
ਅੱਜ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮੋਗਾ 1 ਅਤੇ 2 ਦੀ ਸਾਂਝੀ ਜਨਰਲ ਬਾਡੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋਈ। ਇਸ ਮੀਟਿੰਗ ....
ਮੋਗਾ: ਅੱਜ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮੋਗਾ 1 ਅਤੇ 2 ਦੀ ਸਾਂਝੀ ਜਨਰਲ ਬਾਡੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋਈ। ਇਸ ਮੀਟਿੰਗ ਦੀ ਸ਼ੁਰੂਆਤ ਵਿਚ ਕੇਰਲਾ ਦੇ ਸ਼ਹਿਰ ਕੋਲਮ ਵਿਖੇ ਹੋਈ ਪਾਰਟੀ ਦੀ ਕੌਮੀ ਕਾਨਫਰੰਸ ਬਾਰੇ ਰਿਪੋਰਟਿੰਗ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਕੇਰਲ ਵਿਚ ਕਮਿਊਨਿਸਟਾਂ ਦੀ ਸਰਕਾਰ ਹੋਣ ਦੇ ਬਾਵਜੂਦ, ਪਾਰਟੀ ਕਾਨਫਰੰਸ ਵੇਲੇ ਸਰਕਾਰੀ ਮਸ਼ੀਨਰੀ ਦਾ ਰੱਤੀ ਭਰ ਵੀ ਦੁਰਉਪਯੋਗ ਨਹੀਂ ਹੋਇਆ।
ਉਥੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਕੌਮੀ ਕਾਨਫਰੰਸ ਸਫ਼ਲ ਹੋਈ। ਜਿਸ ਵਿਚ ਦੇਸ਼ ਭਰ ਵਿਚੋਂ ਚੋਣਵੇਂ ਇਕੱਠੇ ਹੋਏ 900 ਦੇ ਲਗਭੱਗ ਡੈਲੀਗੇਟਾਂ ਨੇ ਦੇਸ਼ ਦੇ ਹਾਲਤਾਂ ਬਾਰੇ ਚਰਚਾ ਕੀਤੀ। ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫ਼ੀਆ, ਗੈਂਗਸਟਰਾਂ ਨੂੰ ਹੱਲਾਸ਼ੇਰੀ, ਕਿਸਾਨਾਂ-ਮਜ਼ਦੂਰਾਂ ਦੀ ਤਬਾਹੀ ਅਤੇ ਹੁਣ ਨਸ਼ਿਆਂ ਰਾਹੀਂ ਨੌਜਵਾਨਾਂ ਨੂੰ ਮੌਤ ਵੱਲ ਤੋਰ ਰਹੀ ਹੈ।
ਉਹਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਫਿਰਕੂ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਤਕੜੇ ਹੋ ਕੇ ਅੰਦੋਲਨ ਕਰਨ ਦਾ ਸੱਦਾ ਵੀ ਦਿੱਤਾ।ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਸਰਕਾਰਾਂ ਦੇ ਮਾਰੂ ਫੈਸਲਿਆਂ ਦੇ ਵਿਰੋਧ ਵਿਚ ਲੋਕਾਂ ਨੂੰ ਉੱਠਣਾ ਚਾਹੀਦਾ ਹੈ। ਚੁਣੇ ਹੋਏ ਵਿਧਾਇਕਾਂ ਅਤੇ ਦੂਸਰੇ ਨੁਮਾਇੰਦਿਆਂ ਤੋਂ ਨੌਜਵਾਨਾਂ ਲਈ ਰੁਜ਼ਗਾਰ ਅਤੇ ਵਿੱਦਿਆ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਮਾਫ਼ੀ ਜਿਹੇ ਮੁੱਦਿਆਂ ਬਾਰੇ ਵੀ ਜਵਾਬਦੇਹੀ ਮੰਗਣੀ ਚਾਹੀਦੀ ਹੈ। ਇਸ ਮੀਟਿੰਗ ਤੋਂ ਬਾਅਦ ਨਸ਼ਿਆਂ ਦੇ ਵਿਰੋਧ ਵਿਚ ਅਤੇ ਸਮੱਗਲਰਾਂ ਲਈ ਸਜ਼ਾਵਾਂ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।