
ਸਕੂਲ ਦੇ ਅਧਿਆਪਕਾਂ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਕਮੀਆਂ ਦੀ ਸਜ਼ਾ ਸਾਡੇ ਵਿਦਿਆਰਥੀ ਅਤੇ ਅਧਿਆਪਕ ਭੁਗਤ ਰਹੇ ਹਨ।
ਚੰਡੀਗੜ੍ਹ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਖਰੜ ਤਹਿਸੀਲ ਵਿੱਚ ਪੈਂਦੇ ਸਰਕਾਰੀ ਹਾਈ ਸਕੂਲ, ਦੇਸੂਮਾਜਰਾ ਨੂੰ ਮਾਡਲ ਸਕੂਲ ਵਜੋਂ ਵਿਕਸਿਤ ਕੀਤਾ ਜਾਵੇਗਾ। ਉਕਤ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕੀਤਾ ਗਿਆ। ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਬੈਂਸ ਨੇ ਦੱਸਿਆ ਕਿ ਦੇਸੂਮਾਜਰਾ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਸਬੰਧੀ ਉਹਨਾਂ ਨੂੰ ਕੁਝ ਸ਼ਿਕਾਇਤਾਂ ਹਾਸਲ ਹੋਈਆਂ ਸਨ, ਜਿਹਨਾਂ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ ਅੱਜ ਉਹਨਾਂ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ।
Harjot Singh Bains
ਉਹਨਾਂ ਦੱਸਿਆ ਕਿ ਇਸ ਸਕੂਲ ਵਿੱਚ ਕਰੀਬ 1000 ਵਿਦਿਆਰਥੀ ਪ੍ਰਾਇਮਰੀ ਅਤੇ ਹਾਈ ਵਿੰਗ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਬੀਤੇ ਕਈ ਸਾਲਾਂ ਤੋਂ ਬਰਸਾਤ ਦੇ ਮੌਸਮ ਵਿੱਚ ਇਸ ਸਕੂਲ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਨੇਕਾਂ ਔਕੜਾਂ ਦਰਪੇਸ਼ ਆਉਂਦੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਕੂਲ ਵਿੱਚ ਫਰਨੀਚਰ ਦੀ ਘਾਟ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਸਹੀ ਪ੍ਰਬੰਧ ਨਹੀਂ ਹੈ, ਜਿਸ ਨੂੰ ਬਹੁਤ ਜਲਦ ਦਰੁਸਤ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਕਮੀਆਂ ਦੀ ਸਜ਼ਾ ਸਾਡੇ ਵਿਦਿਆਰਥੀ ਅਤੇ ਅਧਿਆਪਕ ਭੁਗਤ ਰਹੇ ਹਨ।