
ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਸਬੰਧੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁਹਾਲੀ: ਜ਼ਿਲ੍ਹੇ ਦੇ 8 ਫੇਜ਼ 'ਚ ਹੋਏ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਭਰ 'ਚ ਹੋਣ ਵਾਲੇ ਮੇਲਿਆਂ ਲਈ ਨਵੀਆਂ ਹਦਾਇਤਾਂ ਜਾਰੀ ਤਿਆਰ ਕੀਤੀਆਂ ਹਨ। ਹੁਣ ਕਿਸੇ ਵੀ ਤਰ੍ਹਾਂ ਦਾ ਮੇਲਾ ਕਰਵਾਉਣ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ। ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਸਬੰਧੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੇਲੇ ਦੇ ਪ੍ਰਬੰਧਾਂ ਅਤੇ ਨਿਗਰਾਨੀ ਲਈ ਇਕ ਕਮੇਟੀ ਵੀ ਬਣਾਈ ਜਾਵੇਗੀ, ਜਿਸ ਵਿਚ ਡਿਊਟੀ ਮੈਜਿਸਟਰੇਟ, ਐਸਡੀਐਮ, ਸਥਾਨਕ ਪੁਲਿਸ ਅਧਿਕਾਰੀ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਸ਼ਾਮਲ ਹੋਣਗੇ। ਇਸ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਮੇਲੇ ਲਗਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਸਾਰੇ ਅਧਿਕਾਰੀਆਂ ਨੂੰ ਇਹ ਵੀ ਜਾਣਕਾਰੀ ਦੇਣੀ ਹੋਵੇਗੀ ਕਿ ਕਿਹੜਾ ਮੇਲਾ ਕਿੱਥੇ ਲਗਾਇਆ ਜਾ ਰਿਹਾ ਹੈ।
ਪੰਜਾਬ ਵਿਚ ਇਕ ਸਾਲ ਵਿਚ ਵੱਡੇ ਅਤੇ ਛੋਟੇ 300 ਤੋਂ ਵੱਧ ਮੇਲੇ ਲੱਗਦੇ ਹਨ। ਸੂਬੇ ਵਿਚ ਮੁੱਖ ਤੌਰ ’ਤੇ ਆਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ, ਫਤਹਿਗੜ੍ਹ ਸਾਹਿਬ ਦਾ ਜੋੜ ਮੇਲਾ, ਮੁਕਤਸਰ ਦਾ ਮਾਘੀ ਮੇਲਾ, ਲੁਧਿਆਣਾ ਵਿਚ ਛਪਾਰ ਦਾ ਮੇਲਾ ਅਤੇ ਅੰਮ੍ਰਿਤਸਰ ਵਿਚ ਵਿਸਾਖੀ ਦਾ ਮੇਲਾ ਮਨਾਇਆ ਜਾਂਦਾ ਹੈ। ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਇਹਨਾਂ ਮੇਲਿਆਂ ਬਾਰੇ ਸੁਝਾਅ ਦੇਣ ਲਈ ਕਿਹਾ ਗਿਆ ਹੈ, ਕਿਉਂਕਿ ਇੱਥੇ ਵੀਵੀਆਈਪੀਜ਼ ਸਮੇਤ ਸੂਬੇ ਦੇ ਆਮ ਲੋਕ ਵੱਡੀ ਗਿਣਤੀ ਵਿਚ ਮੌਜੂਦ ਹੁੰਦੇ ਹਨ।
ਮੇਲਾ ਪ੍ਰਬੰਧਕਾਂ ਨੂੰ ਮੇਲੇ ਵਾਲੀ ਥਾਂ 'ਤੇ ਪੂਰਾ ਸਮਾਂ ਡਾਕਟਰ ਅਤੇ ਹੋਰ ਮੈਡੀਕਲ ਸਟਾਫ਼ ਦੇ ਨਾਲ ਇਕ ਮੈਡੀਕਲ ਟੀਮ ਅਤੇ ਇਕ ਐਂਬੂਲੈਂਸ ਤਾਇਨਾਤ ਕਰਨੀ ਪਵੇਗੀ। ਸਥਾਨਕ ਸਿਵਲ ਸਰਜਨ ਨੂੰ ਵੀ ਹਰ ਝੂਲੇ ਬਾਰੇ ਜਾਣਕਾਰੀ ਦੇਣੀ ਪਵੇਗੀ। ਪ੍ਰਸ਼ਾਸਨ ਨੂੰ ਮੇਲੇ ਵਾਲੀ ਥਾਂ ’ਤੇ ਲਗਾਏ ਜਾਣ ਵਾਲੇ ਸਾਰੇ ਝੂਲਿਆਂ ਦੀ ਉਚਾਈ ਤੋਂ ਲੈ ਕੇ ਹੋਰ ਤਕਨੀਕੀ ਜਾਣਕਾਰੀ ਦੇਣੀ ਪਵੇਗੀ। ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਦੀ ਜਾਂਚ ਕੀਤੀ ਜਾਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉਹਨਾਂ ਦਾ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ।
ਮੇਲੇ ਦੇ ਪ੍ਰਬੰਧਕਾਂ ਨੂੰ ਭੀੜ ਨੂੰ ਕਾਬੂ ਕਰਨਾ ਪਵੇਗਾ। ਜੇਕਰ ਮੇਲੇ ਵਿਚ 1000 ਲੋਕਾਂ ਦੇ ਆਉਣ ਦੀ ਉਮੀਦ ਹੈ ਤਾਂ ਵੀ ਇਹੀ ਪ੍ਰਬੰਧ ਕਰਨਾ ਪਵੇਗਾ। ਮੇਲੇ ਵਾਲੀ ਥਾਂ ਭਰਨ ਤੋਂ ਬਾਅਦ ਲੋਕਾਂ ਨੂੰ ਇੱਥੇ ਆਉਣਾ ਬੰਦ ਕਰਨਾ ਹੋਵੇਗਾ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।