
ਪਿਛਲੇ ਮਹੀਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ..............
ਚੰਡੀਗੜ੍ਹ : ਪਿਛਲੇ ਮਹੀਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਕਾਮਰ ਬਾਜਵਾ ਨਾਲ ਜੱਫ਼ੀ ਪਾ ਕੇ , ਵਾਹ-ਵਾਹ ਖੱਟ ਲਈ ਅਤੇ ਦੌਰੇ ਮਗਰੋਂ ਇਧਰ ਆ ਕੇ, ਕਰਤਾਰਪੁਰ ਦੇ ਲਾਂਘੇ ਸਬੰਧੀ ਐਲਾਨ ਕਰ ਕੇ ਕਈ ਵਿਰੋਧੀਆਂ ਦੀ ਆਲੋਚਨਾ ਦਾ ਕੇਂਦਰ ਵੀ ਬਣ ਗਏ। ਅੱਜ ਫਿਰ ਇਸ ਧਾਰਮਕ ਮੁੱਦੇ ਯਾਨੀ ਉਥੋਂ ਦੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਵਾਸਤੇ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਪਾਕਿਸਤਾਨ ਸਰਕਾਰ ਵਲੋਂ ਇਸ ਚਾਰ ਕਿਲੋਮੀਟਰ ਦੇ ਲਾਂਘੇ ਨੂੰ ਖੋਲ੍ਹਣ ਵਾਸਤੇ ਰਾਜ਼ੀ ਹੋਣ ਦਾ ਢਿੰਡੋਰਾ ਪਿਟਿਆ।
ਖ਼ੁਦ ਹੀ ਇਸ ਦਾ ਸਿਹਰਾ ਖੱਟਣ ਦਾ ਯਤਨ ਕਰਦੇ ਹੋਏ ਅਤੇ ਅਪਣੀ ਪਿੱਠ ਥਪਥਪਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਖਚਾਖਚ ਭਰੀ ਪ੍ਰੈੱਸ ਕਾਨਫ਼ਰੰਸ 'ਚ ਦਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਥੋਂ ਦੇ ਫ਼ੌਜ ਮੁਖੀ, ਪਾਕਿਸਤਾਨ ਰੇਂਜਰਸ ਮੁਖੀ, ਵਿਦੇਸ਼ ਮੰਤਰਾਲੇ ਅਤੇ ਹੋਰ ਮੰਤਰੀਆਂ ਤੇ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣ ਦੀ ਹਰੀ ਝੰਡੀ ਦੇ ਦਿਤੀ ਹੈ। ਨਵਜੋਤ ਸਿੰਘ ਸਿੱਧੂ ਨੇ ਗੁਰਬਾਣੀ ਤੋਂ ਕਈ ਤੁਕਾਂ ਤੇ ਸ਼ਬਦ ਉਚਾਰਦੇ ਹੋਏ, ਮੀਡੀਆ ਨੂੰ ਦਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ (ਗੁਰਦੁਆਰੇ) ਵਾਸਤੇ, ਦਰਸ਼ਨਾਂ ਲਈ, ਕਿਸੇ ਵੀਜ਼ੇ ਦੀ ਵੀ ਲੋੜ ਨਹੀਂ ਪਵੇਗੀ।
ਸ. ਸਿੱਧੂ ਦਾ ਇਹ ਵੀ ਕਹਿਣਾ ਸੀ ਕਿ ਭਾਰਤ ਸਰਕਾਰ ਵੀ ਹਾਂ-ਪੱਖੀ ਸੋਚ ਅਪਣਾਅ ਕੇ ਦੁਵੱਲਿਉਂ ਗੱਲਬਾਤ ਕਰ ਕੇ ਇਸ ਮੁੱਦੇ ਨੂੰ ਸਿਰੇ ਚੜ੍ਹਾਵੇ। ਕੇਂਦਰ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਵਿਸ਼ੇਸ਼ ਕਰ ਕੇ ਮੰਤਰੀ ਸੁਸ਼ਮਾ ਸਵਰਾਜ ਨਾਲ ਸੰਪਰਕ ਕਰਨ ਦੀ ਹਾਮੀ ਭਰਦੇ ਹੋਏ ਨਵਜੋਤ ਸਿੱਧੂ ਨੇ, ਫਟਾਫਟ ਇਮਰਾਨ ਖਾਨ ਦਾ ਧੰਨਵਾਦ ਵੀ ਕਰ ਦਿਤਾ। ਅਪਣੇ ਸੰਦੇਸ਼ 'ਚ ਸਿੱਧੂ ਨੇ ਕਿਹਾ ਕਿ 'ਤੁਸੀਂ (ਇਮਰਾਨ ਖਾਨ) ਦੋ ਕਦਮ ਹੀ ਅੱਗੇ ਨਹੀਂ ਚੱਲੇ ਬਲਕਿ ਕਈ ਮੀਲ ਅੱਗੇ ਵਧੇ ਹੋ।''
ਲੱਖਾਂ, ਕਰੋੜਾਂ ਸਿੱਖਾਂ ਤੇ ਹੋਰ ਸ਼ਰਧਾਲੂਆਂ ਦੀਆਂ ਧਾਰਮਕ ਸਥਾਨਾਂ, ਗੁਰਧਾਮਾਂ ਨਾਲ ਜੁੜੀ ਸ਼ਰਧਾ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਦੋਵਾਂ ਸਰਕਾਰਾਂ ਤੇ ਮੁਲਕਾਂ ਨੂੰ ਸ਼ਾਂਤੀ-ਅਮਨ ਨਾਲ ਰਹਿਣਾ ਚਾਹੀਦਾ ਹੈ ਅਤੇ ਵੋਟ ਦੀ ਰਾਜਨੀਤੀ ਨੂੰ ਧਰਮ ਤੋਂ ਦੂਰ ਰਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕਿਸੇ ਅੰਤਰਰਾਸ਼ਟਰੀ ਟੀ.ਵੀ. ਚੈਨਲ 'ਤੇ ਇਸ ਲਾਂਘੇ ਬਾਰੇ, ਪਾਕਿਸਤਾਨ ਵਲੋਂ ਲਏ ਜਾ ਰਹੇ ਹਾਂ-ਪੱਖੀ ਕਦਮ ਦਾ ਜ਼ਿਕਰ ਕੀਤਾ ਸੀ ਜਿਸ ਨੂੰ ਪਕੜ ਕੇ ਸੋਸ਼ਲ ਮੀਡੀਆ ਤੇ ਫ਼ੋਨਾਂ 'ਤੇ ਸੰਦੇਸ਼ ਭੇਜਣ ਦੀ ਲਗਾਤਾਰ ਲੜੀ ਅੱਜ ਜਾਰੀ ਰਹੀ ਤੇ ਕਰਤਾਰਪੁਰ ਦਾ ਲਾਂਘਾ ਚਰਚਾ ਦਾ ਵਿਸ਼ਾ ਬਣ ਗਿਆ।
ਭਾਰਤ ਦੇ ਵਿਦੇਸ਼ ਮੰਤਰਾਲੇ, ਕੇਂਦਰ ਸਰਕਾਰ ਜਾਂ ਕਿਸੇ ਮੰਤਰੀ ਜਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਪਾਸ ਅਜੇ ਤਕ ਕੋਈ ਪੁਖਤਾ ਲਿਖਤੀ ਸੁਨੇਹਾ ਨਹੀਂ ਹੇ। ਇਹ ਵੀ ਨਹੀਂ ਪਤਾ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ, ਮੰਤਰੀਆਂ ਜਾਂ ਪ੍ਰਧਾਨ ਮੰਤਰੀਆਂ ਵਿਚਾਲੇ ਕਿਸੇ ਬੈਠਕ, ਫ਼ੋਨ ਕਾਲ, ਜਾਂ ਫ਼ੈਕਸ ਰਾਹੀਂ ਸੰਦੇਸ਼ ਬਾਰੇ ਚਰਚਾ ਚੱਲੀ ਵੀ ਹੈ। ਅਗਲਾ ਕਦਮ ਕੀ ਹੋਵੇਗਾ-ਕੁੱਝ ਨਹੀਂ ਪਤਾ।
ਜਦੋਂ ਟੀ.ਵੀ. ਚੈਨਲਾਂ ਦੇ ਕੁੱਝ ਨੁਮਾਇੰਦਿਆਂ ਨੇ ਨਵਜੋਤ ਸਿੱਧੂ ਵਲੋਂ, ਅਪਣੀ ਸਰਕਾਰੀ ਰਿਹਾਇਸ਼ 'ਤੇ ਪ੍ਰੈੱਸ ਕਾਨਫ਼ਰੰਸ 'ਚ ਦਿਤੇ ਭਾਸ਼ਣ ਉਪਰੰਤ ਤਿੱਖੇ ਸਵਾਲ ਕੀਤੇ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿਤਾ। ਸਵਾਲਾਂ 'ਚ ਪੁਛਿਆ ਗਿਆ, ''ਕੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਤੁਹਾਨੂੰ ਸੁਨੇਹਾ ਦਿਤਾ? ਕੀ ਭਾਰਤ ਸਰਕਾਰ ਨਾਲ ਕੋਈ ਗੱਲਬਾਤ ਦਾ ਸੰਦੇਸ਼ ਮਿਲਿਆ? ਕੀ ਮੁੱਖ ਮੰਤਰੀ ਪੰਜਾਬ ਨੂੰ ਵੀ ਭਰੋਸੇ 'ਚ ਲਿਆ ਗਿਆ? ਸਿੱਧੂ ਨੇ ਕਿਹਾ, ''ਮੈਂ ਕੋਈ ਟਿਪਣੀ ਨਹੀਂ ਕਰਨੀ।''