਇਸ ਮਕਸਦ ਨਾਲ ਗਏ ਸਨ ਕਿ ਅਸੀਂ ਅਕਾਲੀ ਦਲ ਅਤੇ ਕਾਂਗਰਸ ਨੂੰ ਵੋਟ ਨਹੀਂ ਪਾਉਣੀ। ਇਸ ਦੇ ਚਲਦੇ ਉਨ੍ਹਾਂ ਅੱਗੇ ਸਿਰਫ ਇੱਕੋ ਹੀ ਪਾਰਟੀ ਸੀ, ਉਹ ਆਮ ਆਦਮੀ ਪਾਰਟੀ ਸੀ ਜਿਸ ਦਾ ਉਨ੍ਹਾਂ ਨੂੰ ਲਾਭ ਮਿਲਿਆ ਹੈ। ਇਹ 'ਆਪ' ਦਾ ਸਾਕਾਰਾਤਮਕ ਵੋਟ ਨਹੀਂ ਸਗੋਂ SAD ਅਤੇ ਕਾਂਗਰਸ ਦਾ ਨਾਕਾਰਾਤਮਕ ਵੋਟ ਹੈ।
ਸਵਾਲ : ਤੁਸੀਂ ਨਹੀਂ ਮੰਨਦੇ ਕਿ ਜਿਹੜਾ ਉਨ੍ਹਾਂ ਦਾ ਇੱਕ ਨਾਹਰਾ ਹੈ ਕਿ ਮੈਂ ਇੱਕ ਗਰੰਟੀ ਦਿੰਦਾ ਹਾਂ, 'ਆਪ' ਇਮਾਨਦਾਰ ਸਰਕਾਰ ਹੈ। ਇਹ ਸਭ ਉਸ ਦਾ ਨਤੀਜਾ ਹੈ?
ਜਵਾਬ : ਅੱਜ ਤੋਂ ਇੱਕ ਮਹੀਨਾ ਪਹਿਲਾਂ ਤੁਹਾਡੇ ਚੈਨਲ 'ਤੇ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਆਇਆ ਸੀ 'ਮੈਂ ਬਹੁਤ ਖੁਸ਼ ਹਾਂ, ਪੰਜਾਬ ਵਿਚ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖ਼ਤਮ ਕਰ ਦਿਤਾ ਹੈ। ਮੈਂ ਗਰੰਟੀ ਦਿੰਦਾ ਹਾਂ।' ਹੋ ਗਿਆ ਭ੍ਰਿਸ਼ਟਾਚਾਰ ਖ਼ਤਮ? ਝੂਠ ਦੀ ਕੋਈ ਹੱਦ ਹੁੰਦੀ ਹੈ। ਇਸ ਤੋਂ ਪੰਦਰਾਂ ਦਿਨ ਬਾਅਦ ਹੀ ਉਨ੍ਹਾਂ ਦਾ ਇੱਕ ਹੋਰ ਬਿਆਨ ਆਇਆ ਕਿ 'ਮੁੱਖ ਮੰਤਰੀ ਦੇ ਕਮਰੇ ਦੇ ਨਾਲ ਜਿਸ ਮੰਤਰੀ ਦਾ ਕਮਰਾ ਹੈ ਉਹ ਭ੍ਰਿਸ਼ਟਾਚਾਰ ਕਰਦਾ ਫੜ੍ਹਿਆ ਗਿਆ।' ਪਹਿਲਾ ਬਿਆਨ ਸਹੀ ਸੀ ਕਿ ਦੂਜਾ ਸਹੀ ਹੈ?
CM Bhagwant Mann
ਫਿਰ ਉਸ ਵਿਚ ਦਿੱਲੀ ਕੁਨੈਕਸ਼ਨ ਕੀ ਹੈ? ਕੌਣ ਦਿੱਲੀ ਬੈਠ ਕੇ ਸੌਦੇ ਕਰ ਰਿਹਾ ਹੈ? ਇਸ ਤਰ੍ਹਾਂ ਹੀ ਹੁਣ ਜਦੋਂ ਸਤੇਂਦਰ ਜੈਨ 'ਤੇ ਗੱਲ ਆਈ ਤਾਂ ਤੁਹਾਡਾ ਸਟੈਂਡ ਬਦਲ ਗਿਆ। ਪਹਿਲਾਂ ਤੁਸੀਂ ਕਿਹਾ ਕਿ ਮੈਂ ਸਾਰੇ ਕਾਗ਼ਜ਼ ਪੜ੍ਹ ਲਏ ਹਨ ਕੋਈ ਗ਼ਲਤੀ ਨਹੀਂ ਹੈ ਪਰ ਜਦੋਂ ਉਹ ਕਾਗ਼ਜ਼ ਵਿਜੀਲੈਂਸ ਵਲੋਂ ਚੈੱਕ ਕੀਤੇ ਗਏ ਤਾਂ ਉਸ ਵਿਚ ਉਨ੍ਹਾਂ ਦੇ ਮੰਤਰੀ ਜੈਨ ਨੇ ਕਬੂਲ ਕੀਤਾ ਹੈ ਅਤੇ ਕੋਰਟ ਨੇ ਵੀ ਕਿਹਾ ਹੈ ਕਿ 16 ਕਰੋੜ ਰੁਪਏ ਹਵਾਲਾ ਜ਼ਰੀਏ ਭੇਜੇ ਗਏ ਹਨ। ਇਸ ਮਾਮਲੇ ਵਿਚ ਸਤੇਂਦਰ ਜੈਨ 'ਤੇ ਪਰਚਾ ਵੀ ਦਰਜ ਹੋ ਜਾਂਦਾ ਹੈ ਪਰ 'ਆਪ' ਵਲੋਂ ਉਨ੍ਹਾਂ ਨੂੰ ਬਰਖ਼ਾਸਤ ਨਹੀਂ ਕੀਤਾ ਗਿਆ। ਕੇਜਰੀਵਾਲ ਸਾਬ੍ਹ ਕਹਿ ਰਹੇ ਨੇ ਕੇ ਮਨੀਸ਼ ਸਿਸੋਦੀਆ ਫੜ੍ਹਿਆ ਜਾਵੇਗਾ।
Manish Sisodia
ਕਿਹੜੀ ਜਾਣਕਾਰੀ ਹੈ ਕਿ ਮਨੀਸ਼ ਸਿਸੋਦੀਆ ਨੇ ਅਜਿਹਾ ਕਿਹੜਾ ਕੰਮ ਕੀਤਾ ਹੈ ਜੋ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ਕਿ ਮਨੀਸ਼ ਸਿਸੋਦੀਆ ਫੜ੍ਹਿਆ ਜਾਵੇਗਾ। ਅਜਿਹਾ ਕਿਹੜਾ ਮਨ ਦਾ ਚੋਰ ਬੋਲ ਰਿਹਾ ਹੈ? ਠੀਕ ਹੈ ਝੂਠ ਬੋਲਣ ਪਰ ਇੰਨੇ ਵੱਡੇ-ਵੱਡੇ ਝੂਠ ਅਤੇ ਉਹ ਵੀ ਦੇਸ਼ ਦੀ ਜਨਤਾ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਦੀ ਇਕ ਵੀਡੀਓ ਵੀ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸੌਂਹ ਖਾ ਕੇ ਕਿਹਾ ਕਿ ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗਾ ਪਰ ਉਸੇ ਸਾਲ ਹੀ ਉਹ ਕਾਂਗਰਸ ਨਾਲ ਸਮਝੌਤਾ ਕਰ ਕੇ ਸਰਕਾਰ ਬਣਾ ਗਏ।
Arvind Kejriwal
ਉਨ੍ਹਾਂ ਸੌਂਹ ਖਾਦੀ ਕਿ ਮੈਂ ਗੱਡੀ, ਕੋਠੀ, ਗੰਨਮੈਨ, ਲਾਲ ਬੱਤੀ ਨਹੀਂ ਲਵਾਂਗਾ ਪਰ ਦਿੱਲੀ ਜਾ ਕੇ ਦੇਖੋ ਉਨ੍ਹਾਂ ਦੀ ਕੋਠੀ 'ਚ ਕਿੰਨੇ ਗੰਨਮੈਨ ਖੜ੍ਹੇ ਹਨ। ਦੇਖੋ ਕਿ ਅਰਵਿੰਦ ਕੇਜਰੀਵਾਲ ਨੇ ਕੋਠੀ ਲਈ ਹੈ ਕਿ ਨਹੀਂ, ਉਹ ਵੀ ਇੱਕ ਨਹੀਂ ਦੋ ਕੋਠੀਆਂ ਲਈਆਂ ਹਨ। ਸਾਰੇ ਮੰਤਰੀਆਂ ਨੇ ਇਹ ਸਹੂਲਤਾਂ ਲਈਆਂ ਕਿ ਨਹੀਂ? ਇਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਕੇ ਨਹੀਂ? ਇਨ੍ਹਾਂ ਨੇ ਜਨਤਾ ਨਾਲ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਕੀ ਪੰਜਾਬ ਵਿਚ ਇਹ ਸਕੀਮ ਲਾਗੂ ਹੋ ਗਈ? ਇਨ੍ਹਾਂ ਨੇ ਹਰ ਭੈਣ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਕੀ ਉਨ੍ਹਾਂ ਨੂੰ ਇਹ ਪੈਸੇ ਮਿਲ ਗਏ? ਹਰ ਆਦਮੀ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਮਿਲੀ ਕਿਸੇ ਨੂੰ ਨੌਕਰੀ? ਹਾਲਾਤ ਇਹ ਹਨ ਕਿ ਬਿਜਲੀ ਆ ਹੀ ਨਹੀਂ ਰਹੀ ਮੁਫ਼ਤ ਕਿਥੇ ਮਿਲੇਗੀ।
ਸਵਾਲ : ਪਰ ਲੋਕ ਤਾਂ ਕਹਿੰਦੇ ਹਨ ਕਿ 'ਆਪ' ਭਾਜਪਾ ਦੀ ਬੀ ਟੀਮ ਹੈ ਕਿਉਂਕਿ ਤੁਸੀਂ ਕਾਂਗਰਸ ਮੁਕਤ ਨਾਹਰਾ ਦੇਣਾ ਸੀ।
ਜਵਾਬ : ਜੇ ਤੁਹਾਨੂੰ ਲਗਦਾ ਹੈ ਕਿ ਉਹ ਬੀ ਟੀਮ ਹੈ ਤਾਂ ਛੱਡੋ ਬੀ ਨੂੰ ਏ ਟੀਮ ਨੂੰ ਲਿਆਓ। ਸਾਡੀ ਕੋਈ ਬੀ ਟੀਮ ਨਹੀਂ ਹੈ ਸਗੋਂ 'ਆਪ' ਨਾਲਾਇਕ ਟੀਮ ਹੈ।
ਸਵਾਲ : ਪਰ ਉਨ੍ਹਾਂ ਨੇ ਤੁਹਾਡਾ ਕੰਮ ਤਾਂ ਕਰ ਦਿਤਾ। ਜਿਹੜਾ ਕਾਂਗਰਸ ਮੁਕਤ ਭਾਰਤ ਦਾ ਨਾਹਰਾ ਦਿਤਾ ਸੀ, ਜਿਥੇ-ਜਿਥੇ ਵੀ ਕਾਂਗਰਸ ਦੀ ਸਰਕਾਰ ਸੀ ਇਸ ਵਾਰ ਉਥੋਂ ਕਾਂਗਰਸ ਹਾਰ ਗਈ।
ਜਵਾਬ : ਇਸ ਤਰ੍ਹਾਂ ਹੈ ਕਿ ਉਨ੍ਹਾਂ ਦੀ ਸੋਚ ਗ਼ਲਤ ਹੈ। ਸਭ ਤੋਂ ਉਪਰ ਦੇਸ਼ ਹੈ ਅਤੇ ਮੇਰੀ ਧਰਤੀ ਹੈ ਫਿਰ ਮੇਰੀ ਪਾਰਟੀ ਹੈ। ਅਸੀਂ ਪੰਜਾਬ ਬਚਾਉਣਾ ਹੈ ਪਰ ਸਦਾ ਸਾਰਾ ਜ਼ੋਰ ਇਸ 'ਤੇ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਬਚਾਉਣੀ ਹੈ , ਪੰਜਾਬ 'ਆਪ', ਪੰਜਾਬ ਭਾਜਪਾ ਬਚਾਉਣੀ ਪਰ ਅਸੀਂ ਪੰਜਾਬ ਬਚਾਉਣਾ ਹੈ। ਅੱਜ ਮੇਰੀ 51 ਸਾਲ ਉਮਰ ਹੋ ਗਈ ਹੈ ਅਤੇ ਮੈਂ 40 ਸਾਲ ਅੰਮ੍ਰਿਤਸਰ 'ਚ ਰਹਿ ਕੇ ਦੇਖੇ ਹੈ। ਮੈਨੂੰ ਉਨ੍ਹਾਂ 40 ਸਾਲਾਂ ਦੀ ਇੱਕ-ਇੱਕ ਘਟਨਾ ਯਾਦ ਹੈ। ਬਹੁਤ ਬੁਰੇ ਦਿਨ ਸਨ। ਉਹ ਵੀ ਸਮਾਂ ਸੀ ਜਦੋਂ ਇੱਕ ਫਿਰਕੇ ਦੇ ਲੋਕਾਂ ਨੂੰ ਬੱਸਾਂ ਅਤੇ ਰੇਲਗੱਡੀਆਂ ਵਿਚੋਂ ਉਤਾਰ ਕੇ ਇੱਕ ਪਾਸੇ ਖੜ੍ਹਾ ਕਰ ਕੇ ਮਾਰ ਦਿਤਾ ਜਾਂਦਾ ਸੀ। '84 'ਚ ਸਾਰੇ ਸਿਖਾਂ ਦੇ ਗੱਲਾਂ ਵਿਚ ਟਾਇਰ ਪਾ ਕੇ ਕਾਂਗਰਸ ਦੇ ਲੋਕਾਂ ਨੇ ਸਾੜਿਆ।
ਗੁਰਦੁਆਰੇ ਸਾੜੇ ਗਏ, ਗੋਲੀਆਂ ਅਤੇ ਟੈਂਕ ਚਲਾਏ ਗਏ। ਕਦੇ ਵੀ ਹਿੰਦੂ-ਸਿੱਖ ਭਾਈਚਾਰਾ ਸਕਦਾ 'ਤੇ ਆ ਕੇ ਨਹੀਂ ਲੜਿਆ, ਇਹ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਦੇਖਿਆ। ਕਦੇ ਵੀ ਸਿੱਖ ਨੌਜਵਾਨਾਂ ਨੇ ਮੰਦਰਾਂ ਦੇ ਸਾਹਮਣੇ ਜਾ ਕੇ ਜਾਂ ਹਿੰਦੂ ਨੌਜਵਾਨਾਂ ਨੇ ਗੁਰਦੁਆਰਿਆਂ ਦੇ ਸਾਹਮਣੇ ਜਾ ਕੇ ਕਦੇ ਬੜ੍ਹਕਾਂ ਨਹੀਂ ਸਨ ਮਾਰੀਆਂ । ਕਦੇ ਵੀ ਕਿਸੇ ਫਿਰਕੇ ਵਲੋਂ ਇੱਕ ਦੂਜੇ ਦੇ ਧਰਮ ਜਾਂ ਗੁਰੂ ਬਾਰੇ ਕੋਈ ਇਤਰਾਜ਼ਯੋਗ ਸ਼ਬਦ ਨਹੀਂ ਬੋਲੇ ਗਏ ਪਰ ਇਹ ਸਭ ਮੈਂ ਇਨ੍ਹਾਂ ਢਾਈਆਂ ਮਹੀਨਿਆਂ ਦੌਰਾਨ ਪਟਿਆਲਾ 'ਚ ਦੇਖ ਲਿਆ ਹੈ। ਇੰਟੈਲੀਜੈਂਸ ਕਿਥੇ ਗਈ?
ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਪਾਇਆ ਜਾ ਰਿਹਾ ਕਿ ਮੈਂ ਜਲੂਸ ਕੱਢਾਂਗਾ ਤੇ ਦੂਜਾ ਕਹਿ ਰਿਹਾ ਕਿ ਮੈਂ ਇਸ ਦਾ ਵਿਰੋਧ ਕਰਾਂਗਾ। ਇੱਕ ਆਦਮੀ ਰਾਜਪੁਰੇ ਤੋਂ ਇੱਕ ਜਥਾ ਲੈ ਕੇ ਪਟਿਆਲਾ ਗਿਆ ਪਰ ਉਸ ਨੂੰ ਕਿਸੇ ਨੇ ਵੀ ਟਰੇਸ ਨਹੀਂ ਕੀਤਾ। ਉਸ ਸਮੇਂ ਇੰਟੈਲੀਜੈਂਸੀ ਕਿਥੇ ਗਈ ਸੀ? ਜੇਕਰ ਉਦੋਂ ਹੀ ਉਨ੍ਹਾਂ ਬੰਦਿਆਂ ਨੂੰ ਫੜ੍ਹਿਆਂ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ। ਇਹ ਪੰਜਾਬ ਨੂੰ ਕਿਸ ਪਾਸੇ ਵੱਲ ਲੈ ਕੇ ਜਾ ਰਹੇ ਹਨ? ਜਿਹੜਾ ਦੌਰ ਅਸੀਂ 80-90 ਦੇ ਦੌਰ 'ਚ ਨਹੀਂ ਦੇਖਿਆ ਉਹ ਇਨ੍ਹਾਂ ਦੇ ਹੁਣ ਦਿਖਾ ਦਿਤਾ।
Nimrat Kaur
ਸਵਾਲ : ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਸਭ ਜਾਣਬੁਝ ਕੇ ਕਰਵਾਇਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ?
ਜਵਾਬ : ਜਾਣਬੁਝ ਕੇ ਕਰਵਾਇਆ ਜਾ ਰਿਹਾ ਹੈ ਜਾਂ ਨਹੀਂ ਇਸ ਦੀ ਤਾਂ ਜਾਂਚ ਹੋਣੀ ਚਾਹੀਦੀ ਹੈ ਪਰ ਇਹ ਨਾਸਮਝ ਧਿਰ ਹੈ। ਮੌਜੂਦਾ ਸਰਕਾਰ ਵਲੋਂ 424 ਲੋਕਾਂ ਦੀ ਸੁਰੱਖਿਆ ਵਾਪਸ ਲਈ, ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੂੰ ਸੁਰੱਖਿਆ ਮਿਲੀ ਵੀ ਅਤੇ ਵਾਪਸ ਵੀ ਹੋਈ ਪਰ ਇਸ ਸਰਕਾਰ ਨੇ ਉਸ ਦੀ ਪ੍ਰੈਸ ਰਿਲੀਜ਼ ਦਿਤੀ। ਇੰਨਾ ਹੀ ਨਹੀਂ ਉਸ ਲਿਸਟ ਨੂੰ ਸੋਸ਼ਲ ਮੀਡੀਆ 'ਤੇ ਵੀ ਜਨਤਕ ਕੀਤਾ। ਇੱਕ ਸੁਰਖੀਆਂ ਲੈਣ ਲਈ ਕਿੰਨੇ ਲੋਕਾਂ ਦੀ ਜਾਨ ਦਾਅ 'ਤੇ ਲਗਾ ਦਿਤੀ। ਸਰਕਾਰ ਨੇ ਸਿਰਫ ਇਹ ਦੇਖਿਆ ਕਿ ਕਿਹੜਾ ਅਕਾਲੀ ਜਾਂ ਕਾਂਗਰਸ ਦਾ ਆਗੂ ਹਾਰਿਆ ਹੈ ਉਸ ਦੀ ਸੁਰੱਖਿਆ ਵਾਪਸ ਲੈ ਲਓ ਤੇ ਜਿਹੜਾ 'ਆਪ' ਦਾ ਜਿੱਤਿਆ ਹੈ ਉਸ ਨੂੰ ਸੁਰੱਖਿਆ ਦੇ ਦਿਓ ਪਰ ਇਹ ਨਹੀਂ ਦੇਖਿਆ ਗਿਆ ਕਿ ਕਿਸ ਨੇ ਅਤਿਵਾਦ ਖ਼ਿਲਾਫ਼ ਲੜਾਈ ਲੜੀ ਹੈ ਅਤੇ ਕਿਸ ਆਗੂ ਦੀ ਜਾਨ ਨੂੰ ਖ਼ਤਰਾ ਹੈ।
Sidhu MooseWala case
ਸਿੱਧੂ ਮੂਸੇਵਾਲਾ ਨਾਲ ਵਾਪਰੀ ਘਟਨਾ ਸਰਕਾਰ ਦੇ ਇਸ ਫ਼ੈਸਲੇ ਦਾ ਹੀ ਨਤੀਜਾ ਸੀ। ਜੇਕਰ ਹਾਈਕੋਰਟ ਸਰਕਾਰ ਨੂੰ ਝਾੜ ਨਾ ਪਾਉਂਦਾ ਤਾਂ ਸ਼ਾਇਦ ਅਜਿਹੀਆਂ ਹੋਰ ਵੀ ਕਈ ਘਟਨਾਵਾਂ ਹੋ ਜਾਂਦੀਆਂ। ਸਰਕਾਰ ਨੇ ਅਜਿਹੇ ਵਿਅਕਤੀਆਂ ਦੀ ਸੁਰੱਖਿਆ ਵਾਪਸ ਲਈ ਹੈ ਜਿਨ੍ਹਾਂ ਦੇ ਘਰ ਦੇ ਦੋ-ਦੋ ਜੀਅ ਅਤਿਵਾਦ ਦੀ ਲੜਾਈ ਦੌਰਾਨ ਮਰੇ ਸਨ ਪਰ ਸੁਰੱਖਿਆ ਉਨ੍ਹਾਂ ਉਨ੍ਹਾਂ ਨੂੰ ਦਿਤੀ ਗਈ ਜਿਹੜੇ ਦਿੱਲੀ ਬੈਠੇ ਹਨ ਅਤੇ ਕਹਿੰਦੇ ਸਨ ਕਿ ਉਹ ਸੁਰੱਖਿਆ ਨਹੀਂ ਲੈਣਗੇ।
ਸਵਾਲ : ਅਸੀਂ ਦੇਖ ਰਹੇ ਹੈ ਕਿ ਕਿੰਨੇ ਹਾਦਸੇ ਹੋਰ ਹੈ ਹਨ। ਪੰਜਾਬ ਵਿਚ ਨਸ਼ਾ ਕਿੰਨਾ ਵੱਧ ਗਿਆ ਹੈ। ਗੈਂਗਸਟਰਵਾਦ ਇੰਨਾ ਵੱਧ ਗਿਆ ਹੈ। ਕੁਝ ਜੇਲ੍ਹਾਂ ਪੰਜਾਬ ਸਰਕਾਰ ਹੇਠ ਹਨ ਅਤੇ ਕੁਝ ਜੇਲ੍ਹਾਂ ਕੇਂਦਰ ਹੇਠ ਹਨ। ਇਹ ਗੈਂਗਸਟਰ ਹਨ ਜਿਹੜੇ ਕਿਸੇ ਵਿਚਾਰਧਾਰਾ ਨਾਲ ਨਹੀਂ ਜੁੜੇ ਹੋਏ ਜਿਹੜੇ ਆਪਣੇ ਹੱਕਾਂ ਲਈ ਨਹੀਂ ਲੜ ਰਹੇ ਸਗੋਂ ਜੇਲ੍ਹਾਂ ਵਿਚ ਬੈਠ ਕੇ ਤਾਂ ਇਹ ਇੱਕ ਨਸ਼ੇ ਦਾ ਵਪਾਰ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਵਲੋਂ ਬਹੁਤ ਸਾਲ ਪਹਿਲਾਂ ਹੀ ਰਿਪੋਰਟ ਕੀਤਾ ਗਿਆ ਸੀ ਅਤੇ ਕਈ ਡਾਕੂਮੈਂਟਰੀਆਂ ਵੀ ਆਈਆਂ ਸਨ ਕਿ ਪੰਜਾਬ ਵਿਚ ਨਸ਼ਾ ਵੱਧ ਰਿਹਾ ਹੈ। ਇਸ ਚੀਜ਼ ਨੂੰ ਅਸੀਂ ਕਾਬੂ ਕਿਉਂ ਨਹੀਂ ਕਰ ਪਾ ਰਹੇ?
ਜਵਾਬ : ਇਸ ਚੀਜ਼ ਨੂੰ ਦੋ ਭਾਗਾਂ ਵਿਚ ਸਮਝਣਾ ਪਵੇਗਾ। ਪਹਿਲੀ ਗੱਲ ਤੁਹਾਨੂੰ ਕੋਈ ਅਜਿਹਾ ਗੈਂਗਸਟਰ ਦਿਸੇ ਜਿਸ 'ਤੇ ਕੇਂਦਰ ਦਾ ਅਸ਼ੀਰਵਾਦ ਹੋਵੇ ਤਾਂ ਮੈਨੂੰ ਦੱਸਿਓ। ਤੁਹਾਨੂੰ ਕਿਸੇ ਨੇ ਗ਼ਲਤ ਜਾਣਕਾਰੀ ਦਿਤੀ ਹੋਵੇਗੀ ਕਿਉਂਕਿ ਅਸੀਂ ਕਿਸੇ ਗੈਂਗਸਟਰ ਨੂੰ ਤਾਂ ਕੀ ਕਿਸੇ ਅਪਰਾਧੀ ਨੂੰ ਵੀ ਸਪੋਰਟ ਨਹੀਂ ਕਰਦੇ।
ਸਵਾਲ : ਮੈਂ ਨਹੀਂ ਕਹਿ ਰਹੀ ਕਿ ਤੁਸੀਂ ਇਹ ਸ਼ਹਿ ਦਿੰਦੇ ਹੋ ਪਰ ਜਿਵੇਂ ਜੇਲ੍ਹਾਂ ਵਿਚ ਬੈਠ ਕੇ ਇਹ ਕੰਮ ਕੀਤੇ ਜਾ ਰਹੇ ਹਨ ਭਾਵੇਂ ਉਹ ਉੱਤਰ ਪ੍ਰਦੇਸ਼ ਹੋਵੇ ਕਿਉਂਕਿ ਉੱਤਰ ਪ੍ਰਦੇਸ਼ ਵਿਚ ਤਾਂ ਪੰਜਾਬ ਤੋਂ ਵੱਧ ਅਪਰਾਧ ਹੈ।
ਜਵਾਬ : ਉੱਤਰ ਪ੍ਰਦੇਸ਼ ਵਿਚ ਅੱਜ ਕਿਸੇ ਦੀ ਜ਼ੁਰਅੱਤ ਨਹੀਂ ਹੈ। ਜਾਂ ਤਾਂ ਅਪਰਾਧੀ ਨੂੰ ਯੂਪੀ ਛੱਡਣਾ ਪਵੇਗਾ ਤੇ ਜਾਂ ਫਿਰ ਉਪਰ ਜਾਣਾ ਪਵੇਗਾ ਕਿਉਂਕਿ ਵਿਚਕਾਰਲਾ ਰਸਤਾ ਅਸੀਂ ਦਿਤਾ ਹੀ ਨਹੀਂ ਹੈ।
ਸਵਾਲ : ਉਹ ਕਾਲੇ ਦੌਰ ਕਾਰਨ ਪੰਜਾਬ ਦਾ ਨਾਮ ਆ ਜਾਂਦਾ ਹੈ ਪਰ ਯੂਪੀ ਵਿਚ ਤਾਂ ਅਜੇ ਵੀ ਪੰਜਾਬ ਤੋਂ ਕੀਤੇ ਵੱਧ ਅਪਰਾਧ ਹੈ।
ਜਵਾਬ : ਅੱਜ ਤੋਂ ਦਸ ਸਾਲ ਪਹਿਲਾਂ ਯੂਪੀ ਵਿਚ ਫਿਰੌਤੀ ਇੱਕ ਧੰਦਾ ਸੀ। ਕਿਸੇ ਕੁੜੀ ਨੂੰ ਛੇੜਨਾ ਇੱਕ ਸ਼ੌਂਕ ਸੀ ਪਰ ਅੱਜ ਕੋਈ ਮਜਨੂੰ ਸੜਕ 'ਤੇ ਉਤਰ ਕੇ ਤਾਂ ਦਿਖਾਵੇ। ਕੋਈ ਵੀ ਅਪਰਾਧ ਕਰ ਕੇ ਤਾਂ ਦਿਖਾਵੇ।
exclusive interview of BJP general secretary Tarun Chugh
ਸਵਾਲ : ਉਥੇ ਇਹ ਸਖ਼ਤੀ ਤੁਸੀਂ ਕਿਸ ਤਰ੍ਹਾਂ ਲਾਗੂ ਕਰਵਾਈ ਅਤੇ ਪੰਜਾਬ ਵਿਚ ਅਜਿਹਾ ਕਿਉਂ ਨਹੀਂ ਹੈ?
ਜਵਾਬ : ਅਸੀਂ ਉਥੇ ਇਹ ਸਖ਼ਤੀ ਕਰ ਕੇ ਕਾਨਪੁਰ , ਲਖਨਊ ਦੇ ਬਾਜ਼ਾਰ ਜਿਹੜੇ ਸ਼ਾਮ 6 ਵਜੇ ਬੰਦ ਹੋ ਜਾਂਦੇ ਸਨ ਉਥੇ ਹੁਣ ਰੱਦ 10 ਵਜੇ ਤੱਕ ਸੁਨਿਆਰ ਕੰਮ ਕਰਦੇ ਹਨ ਅਤੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖਦੇ ਹਨ। ਅੱਜ ਕੋਈ ਵੀ ਆਦਮੀ ਇਹ ਨਹੀਂ ਕਹਿ ਸਕਦਾ ਕਿ ਮੇਰੇ ਕੋਲੋਂ ਕਿਸੇ ਨੇ ਫਿਰੌਤੀ ਮੰਗੀ ਹੈ। ਇਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਨੇ ਅੰਸਾਰੀ ਨੂੰ ਲਿਆ ਕੇ ਪੰਜਾਬ ਦੀ ਜੇਲ੍ਹ ਵਿਚ ਰੱਖਿਆ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਯੋਗੀ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਜੇਲ੍ਹਾਂ ਵਿਚ ਅਪਰਾਧੀਆਂ ਲਈ ਕੋਈ ਸਹੂਲਤ ਨਹੀਂ ਮਿਲੇਗੀ।
Priyanka Gandhi Vadra
ਪਰ ਪ੍ਰਿਯੰਕਾ ਗਾਂਧੀ ਨੇ ਪੰਜਾਬ ਵਿਚ ਉਸ ਨੂੰ ਰੈੱਡ ਕਾਰਪੈਟ ਸਹੂਲਤ ਦਿਵਾਈ ਅਤੇ ਉਸ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਸਨ। ਜਦੋਂ ਉਸ ਨੂੰ ਕਹਿੰਦੇ ਸਨ ਕਿ ਤੇਰੀ ਕੋਰਟ ਵਿਚ ਬਦਲੀ ਕਰ ਕੇ ਯੂਪੀ ਲੈ ਕੇ ਜਾਣਾ ਹੈ ਤਾਂ ਉਹ ਪੂਰੀ ਤਰ੍ਹਾਂ ਹਿੱਲ ਜਾਂਦਾ ਸੀ ਕਿ ਮੈਨੂੰ ਉਥੇ ਨਾ ਭੇਜਿਆ। ਇਸ ਲਈ ਅਪਰਾਧ ਨੂੰ ਰੋਕਣਾ ਹੈ ਤਾਂ ਅਪਰਾਧੀਆਂ ਨੂੰ ਕਿਸੇ ਪਾਰਟੀ ਨਾਲ ਨਹੀਂ ਸਗੋਂ ਕਾਨੂੰਨ ਮੁਤਾਬਕ ਸਖ਼ਤੀ ਨਾਲ ਨਜਿੱਠਣਾ ਪਵੇਗਾ। ਅਪਰਾਧੀ ਨਾ ਕਿਸੇ ਪਾਰਟੀ ਦਾ ਹੁੰਦਾ ਹੈ ਅਤੇ ਨਾ ਹੀ ਸਮਾਜ ਦਾ ਇਸ ਲਈ ਅਪਰਾਧੀਆਂ 'ਤੇ ਕੋਈ ਦਇਆ ਨਹੀਂ ਕਰਨੀ ਚਾਹੀਦੀ। ਜੇ ਅਪਰਾਧੀਆਂ 'ਤੇ ਦਇਆ ਕਰਾਂਗੇ ਤਾਂ ਸਮਾਜ ਖ਼ਰਾਬ ਹੋਵੇਗਾ। ਇਸ ਲਈ ਅੱਜ ਯੂਪੀ ਵਿਚ ਕਿਸੇ ਵੀ ਮਜਨੂੰ ਦੀ ਜ਼ੁਰਅੱਤ ਨਹੀਂ ਹੈ ਕਿ ਉਹ ਕਿਸੇ ਕੁੜੀ ਨੂੰ ਛੇੜੇ ਭਾਵੇਂ ਉਹ 12 ਸਾਲ ਦੀ ਹੋਵੇ ਜਾਂ 22 ਸਾਲ ਦੀ ਪਰ ਅਜਿਹੇ ਅਪਰਾਧ ਨਹੀਂ ਹੁੰਦੇ।
ਸਵਾਲ : ਜਦੋਂ ਤੁਸੀਂ ਪੰਜਾਬ ਵਿਚ ਅਕਾਲੀ ਦਲ ਦੇ ਭਾਈਵਾਲ ਸੀ ਤਾਂ ਉਸ ਦੌਰ ਵਿਚ ਨਸ਼ੇ ਦਾ ਵਪਾਰ ਹੋਇਆ। ਪਠਾਨਕੋਟ ਹਮਲਾ ਹੋਇਆ। ਇਸ ਨਾਲ ਕੌਮੀ ਸੁਰੱਖਿਆ ਦਾਅ 'ਤੇ ਲੱਗੀ। ਗੁਰੂ ਸਾਹਿਬ ਦੀ ਬੇਅਦਬੀ ਹੋਈ। ਇਸ ਬਾਰੇ ਕੀ ਕਹੋਗੇ?
ਜਵਾਬ : ਸਾਡਾ ਦੋ ਪਾਰਟੀਆਂ ਦਾ ਗਠਬੰਧਨ ਸੀ। ਉਸ ਸਮੇਂ ਵੀ ਸਾਡੀ ਕਮਿਟਮੈਂਟ ਸਪੱਸ਼ਟ ਸੀ। ਗਠਜੋੜ ਹੋਣ ਦੇ ਬਾਵਜੂਦ ਉਸ ਸਮੇਂ ਪ੍ਰਧਾਨ ਮੰਤਰੀ ਨੇ 16 ਦਸੰਬਰ 2014 ਨੂੰ ਆਪਣੀ ਮਨ ਕੀ ਬਾਤ ਵਿਚ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਚੁੱਕਿਆ ਸੀ। ਸਾਡੀ ਸਰਕਾਰ ਦੌਰਾਨ ਬੀ.ਐਸ.ਐਫ. ਨੇ ਨਸ਼ੇ ਫੜੇ ਵੀ ਸਨ। ਬੰਦੇ ਅੱਜ ਵੀ ਫੜੇ ਜਾਂਦੇ ਹਨ ਅਤੇ ਅੰਦਰ ਵੀ ਕੀਤੇ ਜਾਂਦੇ ਹਨ। ਸਾਡੇ ਕੋਲ ਗ੍ਰਹਿ ਵਿਭਾਗ ਨਹੀਂ ਸੀ ਜੇਕਰ ਸਾਡੇ ਕੋਲ ਇਹ ਵਿਭਾਗ ਹੁੰਦਾ ਤਾਂ ਅਸੀਂ ਕਰਦੇ।
exclusive interview of BJP general secretary Tarun Chugh
ਸਾਡੇ ਕੋਲ ਗ੍ਰਹਿ ਵਿਭਾਗ ਆਵੇਗਾ ਤਾਂ ਅਸੀਂ ਕਰ ਕੇ ਵੀ ਦਿਖਾਵਾਂਗੇ ਪਰ ਜਿਹੜੇ ਪੰਜ ਸਾਲ ਲਈ ਸਰਕਾਰ ਲੈ ਕੇ ਸੱਤਾ ਵਿਚ ਬੈਠੇ ਹਨ ਜਾਂ ਇਸ ਤੋਂ ਪਹਿਲਾਂ ਜਿਹੜੀ ਕਾਂਗਰਸ ਸਕਰਾਰ ਨੇ ਪੰਜ ਸਾਲ ਕੱਟੇ ਹਨ, ਕੋਈ ਕਹਿੰਦਾ ਸੀ ਕਿ ਮੈਂ 24 ਘੰਟੇ 'ਚ ਕਰ ਦੇਵਾਂਗਾ ਤੇ ਕੋਈ ਕਹਿੰਦਾ ਸੀ ਮੈਂ 48 ਘੰਟੇ ਵਿਚ ਕਰ ਦੇਵਾਂਗਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਕਿਹਾ ਸੀ ਕਿ 24 ਘੰਟੇ ਵਿਚ ਕਰ ਦੇਣਗੇ ਪਰ ਹੁਣ ਤਾਂ 72 ਦਿਨ ਵੀ ਬੀਤ ਗਏ ਕੋਈ ਕੰਮ ਦੱਸਣ ਜਿਹੜਾ ਕੀਤਾ ਹੋਵੇ। ਕੇਜਰੀਵਾਲ ਸਾਬ੍ਹ ਨੇ ਗੁਜਰਾਤ ਵਿਚ ਜਾਂ ਕੇ ਕਹਿ ਦਿਤਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ। ਅੱਜ ਮੈਂ ਇੱਕ ਬਹੁਤ ਵੱਡੇ ਅਦਾਰੇ ਦੇ ਸਟੂਡੀਓ ਵਿਚ ਤਿੰਨ ਪੀੜ੍ਹੀਆਂ ਦੀ ਪੱਤਰਕਾਰ ਨਾਲ ਗੱਲ ਕਰ ਰਿਹਾ ਹਾਂ ਅਤੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਪੰਜਾਬ ਵਿਚ ਰੇਤ ਦਾ ਮੁੱਲ ਘਟ ਹੋਇਆ? ਰੇਤ ਦੀ ਕੀਮਤ ਨਹੀਂ ਘਟੀ ਸਗੋਂ ਉਸੇ ਤਰ੍ਹਾਂ ਹੀ ਕੰਮ ਚਲ ਰਿਹਾ ਹੈ ਬਸ ਸਰਗਨਾ ਬਦਲ ਗਏ ਹਨ। ਬਹੁਤ ਭ੍ਰਿਸ਼ਟਾਚਾਰ ਖ਼ਤਮ ਕੀਤਾ ਤੁਸੀਂ ਤਾਂ ਮਾਫੀਆਰਾਜ ਖ਼ਤਮ ਕਰਨ ਦੀ ਗੱਲ ਕਰਦੇ ਸੀ।
ਕੇਬਲ ਮਾਫ਼ੀਆ, ਮਾਈਨਿੰਗ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਵੀ ਉਸੇ ਤਰ੍ਹਾਂ ਕੰਮ ਕਰ ਰਹੇ ਹਨ ਸਿਰਫ ਸਰਗਨਾ ਬਦਲੇ ਹਨ। ਭਗਵੰਤ ਮਾਨ ਜੀ ਤੁਸੀਂ ਸਾਹਮਣੇ ਆਓ ਅਤੇ ਕਹੋ ਕਿ ਇਨ੍ਹਾਂ 70 ਦਿਨਾਂ ਵਿਚ ਮਾਫ਼ੀਆ ਖ਼ਤਮ ਹੋ ਗਿਆ ਹੈ। ਪਹਿਲਾਂ ਰੇਤ ਮਾਈਨਿੰਗ ਦੇ 70 ਰੁਪਏ ਆਉਂਦੇ ਸਨ ਅਤੇ ਹੁਣ 100 ਰੁਪਏ ਆਉਂਦੇ ਹਨ ਅਤੇ ਖਜ਼ਾਨੇ ਵਿਚ ਜਮ੍ਹਾ ਹੁੰਦੇ ਹਨ। ਤੁਸੀਂ ਕੋਈ ਇੱਕ ਉਦਾਹਰਣ ਤਾਂ ਦਿਓ ਕਿ ਮਾਫ਼ੀਆ ਖ਼ਤਮ ਹੋਇਆ ਹੈ। ਇਨ੍ਹਾਂ ਦਿਨਾਂ ਵਿਚ ਸਿਰਫ ਨੇਤਾ ਅਤੇ ਥੰਮ੍ਹ ਹੀ ਬਦਲੇ ਹਨ ਪਰ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਨਹੀਂ ਹੋਇਆ। ਇਹ ਕੋਈ ਤਾਂ ਉਦਾਹਰਣ ਦੇਣ ਕਿ ਅਸੀਂ ਆਪਣੇ ਕਾਰਜਕਾਲ ਵਿਚ ਇਨ੍ਹਾਂ ਨੇ ਕਿਸੇ ਅਜਿਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੋਵੇ ਜੋ ਨਸ਼ਾ ਤਸਕਰੀ, ਮਾਫ਼ੀਆ ਵਿਚ ਸ਼ਾਮਲ ਹੋਵੇ ਅਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਹੋਵੇ। ਹੁਣ ਵੀ ਜੇਕਰ ਕੋਈ ਬੰਦੇ ਫੜੇ ਜਾਂਦੇ ਹਨ ਤਾਂ ਉਹ ਆਈਬੀ ਅਤੇ ਬੀ.ਐੱਸ.ਐਫ. ਦੀ ਕਾਰਵਾਈ 'ਤੇ ਫੜੇ ਜਾਂਦੇ ਹਨ। ਗੱਲਾਂ ਕਰਨੀਆਂ ਆਸਾਨ ਹਨ ਪਰ ਅਸਲ ਵਿਚ ਕੋਈ ਕਰ ਕੇ ਤਾਂ ਦਿਖਾਵੇ।
ਸਵਾਲ : 'ਆਪ' ਨੂੰ ਸੱਤਾ ਵਿਚ ਆਏ ਅਜੇ ਥੋੜਾ ਸਮਾਂ ਹੋਇਆ ਹੈ ਪਰ ਜਿਵੇਂ ਤੁਸੀਂ ਕਿਹਾ ਕਿ ਕਾਂਗਰਸ ਨੇ ਆਪਣੇ 5 ਸਾਲ ਵਿਚ ਕੁਝ ਨਹੀਂ ਕੀਤਾ ਫਿਰ ਤੁਸੀਂ ਹੁਣ ਉਨ੍ਹਾਂ ਨੂੰ ਆਪਣੀ ਪਾਰਟੀ ਵਿਚ ਕਿਉਂ ਲੈ ਰਹੇ ਹੋ?
ਜਵਾਬ : ਵਿਅਕਤੀ ਅਤੇ ਵਿਚਾਰਧਾਰਾ ਦੋ ਵੱਖ-ਵੱਖ ਚੀਜ਼ਾਂ ਹਨ। ਜਿਹੜਾ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਵੇਗਾ ਉਹ ਪਾਰਟੀ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਮੰਨ ਕੇ ਹੀ ਭਾਜਪਾ ਵਿਚ ਸ਼ਾਮਲ ਹੋਵੇਗਾ। ਜਦੋਂ ਸੋਨੀਆ ਗਾਂਧੀ ਦਾ ਹੱਥ ਹੀ ਢਿੱਲਾ ਹੋਵੇਗਾ ਤਾਂ ਉਹ ਹੇਠਲੇ ਪੱਧਰ ਵਾਲੇ ਅਧਿਕਾਰੀਆਂ ਨੂੰ ਕਿਵੇਂ ਰੋਕ ਸਕਣਗੇ। ਉਹ ਖੁਦ ਤਾਂ ਨੈਸ਼ਨਲ ਹੈਰਲਡ ਕੇਸ ਵਿਚ ਫਸੇ ਹੋਏ ਹਨ। ਜਦੋਂ ਕੇਂਦਰ ਵਿਚ ਹੀ ਉਹ 12 ਲੱਖ ਕਰੋੜ ਰੁਪਏ ਦੀ ਚੋਰੀ ਕਰਦੇ ਹੋਣਗੇ ਤਾਂ ਹੇਠਾਂ ਆ ਕੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਦੀਆਂ ਗੱਲਾਂ ਕਰਨਗੇ ਤਾਂ ਉਸ ਨੂੰ ਕੋਈ ਨਹੀਂ ਸਮਝੇਗਾ। ਜਦੋਂ ਉਪਰ ਨਰਿੰਦਰ ਮੋਦੀ ਦਾ ਸ਼ਾਸਨ ਹੋਵੇ ਤਾਂ ਸਭ ਨੂੰ ਪਤਾ ਹੁੰਦਾ ਹੈ ਕਿ ਨਾ 2 ਰੁਪਏ ਖਾਵਾਂਗਾ ਅਤੇ ਨਾ ਹੀ ਖਾਣ ਦੇਵਾਂਗਾ। ਫਿਰ ਭਾਵੇਂ 1 ਕਰੋੜ ਹੋਵੇ ਜਾਂ 100 ਕਰੋੜ, ਦਿੱਲੀ ਤੋਂ ਲੈ ਕੇ ਝੌਂਪੜੀ ਤੱਕ ਭ੍ਰਿਸ਼ਟਾਚਾਰੀ ਦਾ ਇੱਕ ਵੀ ਰੁਪਇਆ ਨਹੀਂ ਹੈ।
Nimrat Kaur
ਸਵਾਲ : ਰਿਸ਼ਵਤਖੋਰੀ ਅਲੱਗ ਚੀਜ਼ ਹੈ ਪਰ ਜਦੋਂ ਸੂਬੇ ਵਿਚ ਵਿਕਦੇ ਨਸ਼ੇ ਨੂੰ ਨਾ ਰੋਕਿਆ ਜਾਵੇ ਤਾਂ ਉਹ ਇੱਕ ਵੱਖਰਾ ਮੁੱਦਾ ਹੈ। ਇਹ ਬਹੁਤ ਹੀ ਗੰਭੀਰ ਮੁੱਦਾ ਹੈ ਕਿਉਂਕਿ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਬਚੇ ਵੀ ਇਸ ਦਲਦਲ ਵਿਚ ਫਸ ਸਕਦੇ ਹਨ।
ਜਵਾਬ : ਨਸ਼ਾ ਵੇਚਣ ਵਾਲਾ ਵੀ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਹੀ ਕਰਦਾ ਹੈ ਅਤੇ ਸਭ ਕੁਝ ਜਾਂਦੇ ਹੋਏ ਜਿਹੜਾ ਪੁਲਿਸਵਾਲਾ ਜਾਂ ਲੀਡਰ ਉਸ ਨੂੰ ਪੈਸੇ ਲੈ ਕੇ ਛੱਡ ਦਿੰਦੇ ਹਨ ਉਹ ਵੀ ਭ੍ਰਿਸ਼ਟਾਚਾਰ ਹੀ ਕਰ ਰਹੇ ਹੁੰਦੇ ਹਨ। ਇਸ ਦਾ ਇੱਕੋ ਇੱਕ ਹੱਲ ਹੈ ਕਿ ਇਸ ਨੂੰ ਰੋਕਣਾ ਪਵੇਗਾ। ਕੇਂਦਰ ਸਰਕਾਰ ਹੁਣ ਵੀ 'ਆਪ' ਲਈ ਖੁੱਲ੍ਹਾ ਐਲਾਨ ਕਰਦੀ ਹੈ ਕਿ ਤੁਸੀਂ 4 ਕਦਮ ਤਾਂ ਚੁੱਕੋ ਕੇਂਦਰ ਸਰਕਾਰ ਤੁਹਾਡੇ ਨਾਲ 10 ਕਦਮ ਚੁੱਕਾਂਗੇ ਪਰ ਨਾਸਮਝੀ ਅਤੇ ਬਦਲੇ ਦੀ ਰਾਜਨੀਤੀ ਨਾਲ ਨਹੀਂ ਸਗੋਂ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਇਹ ਸਾਂਝੇ ਕਦਮ ਚੁੱਕਣ ਦੀ ਲੋੜ ਹੈ।
ਨਿਸ਼ਚਤ ਰੂਪ ਵਿਚ ਸਾਡੀ ਸਰਕਾਰ ਬਣੇਗੀ ਅਤੇ ਇਹ ਸਭ ਅਸੀਂ ਕਰ ਕੇ ਦਿਖਾਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ AIIMS ਖੋਲ੍ਹ ਰਹੇ ਹਨ, ਭਾਰਤ ਵਿਚ 7 ਏਮਜ਼ ਸਨ ਜਿਹੜੇ ਹੁਣ 21 ਹੋ ਗਏ ਹਨ। ਇਸ ਤੋਂ ਇਲਾਵਾ IITs ਅਤੇ IIM ਦੀ ਗਿਣਤੀ ਪੰਜ ਗੁਣਾ ਵੱਧ ਗਈ ਹੈ। ਇਹ ਕੀ ਖੋਲ੍ਹ ਰਹੇ ਹਨ 'ਮੁਹੱਲਾ ਕਲੀਨਿਕ' ਜਿਥੋਂ ਡਿਸਪ੍ਰਿਨ ਦੀ ਗੋਲੀ ਮਿਲੇਗੀ। ਕੋਰੋਨਾਕਾਲ ਦੌਰਾਨ ਦਿੱਲੀ ਵਿਚ ਇਹ ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਫੇਲ੍ਹ ਹੋ ਗਏ ਅਤੇ ਕੇਹਰ ਮੱਚ ਗਿਆ ਸੀ ਜਿਸ ਕਾਰਨ ਉਥੇ ਵੀ ਕੇਂਦਰ ਸਰਕਾਰ ਨੂੰ ਮੋਰਚਾ ਸੰਭਾਲਣਾ ਪਿਆ। ਅਸੀਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਲੋਕਾਂ ਨੂੰ ਸਿਹਤ ਬੀਮਾ ਦਿਤਾ ਹੈ ਤਾਂ ਜੋ ਘਰ ਦਾ ਕੋਈ ਜੀਅ ਬਿਮਾਰ ਹੋਵੇ ਤਾਂ 5 ਲੱਖ ਰੁਪਏ ਤੱਕ ਕੇਂਦਰ ਸਕਰਾਰ ਵਲੋਂ ਦਿਤੇ ਜਾਂਦੇ ਹਨ। ਇਹ ਚੀਜ਼ਾਂ ਪੰਜਾਬ ਅਤੇ ਦਿੱਲੀ ਵਿਚ ਕਿਉਂ ਨਹੀਂ ਲਾਗੂ ਕਰ ਰਹੇ ਕਿਉਂਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਕੇਂਦਰ ਸਰਕਾਰ ਵਲੋਂ ਦਿਤਾ ਜਾ ਰਿਹਾ ਹੈ।
ਸਵਾਲ : ਭਾਵੇਂ ਕਿ ਕੰਮ ਬਹੁਤ ਹੋ ਰਿਹਾ ਹੈ ਪਰ Oxfam ਦੀ ਰਿਪੋਰਟ ਅਨੁਸਾਰ 1% ਅਬਾਦੀ ਕੋਲ ਭਾਰਤ ਦੀ ਸਾਰੀ ਦੌਲਤ ਇਕੱਠੀ ਹੋ ਰਹੀ ਹੈ। ਅੱਜ ਹਰ ਅੱਠਵਾਂ ਜਾਂ 9ਵਾਂ ਅਮੀਰ ਇਨਸਾਨ ਭਾਰਤ ਤੋਂ ਹੈ ਪਰ ਅਮੀਰ ਅਤੇ ਗਰੀਬ ਵਿਚਲੀ ਦੂਰੀ ਹੋਰ ਵਧਦੀ ਜਾ ਰਹੀ ਹੈ। ਕੀ ਇਸ ਦੇ ਹੱਲ ਲਈ ਕੋਈ ਯੋਜਨਾ ਹੈ?
ਜਵਾਬ : ਕੀ ਇੱਕ ਕੰਪਨੀ ਦਾ ਮਾਲਕ ਵਿਦੇਸ਼ੀ ਹੀ ਹੋਣਾ ਚਾਹੀਦਾ ਹੈ? ਇੱਕ ਭਾਰਤੀ ਵਿਸ਼ਵ ਦੇ ਪਹਿਲੇ ਨੰਬਰ 'ਤੇ ਕਿਉਂ ਨਹੀਂ ਜਾ ਸਕਦਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਮਲਟੀਨੈਸ਼ਨਲ ਕੰਪਨੀ ਲੀਵਰ ਸਾਨੂੰ 70 ਸਾਲ ਸਾਬਣ ਵੇਚਦੀ ਰਹੀ ਕੀ ਇਹ ਸਾਬਣ ਸਾਡੇ ਵਰਗੇ ਆਮ ਲੋਕ ਨਹੀਂ ਬਣਾ ਸਕਦੇ। ਇਸ ਵਿਦੇਸ਼ੀ ਸੋਚ ਨੂੰ ਛੱਡਣ ਦੀ ਜ਼ਰੂਰਤ ਹੈ।
ਜੇਕਰ ਇਸ ਦੇ ਦੂਜੇ ਪਹਿਲੂ ਦੀ ਗੱਲ ਕਰੀਏ ਤਾਂ ਭਾਰਤ ਦੀ ਗਰੀਬ ਜਨਤਾ ਨੂੰ ਜੇਕਰ ਕਿਸੇ ਨੇ ਸੰਬੋਧਨ ਕੀਤਾ ਹੈ ਤਾਂ ਉਹ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਕੇਂਦਰ ਦੇ 8 ਸਾਲ ਦੌਰਾਨ ਉਨ੍ਹਾਂ ਨੇ ਗਰੀਬ ਲੋਕਾਂ ਬਾਰੇ ਸੋਚਿਆ ਅਤੇ ਬਦਲਾਅ ਲਿਆਂਦਾ ਹੈ। ਭਾਰਤ ਦੇ 11 ਕਰੋੜ ਘਰਾਂ ਵਿਚ ਰਸੋਈ ਗੈਸ ਅਤੇ ਤਕਰੀਬਨ ਸਾਢੇ 9 ਕਰੋੜ ਘਰਾਂ ਵਿਚ ਸ਼ੌਚਾਲਯ ਬਣਵਾਏ ਹਨ। ਭਾਰਤ ਵਿਚ 40 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਜਨ ਧਨ ਯੋਜਨਾ ਤੋਂ ਪਹਿਲਾਂ ਕਦੇ ਬੈਂਕ ਦੇਖਿਆ ਵੀ ਨਹੀਂ ਸੀ। ਕੇਂਦਰ ਵਲੋਂ ਦਿਤੀਆਂ ਸਹੂਲਤਾਂ ਨੂੰ ਜੇਕਰ ਗਿਣਿਆ ਜਾਵੇ ਤਾਂ ਭਾਰਤ ਦੀ 40% ਅਬਾਦੀ ਦੇ ਜੀਵਨ ਵਿਚ ਸੁਧਾਰ ਹੋਇਆ ਹੈ।
ਸਵਾਲ : ਜੇਕਰ ਅੰਕੜਿਆਂ ਨੂੰ ਦੇਖੀਏ ਤਾਂ ਪਤਾ ਲਗਦਾ ਹੈ ਕਿ ਗ਼ਰੀਬੀ ਦਰ ਵਿਚ ਵਾਧਾ ਹੋਇਆ ਹੈ।
ਜਵਾਬ : ਨਹੀਂ, ਸਗੋਂ ਹੁਣ ਤਾਂ ਭਾਰਤ ਦੀ 12 ਕਰੋੜ ਜਨਤਾ ਗ਼ਰੀਬੀ ਰੇਖਾ ਤੋਂ ਉਪਰ ਆ ਗਈ ਹੈ। ਕੇਂਦਰ ਵਲੋਂ ਦਿਤੀਆਂ ਸਹੂਲਤਾਂ ਨਾਲ ਲੋਕਾਂ ਦੀ ਜੀਵਨਸ਼ੈਲੀ ਵਿਚ ਬਦਲਾਅ ਆਇਆ ਹੈ। ਭਾਰਤ ਵਿਚ 200 ਕਰੋੜ ਲੋਕਾਂ ਨੂੰ ਕੋਰੋਨਾ ਰੋਕੂ ਖੁਰਾਕ ਦਿਤੀ ਗਈ ਹੈ ਜਿਸ ਵਿਚੋਂ ਇੱਕ ਵੀ ਵੈਕਸੀਨ ਵਿਦੇਸ਼ ਵਿਚੋਂ ਨਹੀਂ ਆਈ ਹੈ ਸਗੋਂ ਭਾਰਤ ਦੀ ਵੈਕਸੀਨ ਕਨੇਡਾ, ਅਮਰੀਕਾ, ਰੂਸ ਅਤੇ ਜਰਮਨ ਵਰਗੇ ਦੇਸ਼ਾਂ ਵਲੋਂ ਵਰਤੀ ਗਈ ਹੈ। ਇੰਨਾ ਹੀ ਨਹੀਂ 80 ਕਰੋੜ ਨਾਗਰਿਕ ਅਜਿਹੇ ਹਨ ਜਿਨ੍ਹਾਂ ਨੂੰ ਕੋਰੋਨਾ ਕਾਰਨ ਪਿਛਲੇ ਤਿੰਨ ਸਾਲ ਤੋਂ ਕੇਂਦਰ ਵਲੋਂ ਰਾਸ਼ਨ ਦਿਤਾ ਜਾ ਰਿਹਾ ਹੈ ਅਤੇ ਇਹ ਗਿਣਤੀ ਪੂਰੇ ਯੂਰਪ ਦੀ ਅਬਾਦੀ ਤੋਂ ਦੋ ਗੁਣਾ ਹੈ। ਕੇਂਦਰ ਵਲੋਂ ਦਿਤੀਆਂ ਇਨ੍ਹਾਂ ਸਹੂਲਤਾਂ ਕਾਰਨ ਗ਼ਰੀਬ ਦੇ ਘਰ ਖੁਸ਼ੀਆਂ ਆਈਆਂ ਹਨ।
exclusive interview of BJP general secretary Tarun Chugh
ਸਵਾਲ : ਲਗਦਾ ਹੈ ਕਿ ਹੁਣ ਮੈਨੂੰ ਆਪਣੀਆਂ ਸੱਥਾਂ ਪੰਜਾਬ ਦੇ ਪਿੰਡਾਂ ਤੋਂ ਹਟਾ ਕੇ ਹੋਰ ਕੀਤੇ ਲਗਾਉਣੀਆਂ ਪੈਣਗੀਆਂ ਕਿਉਂਕਿ ਪੰਜਾਬ ਵਿਚ ਅਜਿਹੇ ਹਾਲਾਤ ਦਿਖਾਈ ਨਹੀਂ ਦਿੰਦੇ।
ਜਵਾਬ : ਨਹੀਂ, ਅਜਿਹਾ ਨਹੀਂ ਹੈ। ਪੰਜਾਬ ਵਿਚ ਸਾਢੇ 10 ਕਰੋੜ ਕਿਸਾਨ ਹਨ, ਜੇਕਰ ਇੱਕ ਕਿਸਾਨ ਦੇ ਘਰ 4 ਜੀਅ ਹਨ ਤਾਂ 40 ਕਰੋੜ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਭੇਜ ਰਹੇ ਹਨ। ਹਿੰਦੋਸਤਾਨ ਦੇ ਹਰ ਕਿਸਾਨ ਜੋ ਸ਼ਾਇਦ 20 ਕਰੋੜ ਹੋਣਗੇ ਜਿਨ੍ਹਾਂ ਦੀ ਫ਼ਸਲ ਦਾ ਪੈਸਾ ਸਿਧ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿਸਾਨ ਕੋਲ ਪੈਸਾ ਚਾਰ ਥਾਵਾਂ ਤੋਂ ਘੁੰਮ ਕੇ ਜਾਂਦਾ ਸੀ ਜਿਸ ਕਾਰਨ ਉਸ ਦੀ ਫ਼ਸਲ ਦੇ ਅੱਧੇ ਪੈਸੇ ਵੀ ਉਸ ਕੋਲ ਨਹੀਂ ਪਹੁੰਚਦੇ ਸਨ। ਸਾਡੇ 8 ਸਾਲ ਦੇ ਕਾਰਜਕਾਲ ਦੌਰਾਨ 40% MSP ਵਾਧਾ ਯਾਨੀ ਹਰ ਸਾਲ ਤਕਰੀਬਨ 6% ਦਾ MSP ਵਾਧਾ ਦਿਤਾ ਹੈ ਤਾਂ ਜੋ ਕਿਸਾਨ ਵੀ ਭੁੱਖਾ ਨਾ ਰਹੇ ਅਤੇ ਮਹਿੰਗਾਈ ਵੀ ਆ ਹੋਵੇ। ਅੱਜ ਦੇ ਸਮੇਂ ਵਿਚ ਭਾਰਤ ਦਾ ਕਿਸਾਨ ਅੰਤਰਰਾਸ਼ਟਰੀ ਪੱਧਰ ਦੇ ਕਿਸਾਨ ਵਾਂਗ ਖੇਤੀ ਕਰ ਰਿਹਾ ਹੈ ਅਤੇ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਇਹ ਸਹੁੰ ਚੁੱਕੀ ਸੀ ਕਿ ਉਹ ਕਿਸਾਨ ਦੀ ਆਮਦਨ ਨੂੰ ਦੋ-ਗੁਣਾ ਕਰਨਗੇ ਅਤੇ ਹਰ ਵਿਅਕਤੀ ਨੂੰ ਮਕਾਨ ਦੇਵਾਂਗੇ ਅਤੇ ਉਸ ਸੰਕਲਪ ਨੂੰ ਹੀ ਪੂਰਾ ਕੀਤਾ ਜਾ ਰਿਹਾ ਹੈ।
ਸਵਾਲ : ਤੁਹਾਡੇ ਲਫ਼ਜ਼ਾਂ ਦੀ ਸੱਚਾਈ ਤਾਂ ਵੋਟਾਂ ਵਿਚ ਦਿਖਾਈ ਦਿੰਦੀ ਹੀ ਹੈ ਪਰ ਸਾਨੂੰ ਮੰਨਣਾ ਪਵੇਗਾ ਕਿ ਪੰਜਾਬ ਵਿਚ ਅਜੇ ਵੀ ਵਿਸ਼ਵਾਸ ਦੀ ਕਮੀ ਹੈ।
ਜਵਾਬ : ਇਸ ਵਿਸ਼ਵਾਸ ਦੀ ਕਮੀ ਦਾ ਕਾਰਨ ਹੈ ਗ਼ਲਤ ਪ੍ਰਚਾਰ। ਅੱਜ ਲੋਕਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਪੰਜਾਬ ਨੂੰ ਕੋਈ ਅੱਗੇ ਲੈ ਕੇ ਜਾ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੀ ਹੈ। ਤੁਸੀਂ '84 ਦੇ ਦੌਰ ਦੀ ਗੱਲ ਕੀਤੀ ਹੈ ਅਤੇ ਉਸ ਸਮੇਂ ਦਿੱਲੀ ਵਿਚ ਸਿਰਫ ਇੱਕੋ ਹੀ ਆਦਮੀ ਸੀ ਜਿਸ ਨੇ ਉਹ ਆਵਾਜ਼ ਬੁਲੰਦ ਕੀਤੀ ਸੀ ਅਤੇ ਉਹ ਸਨ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੇ ਮ੍ਰਿਤਕਾਂ, ਜ਼ਖ਼ਮੀਆਂ ਅਤੇ ਗੁਮਸ਼ੁਦਾ ਲੋਕਾਂ ਦੀ ਲਿਸਟ ਤਿਆਰ ਕਰ ਕੇ ਸਦਨ ਵਿਚ ਵੀ ਪੇਸ਼ ਕੀਤੀ ਸੀ। ਜਿਹੜੇ ਲੋਕ ਸਿੱਖਾਂ ਨੂੰ ਮਾਰ ਰਹੇ ਸਨ ਉਨ੍ਹਾਂ ਵਿਰੁੱਧ ਸੜਕ 'ਤੇ ਆ ਕੇ ਲੜੇ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਅਟਲ ਬਿਹਾਰੀ ਵਾਜਪਾਈ ਹੀ ਸਨ। ਇਹ ਸਭ ਮੈਂ ਖੁਦ ਨਹੀਂ ਕਹਿ ਰਿਹਾ ਹਾਂ ਸਗੋਂ ਇਸ ਗੱਲ ਦਾ ਇਤਿਹਾਸ ਗਵਾਹ ਹੈ।
ਉਸ ਸਮੇਂ ਹੀ ਜਦੋਂ ਅਟਲ ਬਿਹਾਰੀ ਵਾਜਪਾਈ ਸਦਨ ਵਿਚ ਬੋਲ ਰਹੇ ਸਨ ਤਾਂ ਕਾਂਗਰਸ ਵਲੋਂ ਇਹ ਬਿਆਨ ਦਿਤਾ ਜਾ ਰਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ ਯਾਨੀ ਸਿੱਖਾਂ ਦਾ ਕਲਤ ਠੀਕ ਹੈ। ਕੋਈ ਦੱਸੇ ਕਿ ਐਚ.ਕੇ.ਐਲ. ਭਗਤ, ਸੱਜਣ ਕੁਮਾਰ, ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਇਨ੍ਹਾਂ ਨੂੰ ਕਿਸ ਨੇ ਬਚਾਇਆ? ਸਿੱਖ ਕਤਲੇਆਮ ਦੀਆਂ ਉਹ ਫਾਈਲਾਂ, ਗੁਰਦੁਆਰੇ ਸਾੜਨ ਅਤੇ ਜ਼ਿੰਦਾ ਸਿੱਖਾਂ ਦੇ ਗਲ਼ਾਂ ਵਿਚ ਟਾਇਰ ਪਾ ਕੇ ਸਾੜਨ ਵਾਲਿਆਂ ਫਾਈਲਾਂ 30 ਸਾਲਾਂ ਵਿਚ ਖੁਲ੍ਹੀਆਂ ਨਹੀਂ? ਇਹ ਫਾਈਲਾਂ ਸਫ਼ਦਰਜੰਗ ਥਾਣੇ ਤੋਂ ਸਫ਼ਦਰਜੰਗ ਕੋਰਟ ਵਿਚ ਪਹੁੰਚਣ ਵਿਚ 30 ਸਾਲ ਲੱਗ ਗਏ। 2014 'ਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਕਮਿਸ਼ਨ ਬਣਾਇਆ ਅਤੇ ਉਹ ਫਾਈਲਾਂ ਖੁਲ੍ਹੀਆਂ ਨਤੀਜਨ ਸੱਜਣ ਕੁਮਾਰ ਹੁਣ ਜੇਲ੍ਹ ਵਿਚ ਹੈ। 1984 ਕਤਲੋਗਾਰਦ ਦੇ ਪੀੜਤਾਂ ਨੂੰ 2014 ਵਿਚ ਆ ਕੇ ਮੋਦੀ ਜੀ ਨੇ ਗਰਾਂਟਾਂ ਦਿਤੀਆਂ ਹਨ।
ਸੱਜਣ ਕੁਮਾਰ ਸਿੱਖ ਕਤਲੇਆਮ ਮਾਮਲੇ ਵਿਚ ਜੇਲ੍ਹ ਭੁਗਤ ਰਿਹਾ ਹੈ ਅਤੇ ਉਹ ਅਜੇ ਵੀ ਕਾਂਗਰਸ ਪਾਰਟੀ ਦਾ ਮੈਂਬਰ ਹੈ। ਜਗਦੀਸ਼ ਟਾਈਟਲਰ ਦੀ ਇੱਕ ਵੀਡੀਓ ਹੈ ਜਿਸ ਵਿਚ ਉਹ ਕਹਿ ਰਿਹਾ ਹੈ ਕਿ ਮੈਂ ਇੰਨੇ ਸਰਦਾਰ ਮਾਰ ਦਿਤੇ ਮੇਰਾ ਕੀ ਹੋ ਗਿਆ, ਅੱਜ ਵੀ ਉਹ ਕਾਂਗਰਸ ਕਮੇਟੀ ਦਾ ਮੈਂਬਰ ਹੈ। ਇਸ ਤਰ੍ਹਾਂ ਹੀ ਕਮਲ ਨਾਥ ਬਾਰੇ ਤਾਂ ਇੱਕ ਪੱਤਰਕਾਰ ਨੇ ਕੋਰਟ ਵਿਚ ਬਿਆਨ ਵੀ ਦਿਤਾ ਹੈ ਕਿ ਮੇਰੇ ਫੋਟੋ ਖਿੱਚਣ ਦੌਰਾਨ ਜਿਹੜੀ ਭੀੜ ਦਿੱਲੀ ਸਥਿਤ ਇੱਕ ਗੁਰਦੁਆਰਾ ਸਾਹਿਬ ਨੂੰ ਸਾੜ ਰਹੀ ਸੀ ਉਸ ਦੀ ਅਗਵਾਈ ਕਮਲਨਾਥ ਕਰ ਰਿਹਾ ਸੀ। ਅਜਿਹੇ ਵਿਅਕਤੀ ਨੂੰ ਕਾਂਗਰਸ ਵਲੋਂ ਮੁੱਖ ਮੰਤਰੀ ਬਣਾ ਦਿਤਾ ਗਿਆ। ਸਿੱਖ ਵਿਰੋਧੀ ਕੌਣ ਹੈ ? ਸਿੱਖਾਂ ਲਈ ਲੜਨ ਵਾਲੇ ਜਾਂ ਸਿੱਖਾਂ ਨੂੰ ਮਾਰਨ ਵਾਲੇ?
Davinderpal Singh Bhullar
ਸਵਾਲ : ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ?
ਜਵਾਬ : ਇਹ ਸਭ ਚੀਜ਼ਾਂ ਕਾਰਵਾਈ ਅਧੀਨ ਹਨ। ਜੇਕਰ ਕਰਤਾਰਪੁਰ ਲਾਂਘੇ ਦੀ ਗੱਲ ਕਰੀਏ ਤਾਂ ਛੋਟੇ ਹੁੰਦੇ ਅਸੀਂ ਆਪਣੇ ਮਾਪਿਆਂ ਨਾਲ ਗੁਰਦੁਆਰੇ ਜਾ ਕੇ ਅਰਦਾਸ ਕਰਦੇ ਸੀ ਕਿ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਬਖਸ਼ਣਾ ਅਤੇ ਉਹ ਅਰਦਾਸ ਗੁਰੂ ਸਾਹਿਬ ਨੇ ਮੋਦੀ ਸਾਬ੍ਹ ਤੋਂ ਪੂਰੀ ਕਰਵਾਈ ਹੈ। ਅੱਜ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਲਾਲ ਕਿਲ੍ਹੇ 'ਤੇ ਮਨਾਇਆ ਗਿਆ ਤਾਂ ਉਹ ਫੈਸਲਾ ਵੀ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਹੈ। ਯਾਦਗਾਰੀ ਰੋਡ, ਗੁਰਦੁਆਰਾ ਸਰਕਲ ਅਤੇ ਪੰਜਾਬ ਵਿਚ ਜਿਨ੍ਹਾਂ ਵੀ ਇਤਿਹਾਸਕ ਇਮਾਰਤਾਂ ਹਨ ਉਨ੍ਹਾਂ ਲਈ ਕੇਂਦਰ ਵਲੋਂ ਪੈਸਾ ਭੇਜਿਆ ਗਿਆ ਹੈ।
ਅਸੀਂ ਗੁਰੂ ਨੂੰ ਮੰਨਣ ਵਾਲੇ ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਪਿਛਲੇ ਅੱਠ ਸਾਲਾਂ ਵਿਚ ਕੋਈ ਵੀ ਅਜਿਹਾ ਗੁਰਪੁਰਬ ਨਹੀਂ ਹੋਵੇਗਾ ਜਦੋਂ ਉਹ ਗੁਰਦੁਆਰਾ ਸਾਹਿਬ ਨਤਮਸਤਕ ਨਾ ਹੋਏ ਹੋਣ। ਪੰਜਾਬ ਵਿਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ, ਕਾਂਗਰਸ ਦਾ ਪੂਰਾ ਕਾਰਜਕਾਲ ਅਤੇ ਹੁਣ ਨਵੀਂ ਸਰਕਾਰ ਨੂੰ ਵੀ ਦੋ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਹੈ ਕੀ ਇਨ੍ਹਾਂ ਨੇ ਕੋਈ ਕਾਰਵਾਈ ਕੀਤੀ? ਭਾਰਤੀ ਜਨਤਾ ਪਾਰਟੀ ਦਾ 2015 'ਚ ਫੈਸਲਾ ਸੀ ਜਿਸ ਨੂੰ ਫਿਰ ਦੁਹਰਾ ਰਿਹਾ ਹਾਂ ਕਿ ਇਸ ਮਾਮਲੇ ਵਿਚ ਆਮ ਮੁਕੱਦਮਾ ਨਹੀਂ ਸਗੋਂ ਕਤਲ ਕੇਸ ਦਾਇਰ ਹੋਣਾ ਚਾਹੀਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਜ਼ਿੰਦਾ ਗੁਰੂ ਹਨ ਅਤੇ ਉਨ੍ਹਾਂ ਦੇ ਅੰਗਾਂ ਦੀ ਬੇਅਦਬੀ ਹੋਈ ਹੈ। ਇਹ ਮੁੱਦਾ ਸਿਰਫ ਸਾਡੀ ਪਾਰਟੀ ਨੇ ਚੁੱਕੇ ਪਰ ਦੂਜਿਆਂ ਪਾਰਟੀਆਂ ਸਿਰਫ ਸਿਆਸਤ ਕਰ ਰਹੀਆਂ ਹਨ।
ਸਾਡੀ ਪਾਰਟੀ ਛੋਟੀ ਵੱਡੀ ਹੋ ਸਕਦੀ ਹੈ ਪਰ ਅਸੀਂ ਪੰਜਾਬ ਨੂੰ ਖ਼ਰਾਬ ਨਹੀਂ ਹੋਣ ਦੇ ਸਕਦੇ। ਅਸੀਂ ਪੰਜਾਬ ਨੂੰ ਬਚਾ ਵੀ ਸਕਦੇ ਹਾਂ ਅਤੇ ਅੱਗੇ ਵੀ ਲੈ ਕੇ ਜਾ ਸਕਦੇ ਹਾਂ। ਲੋਕਾਂ ਨੂੰ ਸਮਝ ਆ ਗਈ ਹੈ ਕਿ ਪੰਜਾਬ ਨੂੰ ਬਚਾਉਣ ਲਈ ਡਬਲ ਇੰਜਣ ਸਰਕਾਰ ਦੀ ਜ਼ਰੂਰਤ ਹੈ। ਪੰਜਾਬ ਲਈ ਅਜਿਹੀ ਪਾਰਟੀ ਦੀ ਜ਼ਰੂਰਤ ਹੈ ਜੋ ਉਸ ਨੂੰ ਆਰਥਿਕ ਤੌਰ 'ਤੇ ਉਪਰ ਚੁੱਕੇ ਸਮਾਜਿਕ ਤੌਰ 'ਤੇ ਪੰਜਾਬ ਪਹਿਲਾਂ ਹੀ ਖੁਸ਼ਹਾਲ ਹੈ ਸਿਰਫ ਸੁਰੱਖਿਆ ਦੀ ਜ਼ਰੂਰਤ ਹੈ।
exclusive interview of BJP general secretary Tarun Chugh
ਪੰਜਾਬ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਜਿਥੇ ਵੇਦ ਲਿਖੇ ਗਏ ਹਨ ਪਰ ਅੱਜ ਸਿੱਖਿਆ ਨੀਤੀ ਪੁੱਛਣ ਲਈ ਪੰਜਾਬ ਨੂੰ ਕੇਜਰੀਵਾਲ ਸਾਬ੍ਹ ਕੋਲ ਜਾਣ ਦੀ ਜ਼ਰੂਰਤ ਪੈ ਰਹੀ ਹੈ ਜੋ ਕਿ ਬਹੁਤ ਹੀ ਹਾਸੋਹੀਣੀ ਗੱਲ ਹੈ। ਜਿਸ ਪੰਜਾਬ ਨੇ ਵੱਡੇ-ਵੱਡੇ ਡਾਕਟਰ ਪੈਦਾ ਕੀਤੇ ਉਸ ਨੂੰ ਹੁਣ ਡਿਸਪ੍ਰਿਨ ਦੀ ਗੋਲ਼ੀ ਦੇਣ ਵਾਲੇ ਮੁਹੱਲਾ ਕਲੀਨਕ ਨਾਲ MoU ਸਾਈਨ ਕਰਨਾ ਪੈ ਰਿਹਾ ਹੈ ਕੀ ਇਹ ਪੰਜਾਬ ਦੀ ਪੱਗ ਨਾਲ ਧੋਖਾ ਨਹੀਂ ਹੈ? ਜੇਕਰ ਕਿਸੇ ਵੱਲ ਇੱਕ ਉਂਗਲ ਕਰੀਏ ਤਾਂ ਤਿੰਨ ਆਪਣੇ ਵੱਲ ਹੁੰਦੀਆਂ ਹਨ ਇਸ ਲਈ ਜਵਾਬ ਤਾਂ ਦੇਣੇ ਪੈਣਗੇ। 'ਆਪ' ਦੀ ਵਿਚਾਰਧਾਰਾ ਤਾਂ ਸਭ ਨੂੰ ਸਮਝ ਆ ਗਈ ਹੈ ਜਿਵੇਂ ਪੰਜਾਬ ਦੇ ਮੰਤਰੀ ਸਿੰਗਲਾ ਨੂੰ ਬਰਖ਼ਾਸਤ ਕਰ ਦਿਤਾ ਪਰ ਦਿੱਲੀ ਦਾ ਸਿਹਤ ਮੰਤਰੀ ਜੈਨ ਇਸ ਕਾਰਵਾਈ ਤੋਂ ਬਚ ਗਿਆ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਨੂੰ ਬਚਾ ਲਈਏ।