
ਕਬੱਡੀ ਖਿਡਾਰੀ ਕਰਨਬੀਰ ਸਿੰਘ ਕੱਦਗਿੱਲ ਨੇ ਮਦਦ ਲਈ ਆਪਣਾ ਮੋਬਾਈਲ ਨੰਬਰ (99152-51810) ਸਾਂਝਾ ਕੀਤਾ
ਤਰਨਤਾਰਨ (ਰਮਨਦੀਪ ਕੌਰ ਸੈਣੀ/ਕੁਲਦੀਪ ਸਿੰਘ) :ਇੱਕ ਪਾਸੇ ਜਿੱਥੇ ਸਰਕਾਰਾਂ ਵਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਪੰਜਾਬ ਦੇ ਵਿਚ ਅਜੇ ਵੀ ਕਈ ਹੋਣਹਾਰ ਖਿਡਾਰੀ ਅਜਿਹੇ ਵੀ ਹਨ ਜੋ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹਨ ਅਤੇ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ |
ਅਜਿਹਾ ਹੀ ਇੱਕ ਕਬੱਡੀ ਖਿਡਾਰੀ ਕਰਨਬੀਰ ਸਿੰਘ ਕੱਦਗਿੱਲ (ਹੈਪੀ) ਜੋ ਕਿ ਤਰਨਤਾਰਨ ਦੇ ਪਿੰਡ ਕੱਦਗਿੱਲ ਦਾ ਰਹਿਣ ਵਾਲਾ ਹੈ | ਜੋ ਗ਼ਰੀਬੀ ਤੇ ਖਸਤਾ ਹਾਲਤ ਘਰ ’ਚ ਰਹਿਣ ਲਈ ਮਜਬੂਰ ਹੈ। ਜਿਸ ਨੇ ਕਬੱਡੀ ਮੁਕਾਬਲੇ ‘ਚ ਕਈ ਮੈਡਲ ਜਿੱਤੇ ਹਨ। ਨੌਜੁਆਨ ਦਾ ਕਹਿਣਾ ਹੈ ਕਿ ਉਹ ਪੰਜਾਬ, ਹਰਿਆਣਾ ਤੇ ਯੂਪੀ ’ਚ ਖੇਡ ਮੁਕਾਬਲਿਆਂ ‘ਚ ਹਿੱਸਾ ਲੈ ਚੁੱਕਾ ਹੈ |
ਲੇਕਿਨ ਉਸ ਦੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਅਤੇ ਕਈ ਵਾਰ ਨੌਕਰੀ ਲਈ ਵੀ ਕੋਸ਼ਿਸ਼ ਕੀਤੀ ਲੇਕਿਨ ਕੁਝ ਹਾਸਲ ਨਹੀਂ ਹੋਇਆ ਅਤੇ ਮਜ਼ਬੂਰਨ ਹੁਣ ਉਹ ਘਰ ਦੀ ਮਜਬੂਰੀ ਦੇ ਚੱਲਦੇ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ।
ਨੌਜੁਆਨ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਅਪਣੀ ਹੱਡਬੀਤੀ ਸਾਂਝੀ ਕਰਦਿਆਂ ਦਸਿਆ ਕਿ ਉਸ ਨੇ 2004 ਵਿਚ ਬਾਡੀ ਬਿਲਡਿੰਗ ਸ਼ੁਰੂ ਕੀਤੀ ਸੀ ਤੇ ਇਸ ਤੋਂ ਬਾਅਦ 2009 ਵਿਚ ਉਸ ਦੀ ਰੁਚੀ ਕਬੱਡੀ ਵੱਲ ਚਲੀ ਗਈ ਤੇ ਉਸ ਨੇ ਕਬੱਡੀ ਖੇਡਣਾ ਸ਼ੁਰੂ ਕਰ ਦਿਤਾ।
ਕਬੱਡੀ ਖਿਡਾਰੀ ਨੇ ਦਸਿਆ ਕਿ 2011 ਵਿਚ ਕਬੱਡੀ ਖੇਡਦਿਆਂ ਉਸ ਦੀ ਇਕ ਬਾਂਹ ਟੁਟ ਗਈ ਸੀ। ਉਸ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਜਦੋਂ ਰਮਨਜੀਤ ਸਿੱਕੀ ਹਲਕਾ ਵਿਧਾਇਕ ਬਣੇ ਤਾਂ ਉਹਨਾਂ ਨੇ ਉਸ ਦੀ ਬਾਂਹ ਦਾ ਇਲਾਜ ਕਰਵਾਇਆ। ਜਿਸ ਕਾਰਨ ਡੇਢ ਸਾਲ ਬਾਅਦ ਉਸ ਨੇ ਦੁਬਾਰਾ ਖੇਡਣਾ ਸ਼ੁਰੂ ਕਰ ਦਿਤਾ।
ਨੌਜੁਆਨ ਨੇ ਦਸਿਆ ਕਿ ਉਸ ਦਾ ਦੋ ਮਹੀਨੇ ਪਹਿਲਾ ਮੋਢਾ ਨਿਕਲਣ ਕਾਰਨ ਉਸ ਤੋਂ ਕੰਮ ਕਰਨਾ ਔਖਾ ਹੋ ਗਿਆ ਹੈ। ਘਰ ’ਚ ਕਮਾਉਣ ਵਾਲਾ ਉਹ ਇਕੱਲਾ ਹੈ। ਕੰਮ ਨਾ ਹੋਣ ਕਾਰਨ ਉਸ ਲਈ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੈ। ਉਸ ਨੇ ਨਿਰਾਸ਼ਾ ਜਤਾਉਂਦਿਆ ਕਿਹਾ ਕਿ ਮੈਂ ਦਿਨ ਰਾਤ ਮਿਹਨਤ ਕੀਤੀ ਪਰ ਮੇਰੀ ਮਿਹਨਤ ਦਾ ਕੋਈ ਮੁੱਲ ਨਹੀਂ ਪਿਆ। ਤੜਕੇ ਤਿੰਨ ਵਜੇ ਉੱਠ ਕੇ ਮਿਹਨਤ ਕਰਨੀ ਤੇ ਫਿਰ ਕੰਮ ’ਤੇ ਜਾਂਦੇ ਸੀ। ਪਰ ਜਦੋਂ ਸੋਚਦੇ ਹਾਂ ਕਿ ਸਾਡੀ ਕੀਤੀ ਮਿਹਨਤ ਦਾ ਕੋਈ ਮੁੱਲ ਨਹੀਂ ਪਿਆ ਤਾਂ ਖ਼ੁਦਕੁਸ਼ੀ ਕਰ ਲੈਣ ਦਾ ਮਨ ਹੁੰਦਾ ਹੈ।
ਖਿਡਾਰੀ ਨੇ ਕਿਹਾ ਕਿ ਸਰਕਾਰਾਂ ਨੂੰ ਖਿਡਾਰੀਆਂ ਦੀ ਮਦਦ ਕਰਨੀ ਚਾਹੀਦੀ ਹੈ। ਜੇਕਰ ਇਹਨਾਂ ਨੂੰ ਅਣਦੇਖਿਆ ਕੀਤਾ ਗਿਆ ਤਾਂ ਉਹ ਨਸ਼ਿਆਂ ਦੇ ਜੰਜਾਲ ਵਿਚ ਫਸ ਜਾਣਗੇ। ਉਹਨਾਂ ਦਸਿਆ ਕਿ ਮੋਢਾ ਨਿਕਲਣ ਕਾਰਨ ਡਾਕਟਰ ਨੇ ਆਪਰੇਸ਼ਨ ਦੀ ਸਲਾਹ ਦਿਤੀ ਹੈ ਪਰ ਇਸ ’ਤੇ ਡੇਢ ਲੱਖ ਰੁਪਏ ਦੇ ਕਰੀਬ ਖ਼ਰਚ ਆਵੇਗਾ। ਉਨ੍ਹਾਂ ਕਿਹਾ ਕਿ ਘਰ ਦਾ ਖ਼ਰਚ ਮੁਸ਼ਕਲ ਨਾਲ ਚਲ ਰਿਹਾ ਹੈ ਤੇ ਆਪਰੇਸ਼ਨ ਕਰਵਾਉਣਾ ਸੰਭਵ ਨਹੀਂ ਹੈ।
ਕਬੱਡੀ ਖਿਡਾਰੀ ਨੇ ਐਨਆਰਆਈ, ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਉਹ ਸਟਾਰ ਖਿਡਾਰੀ ਬਣ ਕੇ ਅੱਗੇ ਆਉਣਾ ਚਾਹੁੰਦਾ ਹੈ ਇਸ ਲਈ ਮੋਢੇ ਦਾ ਆਪਰੇਸ਼ਨ ਕਰਵਾ ਕੇ ਉਹ ਦੁਬਾਰਾ ਮੈਦਾਨ ਵਿਚ ਆਉਣਾ ਚਾਹੁੰਦਾ ਹੈ।
ਕਬੱਡੀ ਖਿਡਾਰੀ ਕਰਨਬੀਰ ਸਿੰਘ ਕੱਦਗਿੱਲ ਨੇ ਮਦਦ ਲਈ ਆਪਣਾ ਮੋਬਾਈਲ ਨੰਬਰ (99152-51810) ਸਾਂਝਾ ਕੀਤਾ ਹੈ।