
ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਸੁਖਪਾਲ ਸਿੰਘ ਸੂਬਾ ਜਨਰਲ ਸਕੱਤਰ ਐੱਸਸੀ ਯੂਨੀਅਨ ਦੀ ਪ੍ਰਧਾਨਗੀ ਵਿਚ ਫਿਰੋਜ਼ਪੁਰ ਵਿਖੇ...........
ਫਿਰੋਜ਼ਪੁਰ : ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਸੁਖਪਾਲ ਸਿੰਘ ਸੂਬਾ ਜਨਰਲ ਸਕੱਤਰ ਐੱਸਸੀ ਯੂਨੀਅਨ ਦੀ ਪ੍ਰਧਾਨਗੀ ਵਿਚ ਫਿਰੋਜ਼ਪੁਰ ਵਿਖੇ ਕੀਤੀ ਗਈ। ਜਿਸ ਵਿਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਕੀਤੀ ਗਈ। ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਵਿਚ ਇਕ ਅਹਿਮ ਮੁਨਾਪਲੀ ਰੂਟ ਫਿਰੋਜ਼ਪੁਰ ਤੋਂ ਫਾਜ਼ਿਲਕਾ ਹੈ ਜਿਸ ਵਿਚ ਪਿਛਲੇ ਲੰਮੇ ਸਮੇਂ ਤੋਂ ਸਿਰਫ ਰੋਡਵੇਜ਼ ਦੀਆਂ ਬੱਸਾਂ ਹੀ ਚੱਲਦੀਆਂ ਹਨ, ਪਰ ਹੁਣ ਪਤਾ ਲੱਗਾ ਹੈ ਕਿ ਰਾਜਸਥਾਨ ਰੋਡਵੇਜ਼ ਆਪਣੇ ਟਾਇਮ ਇਸ ਰੂਟ 'ਤੇ ਪਾਉਣ ਲੱਗੀ ਹੈ, ਜੋ ਕਿ ਫਿਰੋਜ਼ਪੁਰ ਡਿਪੂ ਲਈ ਘਾਤਕ ਹੈ।
ਸਾਂਝੀ ਐਕਸ਼ਨ ਕਮੇਟੀ ਨੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਅਤੇ ਮੈਨੇਜਮੈਂਟ ਅਤੇ ਉੱਚ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਜੇਕਰ ਰਾਜਸਥਾਨ ਰੋਡਵੇਜ਼ ਦਾ ਇਹ ਟਾਇਮ ਚੱਲਦਾ ਹੈ ਤਾਂ ਸਾਂਝੀ ਐਕਸ਼ਨ ਕਮੇਟੀ ਤਿੱਖਾ ਸੰਘਰਸ਼ ਕਰੇਗੀ। ਲੋੜ ਪੈਣ ਤੇ ਪੰਜਾਬ ਦੇ 18 ਡਿਪੂ ਬੰਦ ਕਰਕੇ ਇਹ ਰੋਡ ਬੰਦ ਕੀਤਾ ਜਾਵੇਗਾ ਅਤੇ ਰਾਜਸਥਾਨ ਰੋਡਵੇਜ਼ ਡਿਪੂ ਦੀ ਬੱਸ ਇਸ ਤੇ ਨਹੀਂ ਚੱਲਣ ਦਿੱਤੀ ਜਾਵੇਗੀ। ਜੇਕਰ ਪੰਜਾਬ ਰੋਡਵੇਜ਼ ਬੰਦ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ, ਇਥੇ ਐਕਸ਼ਨ ਕਮੇਟੀ ਇਹ ਵੀ ਦੱਸਣਾ ਚਾਹੁੰਦੀ ਹੈ ਕਿ ਪੈਪਸੂ ਰੋਡਵੇਜ਼ ਅਤੇ ਪੰਜਾਬ ਰੋਡਵੇਜ਼ ਕੋਲ ਸਾਰੇ ਪੰਜਾਬ ਵਿਚ ਕੁਝ ਮੁਨਾਪਲੀ ਰੂਟ ਹਨ।
ਜਿੰਨ੍ਹਾਂ ਤੋਂ ਰੋਡਵੇਜ਼ ਨੂੰ ਚੰਗੀ ਕਮਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਾਜ਼ਿਲਕਾ-ਫਿਰੋਜ਼ਪੁਰ ਮੁਨਾਪਲੀ ਰੂਟ ਤੇ ਰਾਜਸਥਾਨ ਰੋਡਵੇਜ਼ ਦੇ ਟਾਇਮ ਪਾਏ ਜਾਂਦੇ ਹਨ ਤਾਂ ਇਕੱਲੇ ਫਿਰੋਜ਼ਪੁਰ ਡਿਪੂ ਨੂੰ ਹੀ ਨਹੀਂ ਸਾਰੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੈ, ਜਿਸ ਕਾਰਨ ਰੋਡਵੇਜ਼ ਘਾਟੇ ਵਿਚ ਜਾ ਸਕਦੀ ਹੈ। ਸਾਂਝੀ ਐਕਸ਼ਨ ਕਮੇਟੀ ਨੇ ਦੱਸਿਆ ਕਿ ਫਿਰੋਜ਼ਪੁਰ-ਫਾਜ਼ਿਲਕਾ ਮੁਨਾਪਲੀ ਰੂਟ ਬਨਣ ਤੋਂ ਪਹਿਲਾ ਪ੍ਰਾਈਵੇਟ ਮਾਲਿਕਾਂ ਨੇ ਇਸ ਰੂਟ 'ਤੇ ਪਰਮਿਟ ਅਪਲਾਈ ਕੀਤੇ ਸਨ ਜੋ ਕੇ ਰੋਡਵੇਜ਼ ਦੀਆਂ ਜਥੇਬੰਦੀਆਂ ਨੇ ਇਹ ਪਰਮਿਟ ਚੱਲਣ ਨਹੀਂ ਦਿੱਤੇ, ਜੇਕਰ ਰਾਜਸਥਾਨ ਰੋਡਵੇਜ਼ ਇਸ ਰੂਟ ਤੇ ਚੱਲਦੀ ਹੈ ਤਾਂ ਪ੍ਰਾਈਵੇਟ ਮਾਲਕ ਵੀ ਆਪਣੀਆਂ ਗੱਡੀਆਂ ਇਸ ਰੂਟ 'ਤੇ ਚਲਾਉਣਗੇ, ਜਿਸ ਨਾਲ ਰੋਡਵੇਜ਼ ਬੰਦ ਹੋਣ ਕਿਨਾਰੇ ਆ ਜਾਵੇਗੀ।