
ਆਨਲਾਈਨ ਗੇਮ 'ਚ ਉਡਾਏ 25 ਲੱਖ ਤਾਂ ਕਰਕੇ ਕੀਤਾ ਪਿਓ ਦਾ ਕਤਲ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਮਰਾੜ ਕਲਾਂ ਵਿੱਚ ਹੋਏ ਅੰਨ੍ਹੇ ਕਤਲ ਅਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਨੇ ਖੁਦ ਹੀ ਝੂਠੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਆਪਣੇ ਪਿਤਾ ਦਾ ਕਾਤਲ ਨਿਕਲਿਆ।
ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ ਨੇ ਪੁਲੀਸ ਨੂੰ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਿਵਾਉਣ ਲਈ ਆਲਟੋ ਕਾਰ ਵਿੱਚ ਜਾ ਰਿਹਾ ਸੀ। ਜਦੋਂ ਉਹ ਪਿੰਡ ਮਰਾੜ ਕਲਾਂ ਨੇੜੇ ਪਹੁੰਚਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ।
ਉਸ ਦੀ ਕੰਨਪੱਟੀ 'ਤੇ ਪਿਸਤੌਲ ਤਾਨ ਦਿੱਤੀ ਅਤੇ ਉਸ ਦਾ ਮੋਬਾਈਲ ਅਤੇ ਪਰਸ ਖੋਹਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਉਸ ਦੇ ਪਿਤਾ ਦੇ ਗਲੇ ਵਿਚ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ ਅਤੇ ਹਥਿਆਰਾਂ ਸਮੇਤ ਬਾਈਕ 'ਤੇ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਬਿਆਨਾਂ 'ਤੇ ਥਾਣਾ ਬਰੀਵਾਲਾ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਘਟਨਾ ਨੂੰ ਟਰੇਸ ਕਰਨ ਲਈ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਕੇ ਹਰ ਪਹਿਲੂ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਨੇ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ। ਉਸ ਨੇ ਆਪਣੀ ਹੀ ਕਾਰ ਨੂੰ ਨੁਕਸਾਨ ਪਹੁੰਚਾ ਕੇ ਲੁੱਟ ਦਾ ਝੂਠਾ ਡਰਾਮਾ ਰਚਿਆ ਅਤੇ ਬਾਅਦ ਵਿੱਚ ਸ਼ਿਕਾਇਤਕਰਤਾ ਬਣ ਕੇ ਕੇਸ ਦਰਜ ਕਰਵਾ ਲਿਆ।
ਪੁਲਸ ਨੇ ਪਿਆਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਆਨਲਾਈਨ ਗੇਮ ਦੌਰਾਨ 25 ਲੱਖ ਰੁਪਏ ਹਾਰ ਗਿਆ ਸੀ। ਉਸ ਦਾ ਪਿਤਾ ਲਖਵੀਰ ਸਿੰਘ ਉਸ ਤੋਂ ਪੈਸਿਆਂ ਦਾ ਹਿਸਾਬ ਮੰਗ ਰਿਹਾ ਸੀ। ਇਸ ਕਾਰਨ ਉਸ ਨੇ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮਾਮਲੇ ਦੀ ਜਾਂਚ ਜਾਰੀ ਹੈ।