
ਸਾਫ਼ ਸਫਾਈ ਅਤੇ ਚੰਗੀ ਸਿਹਤ ਦੇ ਸੁਨੇਹੇ ਨੂੰ ਜ਼ਿਲ੍ਹੇ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ..........
ਜਲੰਧਰ : ਸਾਫ਼ ਸਫਾਈ ਅਤੇ ਚੰਗੀ ਸਿਹਤ ਦੇ ਸੁਨੇਹੇ ਨੂੰ ਜ਼ਿਲ੍ਹੇ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ 'ਸਵੱਛ ਸਰਵੇਖਣ ਗ੍ਰਾਮੀਣ-2018' ਅਤੇ 'ਮੇਰਾ ਪਿੰਡ ਮੇਰਾ ਮਾਣ' ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੇਂਡੂ ਖੇਤਰ ਦੇ ਲੋਕਾਂ ਦੀ ਆਪਣੇ ਪਿੰਡ ਦੀ ਸਫਾਈ ਮੁਹਿੰਮ ਵਿਚ ਸ਼ਿਰਕਤ ਨੂੰ ਯਕੀਨੀ ਬਣਾਉਣ ਲਈ ' ਮਾਈ ਵਿਲੇਜ ਮਾਈ ਪਰਾਈਡ' ਮੁਹਿੰਮ ਨੂੰ 1 ਤੋਂ 31 ਅਗਸਤ 2018 ਤਕ ਸ਼ੁਰੂ ਕੀਤਾ ਗਿਆ ਹੈ ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਭ ਤੋਂ ਸਾਫ਼ ਪਿੰਡ, ਸਕੂਲ, ਆਂਗਨਵਾੜੀ ਸੈਂਟਰ ਅਤੇ ਸਿਹਤ ਸੈਂਟਰ ਲਈ ਇਕ ਵਿਸ਼ੇਸ਼ ਇਨਾਮ ਵੀ ਰੱਖਿਆ ਗਿਆ ਹੈ। ਸ਼ਰਮਾ ਨੇ ਦਸਿਆ ਕਿ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਵਲੋਂ 'ਸਵੱਛ ਸਰਵੇਖਣ ਗ੍ਰਾਮੀਣ-2018' ਨੂੰ ਇਕ ਸੁਤੰਤਰ ਸਰਵੇ ਏਜੰਸੀ ਨਾਲ ਜੋੜਿਆ ਗਿਆ ਹੈ ਜੋ ਕਿ ਪੂਰੇ ਭਾਰਤ ਵਿਚ ਜ਼ਿਲ੍ਹੇ ਤੇ ਰਾਜ ਪੱਧਰ 'ਤੇ ਸੈਨੀਟੇਸ਼ਨ ਦੇ ਮਾਪਦੰਡਾਂ ਤੇ ਅਧਾਰਿਤ ਸੇਵਾਵਾਂ ਦੀ ਗੁਣਵੱਤਾ ਨੂੰ ਨਿਰਧਾਰਿਤ ਕਰਨਗੀਆਂ। ਸ਼ਰਮਾ ਨੇ ਲੋਕਾਂ ਨੂੰ ਕਿਹਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਕਿਉਂ ਜੋ ਕੋਈ ਵੀ ਮੁਹਿੰਮ ਲੋਕਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਸਾਰਥਿਕ ਨਤੀਜੇ ਨਹੀਂ ਦੇ ਸਕਦੀ।
ਸ਼ਰਮਾ ਨੇ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਹੈ ਕਿ ਪੰਜਾਬ ਨੂੰ ਸਾਫ਼ ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਲਈ ਬਹੁਤ ਹੀ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਪਵਿੱਤਰ ਕਾਰਜ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਵਿਜੈ ਕੁਮਾਰ ਅਤੇ ਸਬ ਡਵੀਜ਼ਨਲ ਅਫ਼ਸਰ ਗਗਨਦੀਪ ਸਿੰਘ ਵਾਲੀਆ ਵੀ ਹਾਜ਼ਰ ਸਨ।