
ਨੌਜਵਾਨਾਂ ਨੇ ਕਿਹਾ; ਨਸ਼ੇ ਵਿਚ ਸੀ ਪੁਲਿਸ ਮੁਲਾਜ਼ਮ
ਲੁਧਿਆਣਾ: ਲੁਧਿਆਣਾ ਦੇ ਹੰਬੜਾ ਰੋਡ 'ਤੇ ਪੁਲਿਸ ਅਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚਾਲੇ ਹੋਏ ਹੰਗਾਮੇ ਦੀ ਵੀਡੀਉ ਸਾਹਮਣੇ ਆਈ ਹੈ। ਨੌਜਵਾਨਾਂ ਦਾ ਇਲਜ਼ਾਮ ਹੈ ਕਿ ਉਹ ਮੰਦਰ 'ਚ ਮੱਥਾ ਟੇਕ ਕੇ ਘਰ ਜਾ ਰਹੇ ਸਨ। ਰਾਸਤੇ ਵਿਚ ਪੁਲਿਸ ਨੇ ਉਨ੍ਹਾਂ ਨੂੰ ਨਾਕੇ ’ਤੇ ਰੁਕਣ ਦਾ ਇਸ਼ਾਰਾ ਕੀਤਾ ਸੀ। ਇਸ ਦੌਰਾਨ ਏ.ਐਸ.ਆਈ. ਮਨਮੋਹਨ ਸਿੰਘ ਨੇ ਬਿਨਾਂ ਕਿਸੇ ਕਾਰਨ ਇਕ ਨੌਜਵਾਨ ਨੂੰ ਥੱਪੜ ਮਾਰ ਦਿਤਾ।
ਇਹ ਵੀ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਭਾਰਤ ਦੇ ਰਵੱਈਏ ਦੀ ਕੀਤੀ ਸ਼ਲਾਘਾ
ਨੌਜਵਾਨਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿਚ ਡਿਊਟੀ ਕਰ ਰਿਹਾ ਸੀ। ਵੀਡੀਉ ਬਣਦੇ ਦੇਖ ਕੇ ਏ.ਐਸ.ਆਈ. ਨੇ ਉਨ੍ਹਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿਤਾ। ਨੌਜਵਾਨਾਂ ਨੇ ਕਿਹਾ ਕਿ ਜੇਕਰ ਉਹ ਤਿੰਨ ਲੋਕ ਮੋਟਰਸਾਈਕਲ ਉਤੇ ਸਵਾਰ ਸਨ ਤਾਂ ਪੁਲਿਸ ਮੁਲਾਜ਼ਮ ਨੂੰ ਚਲਾਨ ਕੱਟਣਾ ਚਾਹੀਦਾ ਸੀ ਪਰ ਉਸ ਨੇ ਨੌਜਵਾਨ ਦੇ ਮੂੰਹ 'ਤੇ ਥੱਪੜ ਮਾਰਿਆ। ਇਸ ਦੌਰਾਨ ਨੌਜਵਾਨ ਦੇ ਮੂੰਹ ਵਿਚੋਂ ਖ਼ੂਨ ਨਿਕਲ ਰਿਹਾ ਸੀ।
ਨੌਜਵਾਨਾਂ ਨੇ ਕਿਹਾ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਉਹ ਸਬੰਧਤ ਥਾਣੇ ਵਿਚ ਪੁਲਿਸ ਨੂੰ ਸ਼ਿਕਾਇਤ ਦੇਣਗੇ। ਇਸ ਦੇ ਨਾਲ ਹੀ ਇਹ ਮਾਮਲਾ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਤਕ ਪਹੁੰਚਾਇਆ ਜਾਵੇਗਾ। ਉਧਰ ਇਸ ਮਾਮਲੇ ਵਿਚ ਏ.ਐਸ.ਆਈ. ਮਨਮੋਹਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਹੈ। ਉਨ੍ਹਾਂ ਮੁਤਾਬਕ ਨੌਜਵਾਨਾਂ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੋਕਿਆ ਗਿਆ। ਟ੍ਰੈਫਿਕ ਜਾਮ ਦੀ ਸਮੱਸਿਆ ਬਣ ਰਹੀ ਸੀ, ਇਸ ਕਾਰਨ ਇਹ ਬਹਿਸ ਹੋਈ। ਉਨ੍ਹਾਂ ਦਾ ਇਨ੍ਹਾਂ ਨੌਜਵਾਨਾਂ ਨਾਲ ਕੋਈ ਨਿੱਜੀ ਮਸਲਾ ਨਹੀਂ ਹੈ।