
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਤੇ ਸਿੱਖ ਸੰਗਤਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਯਾਦ ਪੱਤਰ ਗੁਰਦਵਾਰਾ....
ਅੰਮ੍ਰਿਤਸਰ, 7 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਤੇ ਸਿੱਖ ਸੰਗਤਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਯਾਦ ਪੱਤਰ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਦਰਸ਼ਨ ਸਥੱਲ ਦੀ ਉਸਾਰੀ ਪੁਲ ਤੋਂ ਉੱਚੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਗੁਰਿੰਦਰ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦਰਸ਼ਨ ਸਥਲ ਦੇ ਨਾਂ 'ਤੇ ਖ਼ਾਨਾਪੂਰਤੀ ਕਰ ਰਹੀ ਹੈ । ਸ. ਬਾਜਵਾ ਮੁਤਾਬਕ 14 ਅਪ੍ਰੈਲ 2001 ਤੋਂ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਲਾਂਘੇ ਲਈ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਧੁੱਸੀ ਬੰਨ੍ਹ ਡੇਰਾ ਬਾਬਾ ਨਾਨਕ ਵਿਖੇ ਹਰ ਮੱਸਿਆ ਦੇ ਦਿਹਾੜੇ 'ਤੇ ਅਰਦਾਸ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਸਾਡੀ ਸੰਸਥਾ ਵਲੋਂ ਕਰੀਬ 18 ਸਾਲਾਂ ਵਿਚ 226 ਅਰਦਾਸਾਂ ਕੀਤੀਆਂ ਅਤੇ ਸਮੇਂ ਸਮੇਂ 'ਤੇ ਹਿੰਦ-ਪਾਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀਆਂ ਨੂੰ ਯਾਦ ਪੱਤਰ ਦਿੰਦੇ ਰਹੇ।
ਉਸ ਸਮੇਂ ਧੁੱਸੀ ਬੰਨ੍ਹ 'ਤੇ ਸ਼ਰਧਾਲੂਆਂ ਲਈ ਦਰਸ਼ਨ ਸਥੱਲ ਬਣਾਇਆ ਗਿਆ ਸੀ ਜੋ ਕਾਫ਼ੀ ਉੱਚਾ ਅਤੇ ਗੁਰ ਸਾਹਿਬ ਦੇ ਦਰਸ਼ਨ ਉਸ ਉਪਰ ਖਲ੍ਹੋ ਕੇ ਕੀਤੇ ਜਾਂਦੇ ਰਹੇ। ਇਸ ਲਾਂਘੇ ਦੀ ਉਸਾਰੀ ਅਤੇ ਪੁਲ ਬਣਾਉਣ ਦਾ ਕੰਮ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਸ਼ੁਰੂ ਕੀਤਾ ਗਿਆ। ਉਸ ਸਮੇਂ ਇਸ ਦਰਸ਼ਨ ਸਥੱਲ ਨੂੰ ਢਾਹ ਦਿਤਾ ਗਿਆ। ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਸੰਗਤਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਨੂੰ ਪੁਲ ਤੋਂ ਉੱਚਾ ਰੱਖ ਕੇ ਮੁੜ ਬਣਾਇਆ ਜਾਵੇਗਾ ਤਾਂ ਜੋ ਸੰਗਤਾਂ ਗੁਰੂ ਘਰ ਦੇ ਦਰਸ਼ਨ ਸਾਫ਼ ਸਫ਼ਾਈ ਨਾਲ ਕਰ ਸਕਣ। ਪਰ ਹੁਣ ਪਤਾ ਲੱਗਾ ਹੈ ਕਿ ਲੈਡਪੋਰਟ ਅਥਾਰਟੀ ਆਫ਼ ਇੰਡੀਆ ਧੁੱਸੀ ਬੰਨ੍ਹ 'ਤੇ ਸਾਧਾਰਣ ਜਿਹਾ ਦਰਸ਼ਨ ਸਥੱਲ ਬਣਾਉਣ ਜਾ ਰਹੀ ਹੈ । ਸ. ਬਾਜਵਾ ਨੇ ਰਾਸ਼ਟਰਪਤੀ ਨੂੰ ਭੇਜੇ ਯਾਦ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਉਹ ਲੈਡਪੋਰਟ ਅਥਾਰਟੀ ਆਫ਼ ਇੰਡੀਆ ਨੂੰ ਹਦਾਇਤ ਕਰੇ ਕਿ ਉਹ ਕੀਤੇ ਗਏ ਵਾਅਦੇ ਮੁਤਾਬਕ ਦਰਸ਼ਨ ਸਥੱਲ ਦੀ ਉਸਾਰੀ ਪੁਲ ਤੋਂ ਉੱਚੀ ਰੱਖ ਕੇ ਕਰੇ। ਬਾਜਵਾ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਜ਼ੋਰ ਦਿਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਉਣ।