
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਹਾ, 80 ਫ਼ੀ ਸਦੀ ਤੋਂ ਵਧ ਸਕੂਲ ਕਬਾੜਖ਼ਾਨਿਆਂ ਤੋਂ ਵੀ ਬਦਤਰ
ਨਵੀਂ ਦਿੱਲੀ, 7 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੋਸ਼ ਲਗਾਇਆ ਹੈ ਕਿ ਦੇਸ਼ ਵਿਚ 80 ਫ਼ੀ ਸਦੀ ਤੋਂ ਵਧ ਸਰਕਾਰੀ ਸਕੂਲ ਕਬਾੜਖਾਨਿਆਂ ਤੋਂ ਵੀ ਬਦਤਰ ਹਨ | ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਐਲਾਨ ਨੂੰ ਚੰਗਾ ਦਸਿਆ ਅਤੇ ਨਾਲ ਹੀ ਸਾਰੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ |
ਕੇਜਰੀਵਾਲ ਨੇ ਟਵਿੱਟਰ 'ਤੇ ਇਸ ਚਿੱਠੀ ਨੂੰ ਸਾਂਝਾ ਕਰਦੇ ਹੋਏ ਲਿਖਿਆ, ''ਪ੍ਰਧਾਨ ਮੰਤਰੀ ਜੀ ਨੇ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ, ਬਹੁਤ ਚੰਗਾ ਪਰ ਦੇਸ਼ 'ਚ 10 ਲੱਖ ਸਰਕਾਰੀ ਸਕੂਲ ਹਨ | ਇਸ ਤਰ੍ਹਾਂ ਤਾਂ ਸਾਰੇ ਸਕੂਲਾਂ ਨੂੰ ਠੀਕ ਕਰਨ 'ਚ 100 ਸਾਲ ਤੋਂ ਜ਼ਿਆਦਾ ਸਮਾਂ ਲੱਗ ਜਾਵੇਗਾ | ਤੁਹਾਨੂੰ ਬੇਨਤੀ ਹੈ ਕਿ ਸਾਰੇ 10 ਲੱਖ ਸਕੂਲਾਂ ਨੂੰ ਇਕੱਠੇ ਠੀਕ ਕਰਨ ਦੀ ਯੋਜਨਾ ਬਣਾਈ ਜਾਵੇ |''
ਚਿੱਠੀ 'ਚ ਕੇਜਰੀਵਾਲ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲੇ ਦੀ ਤਾਰੀਫ਼ ਕਰਦਾ ਹਾਂ | ਕੇਂਦਰ ਸਰਕਾਰ ਨੇ ਦੇਸ਼ ਭਰ ਦੇ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾਈ ਹੈ | ਇਹ ਬਹੁਤ ਚੰਗੀ ਗੱਲ ਹੈ | ਪੂਰੇ ਦੇਸ਼ 'ਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ | ਉਨ੍ਹਾਂ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਦੀ ਲੋੜ ਹੈ | ਕੇਜਰੀਵਾਲ ਨੇ ਅੱਗੇ ਲਿਖਿਆ ਕਿ ਦੇਸ਼ ਭਰ 'ਚ ਰੋਜ਼ਾਨਾ 27 ਕਰੋੜ ਬੱਚੇ ਸਕੂਲ ਜਾਂਦੇ ਹਨ | ਇਨ੍ਹਾਂ 'ਚ ਲੱਗਭਗ 18 ਕਰੋੜ ਬੱਚੇ ਸਰਕਾਰੀ ਸਕੂਲਾਂ 'ਚ ਜਾਂਦੇ ਹਨ | 80 ਫ਼ੀਸਦੀ ਤੋਂ ਜ਼ਿਆਦਾ ਸਕੂਲਾਂ ਦੀ ਹਾਲਤ ਕਿਸੇ ਕਬਾੜਖਾਨੇ ਤੋਂ ਵੀ ਜ਼ਿਆਦਾ ਖਰਾਬ ਹੈ | ਜੇਕਰ ਕਰੋੜਾਂ ਬੱਚਿਆਂ ਨੂੰ ਅਸੀਂ ਅਜਿਹੀ ਸਿੱਖਿਆ ਦੇ ਰਹੇ ਹਾਂ ਤਾ ਸੋਚੋ ਭਾਰਤ ਕਿਵੇਂ ਵਿਕਸਿਤ ਦੇਸ਼ ਬਣੇਗਾ? (ਪੀਟੀਆਈ)