
ਕਿਹਾ, ਬਿੱਟੂ ਦੇ ਕਾਂਗਰਸ ਨੂੰ ਛੱਡ ਕੇ ਜਾਣ ਦਾ ਬਹੁਤ ਦੁੱਖ ਹੋਇਆ, ਉਸ ਨੇ ਪਾਰਟੀ ਦਾ ਵੱਡਾ ਲੀਡਰ ਬਣਨਾ ਸੀ
Raja Warring Interview: ਚੰਡੀਗੜ੍ਹ, 8 ਜੂਨ (ਨਵਜੋਤ ਸਿੰਘ ਧਾਲੀਵਾਲ/ਵੀਰਪਾਲ ਕੌਰ): ਪੰਜਾਬ ਵਿਚ ਕਾਂਗਰਸ ਨੇ ਸੱਭ ਤੋਂ ਵੱਧ ਲੋਕ ਸਭਾ ਸੀਟਾਂ ਜਿੱਤੀਆਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਸੀਟ ਵੱਡੇ ਬਹੁਮਤ ਨਾਲ ਜਿੱਤੀ। ਉਨ੍ਹਾਂ ਦੀ ਜਿੱਤ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ।
ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੁਧਿਆਣਾ ਸੀਟ ਜਿੱਤ ਕੇ ਆਨੰਦ ਆ ਗਿਆ ਕਿਉਂਕਿ 2012 ਵਿਚ ਇਕ ਅਜਿਹੀ ਹੀ ਚੋਣ ਗਿੱਦੜਬਾਹਾ ਵਿਚ ਹੋਈ ਸੀ ਤੇ ਉਸ ਸਮੇਂ ਦੀ ਚੋਣ ਤੇ ਅੱਜ ਵਾਲੀ ਚੋਣ ਇਕੋ ਜਿਹੀ ਸੀ।
ਸਵਾਲ - ਕਹਿੰਦੇ ਕਿ ਰਾਜਾ ਵੜਿੰਗ ਜਿੱਥੇ ਵੀ ਜਾਂਦਾ ਹੈ ਚੁਨੌਤੀ ਦੀ ਲੜਾਈ ਲੈਂਦਾ ਹੈ, ਤੇ ਇਹ ਚੁਨੌਤੀ ਲੈਣਾ ਜ਼ਿੰਦਗੀ ਦਾ ਇਕ ਹਿੱਸਾ ਹੀ ਬਣ ਗਿਆ ਹੈ?
ਜਵਾਬ - ਦੇਖੋ ਮੈਨੂੰ ਬਚਪਨ ਵਿਚ ਕਿਸੇ ਨੇ ਕਿਹਾ ਸੀ ਕਿ ਤੂੰ ਜਿੱਥੇ ਵੀ ਰਹੇਂਗਾ ਚੜ੍ਹਤ ਵਿਚ ਰਹੇਗਾ ਫਿਰ ਚਾਹੇ ਉਹ ਚੜ੍ਹਤ ਚੰਗੀ ਹੋਵੇ ਜਾਂ ਮਾੜੀ ਪਰ ਤੂੰ ਛੁਪਿਆ ਨਹੀਂ ਰਹੇਗਾ ਤੇ ਮੇਰਾ ਜੀਵਨ ਵੀ ਉਸੇ ਤਰ੍ਹਾਂ ਹੀ ਹੈ।
ਸਵਾਲ - ਕਹਿੰਦੇ ਨੇ ‘ਜਿੱਥੇ ਜਾਵੇ ਰਾਜਾ ਵੜਿੰਗ ਉੱਥੇ ਹੀ ਹੋਵੇ ਤੜਿੰਗ’?
ਜਵਾਬ - ਮੈਂ ਹੁਣ ਤੜਿੰਗ ਹੋਣਾ ਤਾਂ ਛੱਡ ਦਿਤਾ ਹੈ ਤੇ ਮੈਂ ਹੁਣ ਪਿਆਰ ਤੇ ਸਤਿਕਾਰ ਨਾਲ ਰਹਿ ਰਿਹਾ ਹਾਂ।
ਸਵਾਲ - ਕਿੰਨੀਆ ਚੋਣਾਂ ਜਿੱਤੀਆਂ ਤੇ ਕੁੱਝ ਹਾਰੀਆਂ ਵੀ?
ਜਵਾਬ - 5 ਚੋਣਾਂ ਲੜੀਆਂ ਤੇ 4 ਜਿੱਤੀਆਂ ਵੀ ਪਰ ਇਕ ਚੋਣ ਹਰਸਿਮਰਤ ਬਾਦਲ ਕੋਲੋਂ ਹਾਰਿਆ ਵੀ। ਕਦੇ ਸੁਣਦੇ ਹੁੰਦੇ ਸੀ ਕਿ ਸ਼ਰਦ ਪਵਾਰ 8 ਚੋਣਾਂ ਜਿੱਤੇ ਹਨ ਤੇ ਕਹਿੰਦੇ ਸੀ ਕਿ ਕੋਈ ਐਨੀਆਂ ਚੋਣਾਂ ਕਿਵੇਂ ਲੜ ਸਕਦਾ ਹੈ ਪਰ ਹੁਣ ਲਗਦਾ ਹੈ ਕਿ ਅਸੀਂ ਵੀ ਅੰਕੜਾ ਉਨ੍ਹਾਂ ਦੇ ਕੋਲ ਲੈ ਜਾਵਾਂਗੇ।
ਸਵਾਲ - ਜੋ ਸੋਚਿਆ ਉਹੀ ਹੋਇਆ ਜਾਂ ਫਿਰ ਘੱਟ ਹੋਇਆ?
ਜਵਾਬ - ਮੈਨੂੰ ਲਗਦਾ ਸੀ ਕਿ 2 ਸੀਟਾਂ ਹੋਰ ਆ ਸਕਦੀਆਂ ਸੀ ਜੇ ਮੈਂ ਸਹੀ ਸਮੇਂ ’ਤੇ ਕੁੱਝ ਫ਼ੈਸਲਾ ਕਰਵਾ ਲੈਂਦਾ। ਸ਼ਾਇਦ ਅਨੰਦਪੁਰ ਸਾਹਿਬ ਸੀਟ ਤੇ ਜੇ ਜਲਦੀ ਫ਼ੈਸਲਾ ਲਿਆ ਜਾਂਦਾ ਤਾਂ ਅਸੀਂ ਉਹ ਸੀਟ ਵੀ ਅਪਣੇ ਪਾਲੇ ਵਿਚ ਕਰ ਲੈਂਦੇ। ਸਾਨੂੰ 7 ਸੀਟਾਂ ਆਈਆਂ ਬਹੁਤ ਵੱਡੀ ਜਿੱਤ ਹੈ ਪਰ ਸਾਨੂੰ ਉਸ ਵਿਚ ਕਮੀਆਂ ਵੀ ਵੇਖਣੀਆਂ ਚਾਹੀਦੀਆਂ ਹਨ ਕਿ ਕਮੀ ਵੀ ਕਿੱਥੇ ਰਹੀ ਹੈ।
ਸਵਾਲ - ਇਸ ਚੋਣਾਂ ਵੇਲੇ ਬਹੁਤ ਸਾਰੇ ਲੀਡਰ ਛੱਡ ਕੇ ਚਲੇ ਗਏ ਪਰ ਕੋਈ ਇਕ ਲੀਡਰ ਜਿਸ ਨਾਲ ਦੁੱਖ ਹੋਇਆ ਹੋਵੇ ਕਿ ਇਹ ਤਾਂ ਨਾ ਜਾਂਦਾ?
ਜਵਾਬ - ਰਵਨੀਤ ਬਿੱਟੂ, ਉਨ੍ਹਾਂ ਨਾਲ ਦੋਸਤੀ ਤਾਂ ਹੈ ਹੀ ਸੀ ਪਰ ਉਨ੍ਹਾਂ ਦਾ ਭਵਿੱਖ ਸੀ ਪਾਰਟੀ ਵਿਚ। ਬਿੱਟੂ ਨੇ ਪਾਰਟੀ ਦਾ ਵੱਡਾ ਲੀਡਰ ਬਣਨਾ ਸੀ। ਅਜੇ ਆਹੀ ਉਮਰ ਸੀ ਕੁੱਝ ਬਣਨ ਦੀ ਲੋਕ 70 ਸਾਲ ਦੀ ਉਮਰ ਵਿਚ ਮੁੱਖ ਮੰਤਰੀ ਬਣਦੇ ਫਿਰਦੇ ਨੇ ਪਰ ਮੈਨੂੰ ਨਹੀਂ ਪਤਾ ਕਿ ਕਾਹਲੀ ਕਿਸ ਚੀਜ਼ ਦੀ ਸੀ।
ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਖੁਸ਼ ਰਖਣਾ ਚਾਹੁੰਦੇ ਸੀ ਪਰ ਉਹ ਬਹੁਤ ਛੋਟੀ ਸਿਆਸਤ ਵਿਚ ਪੈ ਗਏ, ਅਚਨਚੇਤ ਰਾਜਾ ਵੜਿੰਗ ’ਤੇ ਇਲਜ਼ਾਮ ਲਗਾਉਣ ਲੱਗ ਪਿਆ ਸੀ। ਉਹ ਇਸ ਲਈ ਕਿ ਮੈਂ ਉਸ ਦੇ ਅੱਗੇ ਚੋਣ ਲੜਨ ਲੱਗ ਪਿਆ ਸੀ। ਮੈਨੂੰ 2-3 ਘੰਟੇ ਹੀ ਸੌਣ ਨੂੰ ਮਿਲਦੇ ਸੀ ਤੇ ਫਿਰ ਤੋਂ ਲੋਕਾਂ ਨਾਲ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਸਨ ਤੇ ਬੋਲਣ ਲੱਗੇ ਵੀ ਜ਼ੋਰ ਕਾਫ਼ੀ ਲਗਦਾ ਹੈ ਕਿਉਂਕਿ ਚੋਣ ਬਹੁਤ ਵੱਡੀ ਹੁੰਦੀ ਹੈ।
ਸਵਾਲ - ਕਹਿੰਦੇ ਰਾਜਾ ਵੜਿੰਗ ਦਾ ਪਾਰਟੀ ਵਿਚ ਕੱਦ ਬਹੁਤ ਵਧਿਆ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਸੀ ਤਾਂ ਉਸ ਸਮੇਂ ਚੋਣ ਜਿੱਤੀ ਤਾਂ ਪਾਰਟੀ ਨੇ ਪ੍ਰਧਾਨ ਬਣਾਇਆ ਤੇ ਕਹਿੰਦੇ ਹੁਣ ਤਾਂ ਮੁੱਖ ਮੰਤਰੀ ਦਾ ਹੀ ਚਿਹਰਾ ਰਹਿ ਗਿਆ?
ਜਵਾਬ - ਦੇਖੋ ਜਦੋਂ ਤੁਸੀਂ ਕੁੱਝ ਕਰਦੇ ਹੋ ਤਾਂ ਹੌਲੀ ਹੌਲੀ ਨਜ਼ਰਾਂ ਵਿਚ ਤਾਂ ਆਉਂਦੇ ਹੀ ਹੋ ਤੇ ਜਦੋਂ ਪਾਰਟੀ ਦਾ ਕੋਈ ਪ੍ਰਧਾਨ ਬਣ ਜਾਂਦਾ ਹੈ ਤਾਂ ਕੱਦ ਵਗੈਰਾ ਤਾਂ ਕੋਈ ਰਹਿ ਹੀ ਨਹੀਂ ਜਾਂਦਾ। ਬਾਕੀ ਰਹਿੰਦੀ ਗੱਲ ਕਿ ਕਦੋਂ ਕੀ ਬਣਨਾ ਹੈ ਤਾਂ ਮੈਂ ਬਹੁਤ ਕਾਹਲਾ ਨਹੀਂ ਹਾਂ ਰੱਬ ਨੇ ਤੁਹਾਡਾ ਰਾਹ ਅਪਣੇ ਆਪ ਹੀ ਬਣਾਇਆ ਹੁੰਦਾ ਹੈ। ਤੁਸੀਂ ਹੌਲੀ ਹੌਲੀ ਜੋ ਕਰਦੇ ਹੋ ਕਰਦੇ ਰਹੋ ਤੇ ਤੁਹਾਨੂੰ ਤੁਹਾਡੀ ਤਕਦੀਰ ਨੇ ਆਪ ਹੀ ਲੈ ਜਾਣਾ ਹੈ।
ਸਵਾਲ - ਕੀ ਅੰਤਰ-ਧਿਆਨ ਕਰਦੇ ਹੋ?
ਜਵਾਬ : ਬਹੁਤ ਘੱਟ ਕਰ ਹੁੰਦਾ ਹੈ ਪਰ ਯੋਗਾ ਕਰ ਲੈਂਦਾ ਹਾਂ।
ਸਵਾਲ - ਜਦੋਂ ਪ੍ਰਧਾਨ ਬਣੇ ਸੀ ਤਾਂ ਕਈ ਛੱਡ ਗਏ ਤੇ ਕਈਆਂ ਨੇ ਛੱਡ ਕੇ ਜਾਣਾ ਵੀ ਸੀ ਤੇ ਡਰ ਸੀ ਮਨ ਵਿਚ ਕਿ ਕੋਈ ਛੱਡ ਨਾ ਜਾਵੇ?
ਜਵਾਬ - ਮਨ ਵਿਚ ਇਕ ਗੱਲ ਤਾਂ ਹੈ ਸੀ ਕਿ ਪਾਰਟੀ ਨੇ ਤੁਹਾਨੂੰ ਜ਼ਿੰਮੇਵਾਰੀ ਦਿਤੀ ਹੈ ਤੇ ਪਾਰਟੀ ਤੁਹਾਡਾ ਕੰਮ ਚਾਹੁੰਦੀ ਹੁੰਦੀ ਹੈ ਤੇ ਪਾਰਟੀ ਵਿਚ ਕੋਈ ਇਕ-ਦੂਜੇ ਨੂੰ ਪਸੰਦ ਕਰਦਾ ਵੀ ਹੁੰਦਾ ਹੈ ਤੇ ਨਹੀਂ ਵੀ ਪਰ ਜੇ ਕਿਸੇ ਦਾ ਕੰਮ ਵਧੀਆ ਨਹੀਂ ਹੋਵੇਗਾ ਤਾਂ ਉਸ ਨੂੰ ਵੀ ਪਿੱਛੇ ਜਾਣਾ ਹੀ ਪੈਂਦਾ ਹੈ।
ਪਹਿਲਾਂ 8 ਸੀਟਾਂ ਦਾ ਟਾਰਗੇਟ ਸੀ ਪਰ ਹੁਣ ਸੱਤ ਆ ਗਈਆਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ। ਜੇਕਰ ਤੁਸੀਂ ਹੋਰ ਪ੍ਰਧਾਨਾਂ ਦੀ ਗੱਲ ਕਰੋਗੇ ਤਾਂ ਜਾਖੜ ਸਾਬ੍ਹ ਬਹੁਤ ਵਾਰ ਨਕਲੀ-ਅਸਲੀ ਦੀ ਗੱਲ ਕਰਦੇ ਹਨ ਪਰ ਅੱਜ ਲੋਕਾਂ ਨੇ ਦੱਸ ਦਿਤਾ ਕਿ ਰਾਜਾ ਵੜਿੰਗ ਵੀ ਅਸਲੀ ਹੈ ਤੇ ਰਾਜੇ ਦੀ ਦਸਤਾਰ ਵੀ ਅਸਲੀ ਹੈ।
ਜਾਖੜ ਸਾਬ੍ਹ ਦੀ ਜ਼ੀਰੋ ਪਰਫਾਰਮੈਂਸ ਤੇ ਇਸ ਲਈ ਸ਼ਾਇਦ ਭਾਜਪਾ ਨੂੰ ਪੰਜਾਬ ਵਿਚ ਇਕ ਵੀ ਸੀਟ ਨਹੀਂ ਮਿਲੀ। ਫਿਰੋਜ਼ਪੁਰ ਦੀ ਸੀਟ ਜਾਖੜ੍ਹ ਸਾਬ੍ਹ ਦੇ ਜਾਣ ’ਤੇ 40 ਸਾਲਾਂ ਬਾਅਦ ਕਾਂਗਰਸ ਨੇ ਜਿੱਤ ਲਈ ਹੈ।
ਸੁਨੀਲ ਜਾਖੜ ਜੀ ਦਾ ਪਾਰਟੀ ਵਿਚੋਂ ਜਾਣਾ 100 ਫ਼ੀ ਸਦੀ ਚੰਗਾ ਰਿਹਾ। ਸੁਖਬੀਰ ਬਾਦਲ ਜਿਹੜਾ ਅਕਾਲੀ ਦਲ ਪਠਾਨਕੋਟ ਜਾਣ ਤਕ ਦੀ ਗੱਲ ਕਰ ਰਿਹਾ ਸੀ ਉਹ ਸਿਰਫ਼ ਬਠਿੰਡਾ ਅਕਾਲੀ ਦਲ ਬਣ ਕੇ ਰਹਿ ਗਿਆ ਹੈ। ਆਮ ਆਦਮੀ ਪਾਰਟੀ 13-0 ਦੀ ਗੱਲ ਕਰਦੀ ਸੀ ਤੇ 3 ਸੀਟਾਂ ’ਤੇ ਸਿਮਟ ਕੇ ਰਹਿ ਗਈ, ਰਾਜਾ ਵੜਿੰਗ ਗੱਲ ਕਰਦਾ ਸੀ ਕਿ ਵੱਡੀ ਪਾਰਟੀ ਬਣ ਕੇ ਉੱਭਰੇਗੀ ਤਾਂ ਉਹ ਹੋ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸੱਭ ਕੁੱਝ ਨੋਟ ਕਰਦੇ ਹਨ ਕਿ ਜੇ ਕੋਈ ਪਹਿਲਾਂ ਹੀ ਲਾਰੇ ਜਿਹੇ ਲਗਾ ਦੇਵੇ ਤਾਂ ਲੋਕ ਤੁਹਾਨੂੰ ਗੱਪੀ ਜਿਹਾ ਕਹਿਣ ਲੱਗ ਪੈਂਦੇ ਨੇ।
ਸਵਾਲ - ਕੀ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਜੀ ਨਾਲ ਮੁਲਾਕਾਤ ਹੋਈ?
ਜਵਾਬ - ਹਾਂ, ਤੇ ਮੈਂ ਉਨ੍ਹਾਂ ਤੋਂ ਗਿਫਟ ਮੰਗਿਆ ਕਿ ਘੁੱਟ ਕੇ ਜੱਫੀ ਪਾ ਕੇ ਪਿਆਰ ਦੇ ਦੇਣਾ।
ਸਵਾਲ - ਕਾਂਗਰਸ ਨੇ ਖ਼ੁਦ ਨੂੰ ਮੁੜ ਤੋਂ ਖੜਾ ਕੀਤਾ 2022 ਤੋਂ ਬਾਅਦ ਹੁਣ 2024 ਵਿਚ ਤੇ ਦੁੱਖ ਹੋਇਆ ਪ੍ਰਧਾਨ ਦੇ ਤੌਰ ’ਤੇ ਕਿ ਹਰਿਆਣਾ ਤੇ ਦਿੱਲੀ ਵਿਚ ਉਹੀ ਫ਼ੈਸਲਾ ਲਿਆ ਜਾਂਦਾ ਕਿ ਆਪ ਪਾਰਟੀ ਨਾਲ ਗਠਜੋੜ ਨਾ ਕੀਤਾ ਜਾਂਦਾ?
ਜਵਾਬ - ਦੇਖੋ ਹਰ ਇਕ ਬੰਦੇ ਦਾ ਦਾਇਰਾ ਹੈ ਤੇ ਮੇਰਾ ਦਾਇਰਾ ਪੰਜਾਬ ਹੈ, ਪੰਜਾਬ ਤੋਂ ਬਾਹਰ ਹਰਿਆਣਾ ਵਿਚ ਕੀ ਫ਼ੈਸਲਾ ਲੈਣਾ ਹੈ ਉਹ ਹਰਿਆਣਾ ਦੇਖੇਗਾ।
ਸਵਾਲ - ਪੰਜਾਬ ਵਿਚ ‘ਆਪ’ ਪਾਰਟੀ ਨਾਲ ਨਾ ਜਾਣ ਦਾ ਫ਼ੈਸਲਾ ਚੰਗਾ ਮੰਨਦੇ ਹੋ?
ਜਵਾਬ: ਅਸੀਂ ਗਠਜੋੜ ਨਾ ਕਰ ਕੇ 500 ਫ਼ੀ ਸਦੀ ਚੰਗਾ ਫ਼ੈਸਲਾ ਲਿਆ ਹੈ ਕਿਉਂਕਿ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਅਸੀਂ ਹੋ ਜਾਣਾ ਸੀ ਅਸੀਂ ਚੰਗਾ ਫ਼ੈਸਲਾ ਲਿਆ ਹੈ।
ਸਵਾਲ - ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਬਹੁਤ ਘੱਟ ਮਾਰਜਨ ਨਾਲ ਹਾਰੇ ਹਾਂ?
ਜਵਾਬ - ਹਾਰ, ਹਾਰ ਹੀ ਹੁੰਦੀ ਹੈ ਫਿਰ ਚਾਹੇ 1 ਵੋਟ ਨਾਲ ਹੀ ਹਾਰ ਜਾਵੇ ਬੰਦਾ। ਆਪ ਪਾਰਟੀ ਲੋਕਾਂ ਦਾ ਵਿਸ਼ਵਾਸ਼ ਨਹੀਂ ਜਿੱਤ ਸਕੀ ਤੇ ਕਾਂਗਰਸ ਨੇ 7 ਸੀਟਾਂ ਜਿੱਤ ਕੇ ਇਹ ਸਿੱਧ ਕਰ ਦਿਤਾ ਹੈ ਕਿ ਲੋਕਾਂ ਦਾ ਰੁਝਾਨ ਕਾਂਗਰਸ ਵਲ ਹੈ।
ਸਵਾਲ - ਗਿੱਦੜਬਾਹਾ ਦਾ ਕੀ ਬਣੇਗਾ?
ਜਵਾਬ - ਗਿੱਦੜਬਾਹਾ ਜਿਊਂਦਾ ਵੱਸਦਾ ਹੈ ਤੇ ਰਹੇਗਾ ਕਿਉਂਕਿ ਉਸ ਦੀ ਬਦੌਲਤ ਹੀ ਉਹ ਇੱਥੇ ਆਏ ਹਨ। ਜੇ ਗਿੱਦੜਬਾਹਾ ਨੇ ਤੀਜੀ ਵਾਰ ਜਿਤਾਇਆ ਤਾਂ ਹੀ ਮੈਂ ਪ੍ਰਧਾਨ ਬਣਿਆ ਹਾਂ ਤੇ ਅੱਜ ਵੀ ਗਿੱਦੜਬਾਹਾ ਕਰ ਕੇ ਹੀ ਐੱਮ.ਪੀ. ਬਣਿਆ, ਗਿੱਦੜਬਾਹਾ ਤਾਂ ਦਿਲ ਵਿਚ ਹੈ ਤੇ ਹਮੇਸ਼ਾ ਰਹੇਗਾ।
ਸਵਾਲ - ਜ਼ਿਮਨੀ ਚੋਣ ਲੁਧਿਆਣਾ ਦੀ ਹੋਵੇਗੀ ਜਾਂ ਗਿੱਦੜਬਾਹਾ ਦੀ?
ਜਵਾਬ - ਇਹ ਤਾਂ ਹਾਈਕਮਾਨ ਹੀ ਦੱਸੇਗੀ ਕਿਉਂਕਿ ਸਾਰੇ ਫੈ਼ਸਲੇ ਉਨ੍ਹਾਂ ਨੇ ਹੀ ਕਰਨੇ ਹੁੰਦੇ ਹਨ।
ਸਵਾਲ - ਤੁਸੀਂ ਪਾਰਲੀਮੈਂਟ ਜਾਣਾ ਪਸੰਦ ਕਰਦੇ ਹੋ, ਕਿਉਂਕਿ ਕਈ ਵਾਰ ਇਸ ਤਰ੍ਹਾਂ ਵੇਖਿਆ ਹੈ ਕਿ ਲੋਕ ਜਿੱਤ ਕੇ ਅਸਤੀਫ਼ਾ ਦੇ ਦਿੰਦੇ ਹਨ?
ਜਵਾਬ - ਨਹੀਂ ਮੈਂ ਕਦੇ ਵੀ ਅਸਤੀਫ਼ਾ ਨਹੀਂ ਦੇਵਾਂਗਾ ਪਰ ਇਹ ਫ਼ੈਸਲਾ ਸਾਡੇ ਲੀਡਰ ਰਾਹੁਲ ਗਾਂਧੀ ਜੀ ਦਾ ਹੋਵੇਗਾ।
ਸਵਾਲ - ਪਤਨੀ ਨੂੰ ਟਿਕਟ ਦਿਤੀ ਜਾਵੇਗੀ?
ਜਵਾਬ - ਅੰਮ੍ਰਿਤਾ ਮੇਰੇ ਨਾਲ ਖੁਸ਼ ਹੈ ਤੇ ਜੇ ਮੈਂ ਨਿਰਾਸ਼ ਹਾਂ ਉਹ ਵੀ ਨਿਰਾਸ਼ ਹੈ ਪਰ ਉਹ ਮੇਰੀ ਜ਼ਿੰਦਗੀ ਹੈ। ਅੰਮ੍ਰਿਤਾ ਵੜਿੰਗ ਨਾਲ ਮੇਰਾ ਤਾਕਤ ਦੁੱਗਣੀ ਹੋਈ ਹੈ ਤੇ ਮੇਰੇ ਇੱਥੋਂ ਤਕ ਪਹੁੰਚਣ ਵਿਚ ਮੇਰੀ ਨਾਨੀ ਦਾ ਵੀ ਵੱਡਾ ਹੱਥ ਹੈ।
ਸਵਾਲ - ਸੰਗਰੂਰ ਸੀਟ ਵੀ ਬਹੁਤ ਚਰਚਾ ਵਿਚ ਰਹੀ ਤੇ ਸ਼ਾਇਦ ਤੁਹਾਡੀ ਪਾਰਟੀ ਨੇ ਉਮੀਦਵਾਰ ਵੀ ਮਜ਼ਬੂਤ ਹੀ ਦਿਤਾ ਸੀ ਪਰ ਹਾਰ ਦਾ ਕੀ ਕਾਰਨ ਹੈ?
ਜਵਾਬ - ਆਮ ਆਦਮੀ ਪਾਰਟੀ ਦਾ ਉਹ ਬਹੁਤ ਵੱਡਾ ਗੜ੍ਹ ਹੈ ਤੇ ਪਾਰਟੀ ਦੇ ਉੱਥੋਂ 4-5 ਮੰਤਰੀ ਵੀ ਹਨ। ਸੁਖਪਾਲ ਖਹਿਰਾ ਵੀ ਮਿਹਨਤ ਨਾਲ ਚੋਣ ਲੜੇ ਪਰ ਸਿਮਰਨਜੀਤ ਮਾਨ ਤੇ ਖਹਿਰਾ ਦੀ ਵੋਟਾਂ ਵੰਡੀਆਂ ਗਈਆਂ। ਦੋਹਾਂ ਨੂੰ ਲੋਕ ਚਾਹੁੰਦੇ ਸਨ ਪਰ ਸਾਡੀ ਪਾਰਟੀ ਨੇ ਚੰਗੇ ਤਰੀਕੇ ਨਾਲ ਚੋਣ ਲੜੀ।
ਸਵਾਲ - ਜਦੋਂ ਕਵੀਸ਼ਰ ਲਗਦੇ ਹੁੰਦੇ ਸੀ ਤਾਂ ਉਹ ਇਹ ਕਹਿੰਦੇ ਸੀ ਕਿ ‘ਜਿਸ ਦੀ ਜ਼ੁਬਾਨ ’ਤੇ ਫਤਹਿ ਉਸ ਦੀ ਜਹਾਨ ’ਤੇ ਫਤਹਿ’, ਕੀ ਲਗਦਾ ਹੈ ਕੀ ਲਗਦਾ ਹੈ ਕਿ ਇਸ ਗੱਲ ਦਾ ਅਸਰ ਕਾਂਗਰਸ ਜਾਂ ਸੰਗਰੂਰ ਵਿਚ ਖਹਿਰਾ ਨੂੰ ਹੋਇਆ ਹੈ?
ਜਵਾਬ - ਸੰਗਰੂਰ ਤੋਂ ਮੀਤ ਹੇਅਰ ਵੀ ਚੰਗਾ ਉਮੀਦਵਾਰ ਸੀ ਤੇ ਉਹ ਵੀ ਚੰਗਾ ਚੋਣ ਲੜੇ। ਮੰਤਰੀ ਸੀ ਤੇ ਉਨ੍ਹਾਂ ’ਤੇ ਕੋਈ ਇਲਜ਼ਾਮ ਵੀ ਨਹੀਂ ਸਨ ਬਹੁਤੇ ਪਰ ਲੀਡਰਾਂ ਨੂੰ ਹਰ ਇਕ ਗੱਲ 100 ਵਾਰ ਸੋਚ ਕੇ ਬੋਲਣੀ ਚਾਹੀਦੀ ਹੈ।
ਸਵਾਲ - ਪੰਜਾਬ ਵਿਚ ਦੋ ਸੀਟਾਂ ਅਜ਼ਾਦ ਜਿੱਤੀਆਂ ਗਈਆਂ ਹਨ ਪੰਜਾਬ ਵਿਚ ਇਹ ਬਹੁਤ ਦੇਰ ਬਾਅਦ ਵੇਖਣ ਨੂੰ ਮਿਲਿਆ ਹੈ?
ਜਵਾਬ - ਪਿਛਲੀ ਵਾਰ ਸਿਮਰਨਜੀਤ ਮਾਨ ਜਿੱਤੇ ਸਨ ਪਰ ਮੈਨੂੰ ਲਗਦਾ ਨਹੀਂ ਕਿ ਮਾਨ ਤੇ ਅੰਮ੍ਰਿਤਪਾਲ ਦੀ ਪਾਰਟੀ ਵਿਚ ਕੋਈ ਫਰਕ ਹੈ।
ਸਵਾਲ - ਬਠਿੰਡਾ ਦੀ ਸੀਟ ’ਤੇ ਇਸ ਵਾਰ ਤਾਂ ਸਮਝੌਤਾ ਨਹੀਂ ਹੋਇਆ ਕਿਉਂਕਿ ਪਿਛਲੀ ਵਾਰ 75-25 ਦਾ ਇਲਜ਼ਾਮ ਲੱਗਿਆ ਸੀ? ਅਪਣੇ ਬੰਦਿਆਂ ਦੇ ਵਿਚ ਰਹਿ ਕੇ ਹਰਾਉਣ ਦਾ ਇਲਜ਼ਾਮ ਲੱਗਿਆ।
ਜਵਾਬ - ਦੇਖੋ ਜਿਸ ਨੇ ਜੋ ਕਰਨਾ ਹੈ ਉਹ ਕਰ ਹੀ ਲੈਂਦਾ ਹੈ ਪਰ ਮੈਨੂੰ ਲਗਦਾ ਹੈ ਕਿ ਬਹੁਤ ਫਰਕ ਪੈਂਦਾ ਨਹੀਂ ਹੈ।
ਜੇ ਤੁਸੀਂ ਚਾਹੋ ਕਿ ਬਹੁਤ ਸਾਰੀਆਂ ਵੋਟਾਂ ਵਿਚ ਫੇਰਬਦਲ ਕਰਨਾ ਹੈ ਤਾਂ ਸ਼ਾਇਦ ਹੁੰਦਾ ਨਹੀਂ ਹੈ ਪਰ ਇਨ੍ਹਾਂ ਚੀਜ਼ਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ।