
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਡਿਊਟੀ ਕਰਦਿਆਂ ਜਾਨ ਵਾਰਨ ਵਾਲੇ 53 ਰਾਸ਼ਟਰੀਆ ਰਾਈਫਲਜ਼
ਚੰਡੀਗੜ੍ਹ, 7 ਜੁਲਾਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਡਿਊਟੀ ਕਰਦਿਆਂ ਜਾਨ ਵਾਰਨ ਵਾਲੇ 53 ਰਾਸ਼ਟਰੀਆ ਰਾਈਫਲਜ਼ (24 ਪੰਜਾਬ) ਦੇ ਨਾਇਕ ਰਾਜਵਿੰਦਰ ਸਿੰਘ ਦੇ ਪਰਵਾਰ ਲਈ 50 ਲੱਖ ਰੁਪਏ ਦੇ ਐਕਸ ਗ੍ਰੇਸ਼ੀਆ ਮੁਆਵਜ਼ੇ ਅਤੇ ਇਕ ਪਰਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਪਟਿਆਲਾ ਦੇ 29 ਵਰ੍ਹਿਆਂ ਦੇ ਨੌਜਵਾਨ ਸੈਨਿਕ ਜਿਸ ਨੇ ਜੰਮੂ ਕਸ਼ਮੀਰ ਵਿਚ ਪੁਲਵਾਮਾ ਖੇਤਰ ਵਿਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਖਿਆ ਕਰਦਿਆਂ ਅਤਿਵਾਦੀਆਂ ਨਾਲ ਬਹਾਦਰੀ ਨਾਲ ਲੜਦਿਆਂ ਜਾਨ ਦਿਤੀ, ਦੇ ਪਰਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਪਰਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਅਤੇ ਸਹਿਯੋਗ ਦੇਵੇਗੀ।
ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਸਮਾਣਾ ਦੇ ਪਿੰਡ ਦੋਦੜਾ ਦੇ ਰਹਿਣ ਵਾਲੇ ਨਾਇਕ ਰਾਜਵਿੰਦਰ ਸਿੰਘ ਅਪਣੇ ਪਿੱਛੇ ਮਾਪੇ, ਪਤਨੀ ਗੁਰਪ੍ਰੀਤ ਕੌਰ ਤੇ ਭਰਾ ਬਲਵੰਤ ਸਿੰਘ ਨੂੰ ਛੱਡ ਗਏ। ਸ਼ਹੀਦ ਸੈਨਿਕ 24 ਮਾਰਚ 2011 ਨੂੰ ਪੰਜਾਬ ਰੈਜੀਮੈਂਟ ਵਿਚ ਸ਼ਾਮਲ ਹੋਇਆ ਸੀ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ 24 ਪੰਜਾਬ ਜੁਆਇਨ ਕਰ ਲਈ ਸੀ। ਰਾਜਵਿੰਦਰ ਸਿੰਘ ਨੇ ਘਾਤਕ ਪਲਟੂਨ ਜਿਹੜੀ ਸੱਭ ਤੋਂ ਵੱਧ ਸਰੀਰਕ ਤੇ ਮਾਨਸਿਕ ਤੌਰ 'ਤੇ ਫਿੱਟ ਸਿਪਾਹੀਆਂ ਦਾ ਯੂਨਿਟ ਹੈ, ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਸ ਨੇ ਅਪਣੀ ਇੱਛਾ ਨਾਲ 53 ਰਾਸ਼ਟਰੀਆ ਰਾਈਫਲਜ਼ ਦੇ ਕਾਊਂਟਰ ਟੈਰੋਰਿਸਜ਼ ਆਪ੍ਰੇਸ਼ਨ ਵਿਚ ਪੋਸਟਿੰਗ ਕਰਵਾ ਲਈ ਜਿੱਥੇ ਉਸ ਨੇ ਜੰਮੂ ਕਸ਼ਮੀਰ ਵਿਚ ਅਪਣਾ ਫਰਜ਼ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ।