
ਫਸਟ ਕਲਾਸ ਏ.ਸੀ. ਉਡੀਕ ਘਰ ਅਤੇ ਫ਼ੁਟ ਓਵਰਬ੍ਰਿਜ ਦਾ ਉਦਘਾਟਨ
ਫਗਵਾੜਾ: ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸਨਿਚਰਵਾਰ ਨੂੰ ਰੇਲਵੇ ਸਟੇਸ਼ਨ ਨਾਲ ਸਬੰਧਤ 39 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰਖਿਆ। ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਣਜ ਅਤੇ ਉਦਯੋਗ ਮੰਤਰੀ ਪ੍ਰਕਾਸ਼ ਨੇ ਕਿਹਾ ਕਿ ਫਗਵਾੜਾ ਰੇਲਵੇ ਸਟੇਸ਼ਨ ਦੇ ਪ੍ਰਾਜੈਕਟਾਂ ’ਤੇ 85.8 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਜਿਨ੍ਹਾਂ ’ਤੇ 46.90 ਕਰੋੜ ਰੁਪਏ ਦਾ ਖੇਰਾ ਰੋਡ ਓਵਰਬ੍ਰਿਜ ਨਿਰਮਾਣ ਸ਼ਾਮਲ ਹੈ।
ਉਨ੍ਹਾਂ ਨੇ ਅਮ੍ਰਿਤ ਭਾਰਤ ਯੋਜਨਾ ਤਿਹਤ ਇੱਥੇ ਫਸਟ ਕਲਾਸ ਏ.ਸੀ. ਉਡੀਕ ਘਰ ਅਤੇ ਫ਼ੁਟ ਓਵਰਬ੍ਰਿਜ ਦਾ ਉਦਘਾਟਨ ਕੀਤਾ ਅਤੇ ਰੇਲਵੇ ਸਟੇਸ਼ਨ ਤੋਂ ਇਲਾਵਾ ਮੌਲੀ ਅਤੇ ਉਦਯੋਗਿਕ ਖੇਤਰ ਅੰਡਰਪਾਸ ਯੋਜਨਾ ਦਾ ਨੀਂਹ ਪੱਥਰ ਰਖਿਆ।
ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬ ਦੇ ਕੁਲ 29 ਸਟੇਸ਼ਨ ਚੁਣੇ ਗਏ ਹਨ ਅਤੇ ਫਗਵਾੜਾ ਉਨ੍ਹਾਂ ’ਚੋਂ ਇਕ ਹੈ। ਉਨ੍ਹਾਂ ਕਿਹਾ, ‘‘ਵਿਸ਼ਵ ਪੱਧਰੀ ਸਹੂਲਤਾਂ ਨਾਲ ਨਾ ਸਿਰਫ਼ ਫਗਵਾੜਾ ਦੇ ਬਲਕਿ ਨੇੜਲੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਫਗਵਾੜਾ ਪੰਜਾਬ ਦੇ ਦੋਆਬਾ ਖੇਤਰ ਦਾ ਉਦਯੋਗਿਕ ਕੇਂਦਰ ਹੈ।’’