
ਕਿਹਾ - ਹੀਰੇ ਦੀ ਸਫਾ ਹੈ ਤਾਂ ਹਨੇਰੇ ਵਿਚ ਚਮਕ , ਧੁੱਪ 'ਚ ਤਾਂ ਸ਼ੀਸ਼ਾ ਵੀ ਚਮਕਦਾ ਹੈ
Navjot Singh Sidhu News : ਪੰਜਾਬ ਦੀ ਸਿਆਸਤ ਤੋਂ ਦੂਰੀ ਬਣਾ ਚੁੱਕੇ ਸੀਨੀਅਰ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕੀ ਭਵਿੱਖ ਵਿੱਚ ਮੁੜ ਸਿਆਸਤ ਵਿੱਚ ਐਕਟਿਵ ਹੋਣਗੇ? ਇਹ ਤਾਂ ਅਜੇ ਕਿਹਾ ਨਹੀਂ ਜਾ ਸਕਦਾ ਪਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 3 ਦਿਨਾਂ 'ਚ 2 ਵੀਡੀਓ ਸ਼ੇਅਰ ਕੀਤੇ ਹਨ।
ਨਵਜੋਤ ਸਿੰਘ ਸਿੱਧੂ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਹੀਰੇ ਦੀ ਸਫਾ ਹੈ ਤਾਂ ਹਨੇਰੇ ਵਿਚ ਚਮਕ , ਧੁੱਪ 'ਚ ਤਾਂ ਸ਼ੀਸ਼ਾ ਵੀ ਚਮਕਦਾ ਹੈ। ਇਸ ਤੋਂ 3 ਦਿਨ ਪਹਿਲਾਂ ਸ਼ੇਅਰ ਕੀਤੀ 9 ਸੈਕਿੰਡ ਦੀ ਵੀਡੀਓ ਵਿੱਚ ਸਿੱਧੂ ਨੇ ਕਿਹਾ ਹੈ ਕਿ ਫਨ ਕੁਚਲਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਡਰ ਤੋਂ ਜੰਗਲ ਨਹੀਂ ਛੱਡੇ ਜਾਂਦੇ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਸਾਲ ਜਨਵਰੀ ਤੋਂ ਸੂਬਾ ਕਾਂਗਰਸ ਤੋਂ ਦੂਰੀ ਬਣਾ ਲਈ ਸੀ। ਉਹ ਨਾ ਤਾਂ ਕਾਂਗਰਸ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਨਾ ਹੀ ਕਾਂਗਰਸ ਦੇ ਮੰਚ ’ਤੇ ਨਜ਼ਰ ਆਏ। ਲੋਕ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਤੋਂ ਦੂਰ ਰਹੇ। ਉਨ੍ਹਾਂ ਕਿਸੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਵੀ ਨਹੀਂ ਕੀਤਾ।
ਪਟਿਆਲਾ ਤੋਂ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ ਚੋਣਾਂ ਸਮੇਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਲਈ ਚੋਣ ਪ੍ਰਚਾਰ ਕਰਨ ਆਉਣਗੇ। ਹਾਲਾਂਕਿ ਉਹ ਉਨ੍ਹਾਂ ਲਈ ਪ੍ਰਚਾਰ ਕਰਨ ਵੀ ਨਹੀਂ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਜ਼ਦੀਕੀ ਆਗੂ ਅਤੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।