
ਉਲੰਪਿਕ ਖੇਡਾਂ ਤੋਂ ਵਾਪਸ ਮਲੋਟ ਪਹੁੰਚਣ ’ਤੇ ਕਮਲਪ੍ਰੀਤ ਕੌਰ ਦਾ ਭਰਵਾਂ ਸਵਾਗਤ
ਮਲੋਟ, ਸ੍ਰੀ ਮੁਕਤਸਰ ਸਾਹਿਬ, 7 ਅਗੱਸਤ (ਗੁਰਮੀਤ ਸਿੰਘ ਮੱਕੜ, ਰਣਜੀਤ ਸਿੰਘ, ਗੁਰਦੇਵ ਸਿੰਘ) : ਉਲੰਪਿਕ ਖੇਡਾਂ ਵਿਚ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੀ ਡਿਸਕਸ ਥਰੋਅ ਦੀ ਖਿਡਾਰਨ ਕਮਲਪ੍ਰੀਤ ਕੌਰ ਦਾ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਪਹੁੰਚਣ ’ਤੇ ਪਿੰਡ ਵਾਸੀਆਂ ਤੇ ਪ੍ਰਸਾਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ, ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਅਤੇ ਐਸ.ਡੀ.ਐਮ. ਗੋਪਾਲ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਜ਼ਿਲ੍ਹਾ ਪ੍ਰਸ਼ਾਸ਼ਨ, ਵੱਖ ਵੱਖ ਸੰਠਗਨਾਂ ਅਤੇ ਸਕੂਲੀ ਬੱਚਿਆਂ ਵਲੋਂ ਕਮਲਪ੍ਰੀਤ ਕੌਰ ’ਤੇ ਫੁੱਲਾਂ ਦੀ ਵਰਖਾ ਕਰ ਕੇ ਅਤੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਇਸ ਮੌਕੇ ’ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਮਲਪ੍ਰੀਤ ਕੌਰ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਲੰਪਿਕ ਖੇਡਾਂ ਵਿਚ 6ਵਾਂ ਸਥਾਨ ਹਾਸਲ ਕਰ ਕੇ ਮੁਕਤਸਰ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਜੋ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਲੰਪਿਕ ਵਿਚ ਕਮਲਪ੍ਰੀਤ ਕੌਰ ਵਲੋਂ ਕੀਤਾ ਗਿਆ ਚੰਗਾ ਪ੍ਰਦਰਸ਼ਨ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾਸ੍ਰੋਤ ਬਣੇਗਾ ਅਤੇ ਉਨ੍ਹਾਂ ਹੋਰਨਾਂ ਬੱਚਿਆਂ ਨੂੰ ਵੀ ਕਮਲਪ੍ਰੀਤ ਤੋਂ ਸਿਖਿਆ ਲੈ ਕੇ ਚੰਗਾ ਮੁਕਾਮ ਹਾਸਲ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਅੱਗੇ ਤੋਂ ਵੀ ਅਜਿਹੇ ਚੰਗੇ ਪ੍ਰਦਰਸ਼ਨ ਲਈ ਕਮਲਪ੍ਰੀਤ ਕੌਰ ਨੂੰ ਅਪਣੀ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ ਅਤੇ ਉਸ ਦੇ ਮਾਪਿਆਂ ਨੂੰ ਵੀ ਵਧਾਈ ਦਿਤੀ। ਇਸ ਮੌਕੇ ’ਤੇ ਵੱਖ ਵੱਖ ਸੰਗਠਨਾਂ ਵਲੋਂ ਖ਼ੁਸ਼ੀ ਵਿਚ ਲੱਡੂ ਵੰਡੇ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਾਏ। ਇਸ ਮੌਕੇ ਡਿਪਟੀ ਕਮਿਸ਼ਨਰ ਐੱਮ.ਕੇ.ਅਰਵਿੰਦ ਕੁਮਾਰ, ਐੱਸ .ਐੱਸ.ਪੀ.ਡੀ. ਸੁਡਰਵਿਲੀ ਨੇ ਕਮਲਪ੍ਰੀਤ ਕੌਰ ਨੂੰ ਸ਼ੁਭਕਾਮਨਾਵਾਂ ਦਿਤੀਆਂ ਤੇ ਭਵਿੱਖ ਵਿਚ ਇਸੇ ਤਰ੍ਹਾਂ ਬੁਲੰਦੀਆਂ ਨੂੰ ਛੋਹਣ ਦੀ ਕਾਮਨਾ ਕੀਤੀ। ਇਸ ਮੌਕੇ ’ਤੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ, ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਨਗਰ ਕੌਂਸਲਰ ਧਨਜੀਤ ਸਿੰਘ ਧੰਨਾ, ਮਾ. ਜਸਪਾਲ ਸਿੰਘ, ਡੀ.ਐਸ.ਪੀ. ਜਸਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋਫਾਇਲ ਨੰ:-07ਐਮਐਲਟੀ04, ਫੋਟੋ ਫਾਇਲ: ਐਮਕੇਐਸ 07-03
ਕੈਂਪਸ਼ਨ:-
ਮਲੋਟ ਵਿਖੇ ਪਹੁੰਚਣ ’ਤੇ ਕਮਲਪ੍ਰੀਤ ਕੌਰ ਦੇ ਸਵਾਗਤ ਕਰਦੇ ਹੋਏ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ। ਫ਼ੋਟੋ ਗੁਰਮੀਤ ਸਿੰਘ ਮੱਕੜ