
ਸੂਬੇ ਭਰ ਦੇ ਡੀ.ਸੀ ਦਫ਼ਤਰਾਂ ਅੱਗੇ ਗਰਜੇ ਕਿਸਾਨ
51-51 ਦੇ ਜਥਿਆਂ ਨੇ ਕੀਤੀ ਗ੍ਰਿਫ਼ਤਾਰੀ ਦੀ ਪੇਸ਼ਕਸ਼
ਚੰਡੀਗੜ੍ਹ, 7 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਮੋਦੀ ਸਰਕਾਰ ਵਲੋਂ ਨਿਜੀਕਰਨ ਦੀਆਂ ਨੀਤੀਆਂ ਤਹਿਤ ਕੀਤੇ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ 2020 ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਅੱਜ ਜੇਲ ਭਰੋ ਮੋਰਚੇ ਦੇ ਪਹਿਲੇ ਦਿਨ ਸੂਬੇ ਭਰ ਦੇ ਡੀਸੀ ਦਫ਼ਤਰਾਂ ਅੱਗੇ ਪੱਕੇ ਧਰਨੇ ਸ਼ੁਰੂ ਕਰ ਦਿਤੇ ਤੇ 51-51 ਦੇ ਜਥਿਆਂ ਨੂੰ ਗ੍ਰਿਫ਼ਤਾਰੀ ਦੇਣ ਲਈ ਪੇਸ਼ ਕੀਤਾ ਗਿਆ।
ਧਰਨਿਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਮੱਕੜ ਜਾਲ ਵਿਚ ਫਸ ਕੇ ਬੁਰੀ ਤਰ੍ਹਾਂ ਪੀੜਿਆ ਪਿਆ ਹੈ ਤੇ ਖ਼ੁਦਕੁਸ਼ੀਆਂ ਰਾਹੀਂ ਮੌਤ ਨੂੰ ਗਲੇ ਲਗਾ ਰਿਹਾ ਹੈ, ਉਤੋਂ ਮੋਦੀ ਸਰਕਾਰ ਵਲੋਂ ਕੋਵਿਡ-19 ਦੇ ਬਹਾਨੇ ਖੇਤੀ ਸੁਧਾਰਾਂ ਦੇ ਨਾਮ 'ਤੇ ਕੀਤੇ ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਬਿਲ 2020 ਨੇ ਕਿਸਾਨਾਂ ਦੀ ਹੋਂਦ 'ਤੇ ਸਵਾਲੀਆ ਚਿੰਨ੍ਹ ਲਗਾ ਦਿਤਾ ਹੈ। ਕਿਸਾਨੀ ਕਿੱਤਾ ਵੱਡੇ ਕਾਰਪੋਰੇਟ ਘਰਾਣੇ ਦੇ ਹਵਾਲੇ ਹੋਣ ਨਾਲ ਪੰਜਾਬ ਵਿਚ ਬਣੀਆਂ 1873 ਦਾਣਾ ਮੰਡੀਆਂ 12 ਹਜ਼ਾਰ ਕਰੋੜ ਦੀ ਮੰਡੀ ਬੋਰਡ ਦੀ ਜਾਇਦਾਦ ਮਨਫ਼ੀ ਹੋ ਜਾਵੇਗੀ। ਲੋੜ ਦਾਣਾ ਮੰਡੀਆਂ ਨੂੰ ਹੋਰ ਵਧਾਉਣ ਤੇ 23 ਫ਼ਸਲਾਂ ਦੀ ਸਰਕਾਰੀ ਖ਼ਰੀਦ ਡਾ. ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਅਨੁਸਾਰ ਕਰ ਕੇ ਲਾਗਤ ਖ਼ਰਚਿਆਂ ਵਿਚ 50 ਫ਼ੀ ਸਦੀ ਮੁਨਾਫ਼ਾ ਜੋੜ ਕੇ ਦੇਣ ਦੀ ਹੈ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਜੇਲਾਂ ਦੇ ਬੂਹੇ ਖੋਲ੍ਹਣ ਜਾਂ ਉਕਤ ਆਰਡੀਨੈਂਸ ਰੱਦ ਕਰਨ ਦੀ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਵਿਚ ਉਕਤ ਆਰਡੀਨੈਂਸ ਰੱਦ ਕੀਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ।
ਬੁਲਾਰਿਆਂ ਨੇ ਮੰਗ ਕੀਤੀ ਕਿ ਰੇਲਵੇ ਪੁਲਿਸ ਵਲੋਂ ਕੀਤੇ ਪਰਚੇ ਵੀ ਰੱਦ ਕੀਤੇ ਜਾਣ, ਹੜ੍ਹਾਂ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਤੁਰਤ ਦਿਤਾ ਜਾਵੇ, ਤਾਰ ਪਾਰਲੀ ਜ਼ਮੀਨ ਦਾ ਪਿਛਲੇ ਤਿੰਨ ਸਾਲ ਦਾ ਬਕਾਇਆ ਮੁਆਵਜ਼ਾ ਦਿਤਾ ਜਾਵੇ, ਆਬਾਦਕਾਰਾਂ
ਨੂੰ ਪੱਕੇ ਮਾਲਕੀ ਹੱਕ ਦਿਤੇ ਜਾਣ ਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਤੋੜੀਆਂ ਇੰਤਕਾਲਾਂ ਬਹਾਲ ਕੀਤੀਆਂ ਜਾਣ। ਬੁਲਾਰਿਆਂ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦੇ ਖ਼ਾਤਮੇ ਕਾਰਨ ਗ਼ਰੀਬ ਖਪਤਕਾਰ ਵੀ ਭੁੱਖਮਰੀ
ਲਈ ਮਜਬੂਰ ਹੋਣਗੇ। ਬਿਜਲੀ ਸੋਧ ਬਿਲ 2020 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਬਿਜਲੀ ਸਬਸਿਡੀਆਂ ਖੋਹਣ ਦਾ ਰਾਹ ਪੱਧਰਾ ਕਰਨ ਰਾਹੀਂ ਛੋਟੇ ਦਰਮਿਆਨੇ ਕਿਸਾਨਾਂ ਦੀਅਂ ਮੋਟਰਾਂ ਦੇ ਬਿਲ ਲਾ ਕੇ ਮੁਕੰਮਲ ਤਬਾਹੀ 'ਚ ਰਹਿੰਦੀ ਕਸਰ ਵੀ ਪੂਰੀ ਕਰਦਾ ਹੈ। ਇਹ ਕਾਨੂੰਨ ਬਿਜਲੀ ਪ੍ਰਬੰਧਾਂ ਦੇ ਮੁਕੰਮਲ ਨਿਜੀਕਰਨ ਰਾਹੀਂ ਅੰਨ੍ਹੇ ਕਾਰਪੋਰੇਟ ਮੁਨਾਫ਼ਿਆਂ ਜ਼ਰੀਏ ਆਮ ਖਪਤਕਾਰਾਂ ਦੀ ਅੰਨ੍ਹੀ ਲੁੱਟ ਦਾ ਰਾਹ ਵੀ ਪਧਰਾ ਕਰਦਾ ਹੈ। ਇਸ ਮੌਕੇ ਕਿਸਾਨ ਆਗੂimageਆਂ ਨੇ ਡੀ.ਸੀਜ਼ ਨੂੰ ਮੰਗ ਪੱਤਰ ਵੀ ਦਿਤੇ ਤੇ ਕਿਸਾਨਾਂ ਦੇ ਜਥਿਆਂ ਨੇ ਅਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ।