
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਦੇ ਜ਼ਿਲ੍ਹਾ ਪਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ...............
ਹੁਸ਼ਿਆਰਪੁਰ : 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਦੇ ਜ਼ਿਲ੍ਹਾ ਪਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਦੀ ਅਗਵਾਈ ਹੇਠ 1 ਤੋਂ 7 ਅਗਸਤ ਤਕ ਵਿਸ਼ਵ ਸਤਨਪਾਨ ਹਫ਼ਤਾ ਮਨਾਇਆ ਗਿਆ। ਇਸ ਹਫ਼ਤੇ ਦੌਰਾਨ ਕੇ.ਵੀ.ਕੇ. ਵਲੋਂ ਆਂਗਨਵਾੜੀ ਵਰਕਰਾਂ ਅਤੇ ਕਿਸਾਨ ਬੀਬੀਆਂ ਲਈ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਗਈਆਂ, ਜਿਨ੍ਹਾਂ ਵਿਚ ਮਾਂ ਤੇ ਬੱਚੇ ਦੀ ਸਿਹਤ, ਪੌਸ਼ਟਿਕ ਖੁਰਾਕ ਅਤੇ ਸਤਨਪਾਨ ਦੀ ਮਹੱਤਤਾ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।
ਡਾ. ਮਨਿੰਦਰ ਸਿੰਘ ਬੌਂਸ ਨੇ ਦਸਿਆ ਕਿ ਇਸੇ ਕੜੀ ਵਿਚ ਕੇਂਦਰ ਵਲੋਂ 7 ਅਗਸਤ ਨੂੰ ਵਿਸ਼ੇਸ਼ ਪ੍ਰੋਗਰਾਮ ਵਿਚ ਭਾਗ ਲੈਂਦੇ ਹੋਏ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਕਾਲਜ ਫਾਰ ਵੁਮੈਨ ਚੱਬੇਵਾਲ ਪ੍ਰਿੰਸੀਪਲ ਡਾ. ਅਨੀਤਾ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੀ। ਉਨ੍ਹਾਂ ਦਸਿਆ ਕਿ ਸਤਨਪਾਨ ਮਾਂ ਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਹੈ ਅਤੇ ਇਸ ਬਾਰੇ ਔਰਤਾਂ ਖਾਸਕਰ ਕੰਮਕਾਜੀ ਸ਼ਹਿਰੀ ਮਾਵਾਂ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
ਡਾ. ਪ੍ਰਿੰਸੀ. ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਵਲੋਂ ਗਰਭਵਤੀ ਅਤੇ ਦੁਧ ਪਿਲਾਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਲਈ ਸੰਤੁਲਤ ਖੁਰਾਕ ਅਤੇ ਚੰਗੀ ਸਿਹਤ ਸਬੰਧੀ ਮੁੱਖ ਨੁਕਤਿਆਂ ਬਾਰੇ ਵਿਸਥਾਰ ਨਾਲ ਦਸਿਆ ਗਿਆ। ਕਿਸਾਨ ਬੀਬੀਆਂ ਨੂੰ ਮਾਂ ਦੇ ਦੁਧ ਦੀ ਵਰਤੋਂ ਬਾਰੇ ਸਾਹਿਤ ਵੀ ਮੁਹਈਆ ਕਰਵਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿਚ ਕਿਸਾਨ ਕਲੱਬ ਦੇ ਪ੍ਰਧਾਨ ਸਰਦਾਰਾ ਸਿੰਘ ਜੰਡੋਲੀ ਵਲੋਂ ਇਸ ਮਹੱਤਵਪੂਰਨ ਵਿਸ਼ੇ ਨੂੰ ਅਮਲੀਜਾਮਾ ਦੇਣ 'ਤੇ ਜੋਰ ਦਿਤਾ ਗਿਆ।