
ਪੁਲਿਸ ਪ੍ਰਸ਼ਾਸ਼ਨ ਦੀ ਘਟੀਆ ਕਾਰਗੁਜ਼ਾਰੀ ਕਾਰਨ ਸੀਟੂ ਵਰਕਰਾਂ ਵਲੋਂ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ 'ਚ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ...........
ਰਾਏਕੋਟ : ਪੁਲਿਸ ਪ੍ਰਸ਼ਾਸ਼ਨ ਦੀ ਘਟੀਆ ਕਾਰਗੁਜ਼ਾਰੀ ਕਾਰਨ ਸੀਟੂ ਵਰਕਰਾਂ ਵਲੋਂ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ 'ਚ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਜਗਤਾਰ ਸਿੰਘ ਦੱਧਾਹੂਰ ਨੇ ਕਿਹਾ ਕਿ ਪਿਛਲੇ ਦਿਨੀਂ ਉਹ ਪਿੰਡ ਵਿਚ ਕਿਸੇ ਜਗ੍ਹਾ ਦੇ ਝਗੜੇ ਨੂੰ ਲੈ ਕੇ ਸਮਝੌਤਾ ਕਰਵਾਉਣ ਲਈ ਗਏ ਸਨ, ਉਥੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਹੋਏ ਗਾਲੀ ਗਲੋਚ ਕੀਤੀ ਗਈ। ਜਦੋਂ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਬਲਾਕ ਮੀਤ ਪ੍ਰਧਾਨ ਅੰਗਰੇਜ ਸਿੰਘ ਨੇ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ
ਤਾਂ ਉਨ੍ਹਾਂ ਨੇ ਉਸ ਨਾਲ ਵੀ ਬੁਰਾ ਵਿਵਹਾਰ ਕੀਤਾ। ਇਸ ਸਬੰਧੀ ਉਨ੍ਹਾਂ ਵਲੋਂ ਥਾਣਾ ਰਾਏਕੋਟ ਅਧੀਨ ਪੁਲਿਸ ਚੌਕੀ ਜਲਾਲਦੀਵਾਲ 'ਚ ਰੀਪੋਰਟ ਦਰਜ ਕਰਵਾਈ ਗਈ ਸੀ ਜਿਸ 'ਤੇ ਕੋਈ ਕਾਰਵਾਈ ਨਾ ਹੋਣ 'ਤੇ ਅੱਜ ਉਨ੍ਹਾਂ ਨੂੰ ਇਹ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਕਾਮਰੇਡ ਗੋਰਾ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿਤੀ ਕਿ ਜੇ ਆਉਂਦੇ ਦੋ ਦਿਨਾਂ ਵਿਚ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਵੱਡੀ ਪੱਧਰ 'ਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਥਾਣਾ ਸਦਰ ਦੇ ਇੰਚਾਰਜ ਦਲਜੀਤ ਸਿੰਘ ਵਲੋਂ ਉਕਤ ਮਾਮਲੇ ਦੇ ਕਥਿਤ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਕਰਨੈਲ ਸਿੰਘ, ਜੀਵਨ ਸਿੰਘ, ਸੁਖਦੇਵ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਚਰਨ ਸਿੰਘ, ਸਿੰਗਾਰਾ ਸਿੰਘ, ਦਲੀਪ ਸਿੰਘ,. ਬਲਜੀਤ ਸਿੰਘ, ਨਿਰਭੈ ਸਿੰਘ, ਨਾਥ ਸਿੰਘ, ਬਲਿਹਾਰ ਸਿੰਘ, ਬਹਾਦਰ ਸਿੰਘ, ਜਗਰੂਪ ਸਿੰਘ, ਤਰਸ਼ੇਮ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।