
ਭਾਜਪਾ ਦੀਆਂ ਗ਼ਲਤ ਨੀਤੀਆਂ ਦੇ ਇਕ ਦਿਨ ਗੰਭੀਰ ਸਿੱਟੇ ਨਿਕਲਣਗੇ : ਰਵੀਇੰਦਰ ਸਿੰਘ
ਚੰਡੀਗੜ੍ਹ, 7 ਸਤੰਬਰ (ਨਰਿੰਦਰ ਸਿੰਘ ਝਾਂਮਪੁਰ) : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਮੋਦੀ ਤੇ ਖੱਟੜ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕਿਸਾਨੀ ਮਸਲੇ ਜਾਣ ਬੁਝ ਕੇ ਲਮਕਾ ਰਹੇ ਹਨ ਤਾਂ ਜੋ ਪੂੰਜੀਪਤੀਆਂ, ਧਨਾਢ ਕਾਰੋਬਾਰੀਆਂ ਅਤੇ ਕਾਰਪੋਰੇਟ ਸੈਕਟਰ ਨੂੰ ਚੋਖਾ ਲਾਭ ਪਹੁੰਚਾਇਆ ਜਾ ਸਕੇ | ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਭਾਜਪਾ ਜਮਾਤ ਵਪਾਰੀਆਂ ਦੀ ਹੈ ਪਰ ਬਦਕਿਸਮਤੀ ਨਾਲ ਇਨ੍ਹਾਂ ਦੇ ਹੱਥ ਭਾਰਤ ਵਰਗੇ ਲੋਕਤੰਤਰੀ ਮੁਲਕ ਦੀ ਸੱਤਾ ਆ ਗਈ ਹੈ, ਜਿਸ ਕਾਰਨ ਇਹ ਲੋਕ ਅੰਨਦਾਤੇ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਣ ਲਈ ਹਰ ਸੰਭਵ ਯਤਨ ਕਰ ਰਹੇ ਹਨ |
ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਤਾਨਾਸ਼ਾਹੀ ਲੰਮੇ ਸਮੇਂ ਤਕ ਨਹੀਂ ਚਲਦੀ ਤੇ ਭਾਜਪਾਈਆਂ ਨੂੰ ਸਮਝ ਲੈਣਾ ਚਾਹੀਦੀ ਹੈ ਕਿ ਸਹਿਣਸ਼ੀਲਤਾ ਦੀ ਵੀ ਹੱਦ ਹੁੰਦੀ ਹੈ | ਕਿਸਾਨ ਅੰਦੋਲਨ ਹੋਰ ਲੰਮਾ ਕਰਨ ਨਾਲ ਇਸ ਦਾ ਅਸਰ ਅਰਥਚਾਰੇ 'ਤੇ ਪੈਣ ਤੋਂ ਇਲਾਵਾ, ਕੌਮਾਂਤਰੀ ਪੱਧਰ 'ਤੇ ਵੀ ਮੋਦੀ ਸਰਕਾਰ ਦੀ ਕਦਰ ਘੱਟ ਜਾਵੇਗੀ | ਉਨ੍ਹਾਂ ਨੇ ਬਾਦਲਾਂ 'ਤੇ ਤਿੱਖੇ ਹਮਲੇ ਕਰਿਦਆਂ ਕਿਹਾ ਕਿ ਉਹ ਕਿਸਾਨ ਵਿਰੋਧੀ ਹਨ ਤੇ ਮੱਗਰਮੱਛ ਦੇ ਹੰਝੂ ਵਹਾਅ ਰਹੇ ਹਨ | ਉਹ ਸਿੱਖ ਸੰਸਥਾਵਾਂ ਦਾ ਬਹੁਤ ਨੁਕਸਾਨ ਕਰ ਚੁਕੇ ਹਨ ਪਰ ਫਿਰ ਵੀ ਮਹਾਨ ਤੇ ਪਵਿੱਤਰ ਸੰਸਥਾਵਾਂ ਨਾਲ ਚੰਬੜੇ ਹਨ | ਬਾਦਲ ਪ੍ਰਵਾਰ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਕਿਸਾਨਾਂ ਨੇ ਵਖਰਾ ਝੰਡਾ ਚੁਕਿਆ ਹੈ | ਜੇਕਰ ਬਾਦਲ ਸਰਕਾਰ ਨੇ ਖੇਤੀਬਾੜੀ ਨੀਤੀ ਬਣਾਈ ਹੁੰਦੀ ਤਾਂ ਨੌਬਤ ਇਥੋਂ ਤਕ ਕਦੇ ਵੀ ਪਹੁੰਚ ਨਹੀ ਸਕਦੀ ਸੀ |
ਉਨ੍ਹਾਂ ਮੁਤਾਬਕ 1978 'ਚ ਨਿਰੰਕਾਰੀ ਕਾਂਡ ਬਾਦਲ ਸਰਕਾਰ ਵੇਲੇ ਹੋਇਆ ਪਰ ਇਨਸਾਫ਼ ਨਾ ਮਿਲਿਆ | ਸਾਕਾ ਨੀਲਾ ਤਾਰਾ ਤੇ ਸਿੱਖ ਨਸਲੁਕੁਸ਼ੀ ਪ੍ਰਤੀ ਕਦੇ ਵੀ ਬਾਦਲਾਂ ਨੇ ਦੋਸ਼ੀਆਂ ਵਿਰੁਧ ਆਵਾਜ਼ ਬੁਲੰਦ ਨਹੀ ਕੀਤੀ ਪਰ ਹੂਕਮਤ ਕਰਨ ਲਈ ਬਾਦਲ ਪ੍ਰਵਾਰ ਹਮੇਸ਼ਾ ਮੋਹਰੀ ਰਹਿੰਦਾ ਹੈ |