
Amritpal Singh V/S Kangana Ranaut: ‘ਕੰਗਨਾ ਰਨੌਤ ਦੇ ਇਤਰਾਜ਼ਯੋਗ ਬਿਆਨਾਂ ਨੂੰ ਕੋਈ ਵੀ ਅਣਖੀ ਵਿਅਕਤੀ ਬਰਦਾਸ਼ਤ ਨਹੀਂ ਕਰ ਸਕਦਾ’
Kulwinder Kaur raised the head of the Sikh community Amritpal Singh News : ਡਿਬਰੂਗੜ੍ਹ ਦੀ ਜੇਲ੍ਹ ’ਚ ਬੰਦ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕੰਗਨਾ ਰਨੌਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ਼ ਦੀ ਮੁਲਾਜ਼ਮ ਕੁਲਵਿੰਦਰ ਬਾਰੇ ਕਿਹਾ ਹੈ ਕਿ - ਬੀਬੀ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ, ਉਸ ਨੇ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਹੈ। ਐਕਸ’ ’ਤੇ ‘ਅੰਮ੍ਰਿਤਪਾਲ ਸਿੰਘ ਅਤੇ ਟੀਮ’ ਵਲੋਂ ਜਾਰੀ ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਕੰਗਨਾ ਰਨੌਤ ਵਲੋਂ ਲਗਾਤਾਰ ਸਾਡੇ ਕਿਸਾਨਾਂ, ਸਾਡੀਆਂ ਮਾਵਾਂ ਬਾਰੇ ਗ਼ਲਤ ਬੋਲਣਾ ਬਹੁਤ ਹੀ ਮੰਦਭਾਗਾ ਸੀ ਤੇ ਕੋਈ ਵੀ ਅਣਖ ਵਾਲਾ ਵਿਅਕਤੀ ਕਦੇ ਇਹ ਕੁੱਝ ਬਰਦਾਸ਼ਤ ਨਹੀਂ ਕਰੇਗਾ।
ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਹੈ ਕਿ ਜਦੋਂ ਕੌਮ ਕਿਸੇ ਦੀ ਕੀਤੀ ਕੁਰਬਾਨੀ ਦਾ ਮੁੱਲ ਪਾਉਂਦੀ ਹੈ, ਤਾਂ ਨੌਜਵਾਨ ਵਰਗ ’ਚ ਕੌਮ ਪ੍ਰਤੀ ਕੁੱਝ ਕਰਨ ਦਾ ਜਜ਼ਬਾ ਤੇ ਉਤਸ਼ਾਹ ਪੈਦਾ ਹੋਣਾ ਸੁਭਾਵਕ ਹੈ। ਪੰਜਾਬ ਨੂੰ ਲਗਾਤਾਰ ਅਤਿਵਾਦ ਤੇ ਪੰਜਾਬੀਆਂ ਨੂੰ ਅਤਿਵਾਦੀ ਕਹਿਣਾ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਬੀਬੀ ਕੁਲਵਿੰਦਰ ਕੌਰ ਨੇ ਸਾਡੇ ਪੰਜਾਬ ਦੀਆਂ ਮਾਵਾਂ ਦੀ ਹੋਈ ਬੇਇਜ਼ਤੀ ਦਾ ਜਵਾਬ ਦਿਤਾ ਹੈ, ਜਿਸ ਦਾ ਅਸੀਂ ਸੁਆਗਤ ਕਰਦੇ ਹਾਂ ਤੇ ਉਨ੍ਹਾਂ ਨਾਲ ਹਰ ਹਾਲ ਵਿਚ ਖੜ੍ਹੇ ਹਾਂ।
ਇਥੇ ਵਰਨਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਚੁਣੀ ਗਈ ਨਵੀਂ ਸੰਸਦ ਮੈਂਬਰ ਤੇ ਫ਼ਿਲਮ ਅਦਾਕਾਰਾ ਕੰਗਨਾ ਰਨੌਤ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਪੁਜੀ ਸੀ, ਤਾਂ ਉਥੇ ਕੁਲਵਿੰਦਰ ਕੌਰ ਵਲੋਂ ਉਸ ਦੇ ਥੱਪੜ ਮਾਰਨ ਦੀ ਘਟਨਾ ਵਾਪਰ ਗਈ ਸੀ। ਕੁਲਵਿੰਦਰ ਕੌਰ ਨੇ ਤਦ ਹੀ ਦਰਜਨਾਂ ਕੈਮਰਿਆਂ ਸਾਹਮਣੇ ਐਲਾਨ ਕਰ ਦਿਤਾ ਸੀ ਕਿ ਦਿੱਲੀ ’ਚ ਜਿਹੜੇ ਕਿਸਾਨਾਂ ਦੇ ਧਰਨੇ ’ਤੇ ਤਿੰਨ ਕੁ ਵਰ੍ਹੇ ਪਹਿਲਾਂ ਕੰਗਨਾ ਨੇ ਇਤਰਾਜ਼ਯੋਗ ਟਿਪਣੀ ਕੀਤੀ ਸੀ, ਉਸ ’ਚ ਤਦ ਉਸ ਦੀ ਮਾਂ ਵੀ ਮੌਜੂਦ ਸੀ।
ਉਸ ਵਾਰਦਾਤ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਅਪਣਾ ਇਕ ਵੀਡੀਉ ਬਿਆਨ ਜਾਰੀ ਕਰ ਕੇ ਪੰਜਾਬ ਬਾਰੇ ਫਿਰ ਇਹ ਇਤਰਾਜ਼ਯੋਗ ਗੱਲ ਆਖੀ ਸੀ ਕਿ - ਪੰਜਾਬ ’ਚ ਅਤਿਵਾਦ ਵਧਦਾ ਜਾ ਰਿਹਾ ਹੈ।