
ਦਿੱਲੀ ’ਚ ਨਾਈਟ੍ਰੋਜਨ ਡਾਈ ਆਕਸਾਈਡ ਪ੍ਰਦੂਸ਼ਣ ਪਿਛਲੇ ਇਕ ਸਾਲ ’ਚ 125 ਫ਼ੀ ਸਦੀ ਤਕ ਵਧਿਆ : ਰੀਪੋਰਟ
ਨਵੀਂ ਦਿੱਲੀ, 7 ਜੁਲਾਈ : ਦਿੱਲੀ ’ਚ ਅਪ੍ਰੈਲ 2020 ਤੋਂ ਅਪ੍ਰੈਲ 2021 ਦੌਰਾਨ ਐਨਉ-2 ਯਾਨੀ ਨਾਈਟ੍ਰੋਜਨ-ਡਾਈ-ਆਕਸਾਈਡ ਦੇ ਪ੍ਰਦੂਸ਼ਣ ਪੱਧਰ ’ਚ 125 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਹ ਦਾਅਵਾ ਗ੍ਰੀਨਪਸ ਇੰਡੀਆ ਨੇ ਅਪਣੀ ਰੀਪੋਰਟ ਵਿਚ ਕੀਤਾ ਹੈ। ਸੰਗਠਨ ਨੇ ਅਪਣੇ ਅਧਿਐਨ ਦੌਰਾਨ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੀ ਅੱਠ ਸੱਭ ਤੋਂ ਵੱਧ ਆਬਾਦੀ ਵਾਲੇ ਰਾਜਾਂ ਦੀ ਰਾਜਧਾਨੀਆਂ ’ਚ ਐਨਉ-2 ਦੇ ਪੱਧਰ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਰੀਪੋਰਟ ਮੁਤਾਬਕ, ਹਾਲੇ ਅੱਠ ਰਾਜਧਾਨੀਆਂ ਮੁੰਬਈ, ਦਿੱਲੀ, ਬੰਗਲੁਰੂ, ਹੈਦਰਾਬਾਦ, ਚੇਨਈ, ਕੋਲਕਾਤਾ, ਜੇਪੁਰ ਅਤੇ ਲਖਨਉ ’ਚ ਐਨਉ-2 ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਦੇਖਣ ਨੂੰ ਮਿਲਿਆ ਪਰ ਦਿੱਲੀ ਦੀ ਆਬੋਹਵਾ ’ਚ ਇਸ ਮਿਆਦ ਦੌਰਾਨ ‘‘ਨਾਟਕੀ ਪੱਧਰ ’ਤੇ’’ ਇਸ ਪ੍ਰਦੂਸ਼ਕ ’ਚ ਵਾਧਾ ਦੇਖਣ ਨੂੰ ਮਿਲਿਆ। ਐਨਉ-2 ਇਕ ਖ਼ਤਰਨਾਕ ਪ੍ਰਦੂਸ਼ਕ ਹੈ ਜੋ ਵਾਹਨਾ, ਜਨਰੇਟਰਾਂ ਅਤੇ ਉਦਯੋਗਕ ਪ੍ਰਕੀਰੀਆਵਾਂ ਦੌਰਾਨ ਬਾਲਣ ਬਲਣ ਨਾਲ ਵਾਤਾਵਰਣ ਵਿਚ ਪਹੁੰਚਦਾ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਹਰ ਉਮਰ ਦੇ ਲੋਕਾਂ ਦੀ ਸਿਹਤ ’ਤੇ ਗ਼ਲਤ ਅਸਰ ਪੈਂਦਾ ਹੈ ਅਤੇ ਉਨ੍ਹਾਂ ਵਿਚ ਸਾਹ ਅਤੇ ਖੂਨ ਦੇ ਦੌਰੇ ਦੀ ਪ੍ਰਣਾਲੀ ਵਿਚ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਜਿਸ ਕਰ ਕੇ ਹਸਪਤਾਲ ’ਚ ਦਾਖ਼ਲ ਹੋਣਾ ਪੈਂਦਾ ਹੈ ਅਤੇ ਮੌਤ ਵੀ ਹੋ ਜਾਂਦੀ ਹੈ। ਹਾਲਾਂਕਿ, ਰਾਸ਼ਟਰੀ ਰਾਜਧਾਨੀ ਦੇ ਮੁਕਾਬਲੇ ਹੋਰ ਰਾਜਾਂ ਦੀ ਰਾਜਧਾਨੀਆਂ ਦੀ ਸਥਿਤੀ ਬਿਹਤਰ ਰਹੀ ਪਰ ਉਥੇ ਵੀ ਐਨਉ-2 ਪ੍ਰਦੂਸ਼ਣ ਦੇ ਪੱਧਰ ’ਚ ਚਿੰਤਾਜਨਕ ਵਾਧਾ ਦੇਖਣ ਨੂੰ ਮਿਲਿਆ ਹੈ। (ਏਜੰਸੀ)