
ਭਾਈ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਨੇ ਸ਼੍ਰੋਮਣੀ ਕਮੇਟੀ ਨਾਲ ਪ੍ਰਗਟਾਈ ਨਾਰਾਜ਼ਗੀ
Bhai Himmat Singh Fakkar : (ਕੁਲਦੀਪ ਸਿੰਘ ਭੋੜੇ): ਤੁਹਾਨੂੰ ਅੱਜ ਅਸੀਂ ਭਾਈ ਮਰਦਾਨਾ ਜੀ ਨੇ ਵੰਸ਼ਜਾਂ ਨਾਲ ਮਿਲਾਉਣ ਜਾ ਰਹੇ ਹਾਂ। ਉਨ੍ਹਾਂ ਦੇ ਵੰਸ਼ਜਾਂ ’ਚੋਂ ਪੰਜਾਬ ਦੇ ’ਚ ਅੱਜ ਸਿਰਫ਼ 10 ਕੁ ਪਰਵਾਰ ਨੇ ਜਿਨ੍ਹਾਂ ’ਚੋਂ ਭਾਈ ਮਰਦਾਨਾ ਦੀ 17ਵੀਂ ਪੀੜ੍ਹੀ ਦੇ ਹਿੰਮਤ ਸਿੰਘ ਫੱਕਰ ਅਤੇ 18ਵੀਂ ਪੀੜ੍ਹੀ ਦੇ ਲਾਲ ਸਿੰਘ ਫੱਕਰ ਨਾਲ ਰੋਜ਼ਾਨਾ ਸਪੋਕਸਮੈਨ ਨੇ ਮੁਲਾਕਾਤ ਕੀਤੀ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਰਬਾਬੀ ਅਤੇ ਮਰਾਸੀਆਂ ’ਚ ਕੀ ਫਰਕ ਹੁੰਦਾ ਹੈ, ਉਹ ਕਿਸ ਤਰੀਕੇ ਨਾਲ ਕੀਰਤਨ ਕਰਦੇ ਹਨ ਅਤੇ ਅੱਜਕਲ੍ਹ ਉਨ੍ਹਾਂ ਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਸਿੱਖੀ ਦੇ ਨਾਲ ਜੁੜਿਆ ਫੱਕਰ ਪਰਵਾਰ ਇਕ ਮੁਸਲਮਾਨ ਭਾਈਚਾਰੇ ਦੇ ’ਚ ਹੁੰਦਾ ਸੀ। ਬਹੁਤ ਸਮਾਂ ਪਹਿਲਾਂ ਇਨ੍ਹਾਂ ਦੇ ਪੁਰਖੇ ਸਿੱਖੀ ਦੇ ਨਾਲ ਜੁੜੇ ਸਨ। ਪਰ ਉਨ੍ਹਾਂ ਨੇ ਕੁੱਝ ਗਿਲੇ ਸਾਂਝੇ ਕੀਤੇ ਨੇ ਕਿ ਕਿਸ ਤਰ੍ਹਾਂ ਉਨ੍ਹਾਂ ਨਾਲ ਅੱਜ ਵੀ ਸਿੱਖ ਸੰਸਥਾਵਾਂ ਵਲੋਂ ਵਿਤਕਰਾ ਹੁੰਦਾ ਹੈ, ਕਿਸ ਤਰ੍ਹਾਂ ਲਾਕਡਾਊਨ ਦੌਰਾਨ ਇਕ ਅਜਿਹਾ ਸਮਾਂ ਆਇਆ ਕਿ ਉਨ੍ਹਾਂ ਦੇ ਘਰ ਵੀ ਵਿਕ ਗਏ, ਗੱਡੀਆਂ ਵੀ ਵਿਕ ਗਈਆਂ। ਹੁਣ ਤਾਂ ਮਹੀਨੇ ’ਚ ਸਿਰਫ ਇਕ-ਦੋ ਸਮਾਗਮਾਂ ’ਤੇ ਹੀ ਕੋਈ ਬੁਲਾਉਂਦਾ ਹੈ। ਭੇਟਾ ਵੀ ਸਹੀ ਤਰੀਕੇ ਨਾਲ ਨਹੀਂ ਦਿਤੀ ਜਾਂਦੀ। ਇਹ ਸਾਰੀਆਂ ਗੱਲਾਂ ਕਰਦਿਆਂ ਅਪਣੇ ਗਿਲੇ ਸਿੱਖ ਕੌਮ ਦੇ ਸਾਹਮਣੇ ਇਹਨਾਂ ਕੀਰਤਨੀਆਂ ਨੇ ਸਾਂਝੇ ਕੀਤੇ।
ਸਵਾਲ : ਪਹਿਲਾਂ ਤਾਂ ਇਹ ਗੱਲ ਦੱਸੋ ਫੱਕਰ ਦਾ ਅਰਥ ਕੀ ਹੈ। ਇਹ ਕਿਵੇਂ ਤੁਹਾਡੇ ਨਾਲ ਤੁਹਾਡੇ ਪਰਵਾਰਾਂ ਦੇ ਨਾਲ ਜੁੜ ਗਿਆ। ਭਾਈ ਮਰਦਾਨਾ ਜੀ ਨਾਲ ਕੀ ਸਾਂਝ ਰਹੀ ਹੈ ਤੁਹਾਡੇ ਪਰਵਾਰਾਂ ਦੀ?
ਹਿੰਮਤ ਸਿੰਘ ਫੱਕਰ : ਅਸੀਂ ਭਾਈ ਮਰਦਾਨਾ ਜੀ ਦੇ ਨਾਨਕਾ ਪਰਵਾਰ ’ਚੋਂ ਹਾਂ। ਅਸੀਂ ਹਾਂ ਸਦਿਉ ਤੇ ਭਾਈ ਮਰਦਾਨਾ ਜੀ ਚੁੰਬੜ ਸਨ। ਜਿਹੜੇ ਮਾਤਾ ਲੱਖੋ ਜੀ ਸਨ ਉਹ ਸਾਡੇ ਪਰਵਾਰ ’ਚੋਂ ਸਨ। ਜਿਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਜਨਮ ਦਿਤਾ। ਸਾਡੇ ਬਜ਼ੁਰਗ ਭਾਈ ਗੁਰਮੁਖ ਸਿੰਘ ਜੀ, ਸਰਮੁਖ ਸਿੰਘ ਜੀ ਫੱਕਰ, ਬਾਬਾ ਹੀਰਾ ਜੀ ਹੁਰੀਂ ਮਾਵਾ ਸ਼ਾਮ ਸਿੰਘ ਅਟਾਰੀ, ਵਾਹਘਾ ਬਾਰਡਰ ਦੇ ਰਹਿਣ ਵਾਲੇ ਸਨ। ਉਥੋਂ ਸਾਡੀ ਸਾਰੀ ਜਿਹੜੀ ਅੱਲ ਚੱਲਦੀ ਆਈ। ਜਿਹੜੇ ਬਾਬਾ ਠਾਕਰ ਜੀ ਮਹਾਰਾਜ ਮਹਾਵੇ ਵਾਲੇ ਸਨ, ਉਨ੍ਹਾਂ ਨੇ ਸਾਡੇ ਬਜ਼ੁਰਗ ਬਾਬਾ ਹੀਰਾ ਜੀ ਨੂੰ ਇਹ ‘ਫੱਕਰ’ ਤਖਲਸ ਦਿਤਾ ਸੀ। ਗੁਰਮੁਖ ਸਿੰਘ, ਸਰਵਨ ਸਿੰਘ ਜੀ ਫੱਕਰ ਉੱਥੇ ਰਹਿੰਦੇ ਸਨ। ਗੁਰਮੁਖ ਸਿੰਘ ਫੱਕਰ ਮੇਰੇ ਦਾਦਾ ਸੀ ਸਨ ਅਤੇ ਮੇਰੇ ਭਤੀਜੇ ਲਾਲ ਸਿੰਘ ਦੇ ਪੜਦਾਦਾ ਸਨ। ਸਤਿਗੁਰੂ ਨੇ ਕਿਰਪਾ ਕੀਤੀ, ਅੱਜ ਅਸੀਂ ਇਕੋ ਹੀ ਗੱਲ ਮੰਗਦੇ ਹਾਂ ਕਿ ਸਤਿਗੁਰੂ ਸਾਡੇ ਕੋਲੋਂ ਕੀਰਤਨ ਦੀ ਦਾਤ ਨਾ ਖੋਹੀਂ ਕਦੀ ਵੀ। ਜਿਹੜੇ ਸਾਡੇ ਬੱਚੇ ਨੇ ਅਸੀਂ ਅੱਗੇ ਕੀਰਤਨੀਏ ਹੀ ਬਣਾਉਣੇ ਨੇ। ਇਹ ਜਿਹੜੀ ‘ਫੱਕਰ’ ਅੱਲ ਚੱਲ ਰਹੀ ਹੈ ਇਹ ਦਸ ਕੁ ਘਰ ਨੇ। ਅੱਜ ਸਾਡਾ ਭਤੀਜਾ ਭਾਈ ਲਾਲ ਸਿੰਘ ਫੱਕਰ ਮਹਾਰਾਜ ਦੀ ਕਿਰਪਾ ਨਾਲ ਸਿੱਖ ਕੌਮ ਦਾ ਬੜਾ ਵਧੀਆ ਕੀਰਤਨੀ ਹੈ। ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ। ਪਹਿਲਾਂ ਮੇਰੇ ਵੱਡੇ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਕੀਰਤਨ ਕਰਦੇ ਸਨ। ਉਸ ਤੋਂ ਪਹਿਲਾਂ ਸਾਡੇ ਪਿਤਾ ਜੀ ਭਾਈ ਜਗਤਾਰ ਸਿੰਘ ਜੀ ਹੈੱਡ ਕੀਰਤਨ ਕਰਦੇ ਸਨ। ਫਿਰ ਭਾਈ ਹਰਿੰਦਰ ਸਿੰਘ ਜੀ, ਫਿਰ ਭਾਈ ਹਰਚਰਨ ਸਿੰਘ ਜੀ, ਇਸ ਦੇ ਪਿਤਾ, ਦਲੀਪ ਸਿੰਘ ਜੀ ਫੱਕਰ, ਭਾਈ ਇੰਦਰਜੀਤ ਸਿੰਘ ਫੱਕਰ, ਦਾਸ ਹਿੰਮਤ ਸਿੰਘ ਫੱਕਰ, ਸੁਰਜੀਤ ਸਿੰਘ ਫੱਕਰ, ਜੀਤ ਸਿੰਘ ਫੱਕਰ, ਸੁਰਿੰਦਰ ਸਿੰਘ ਫੱਕਰ। ਮਤਲਬ ਸਾਡੇ ਦਸ ਕੁ ਘਰ ਹੀ ਨੇ ਜੀ ਜਿਹੜੇ ਫੱਕਰਾਂ ਦੀ ਅੱਲ ਵੱਜਦੀ ਹੈ। ਹੁਣ ਇਹ ਜਿਹੜੀ ਅੱਗੇ-ਅੱਗੇ ਅੱਲ ਵਧਦੀ ਪਈ ਹੈ। ਮੈਂ 17ਵੀਂ ਪੀੜ੍ਹੀ ਹਾਂ ਭਾਈ ਮਰਦਾਨਾ ਜੀ ਦੀ ਤੇ ਮੇਰਾ ਭਤੀਜਾ 18ਵੀਂ ਪੀੜ੍ਹੀ ਹੈ। ਇਨ੍ਹਾਂ ਦਾ ਬੇਟਾ ਅੱਗੇ 19ਵੀਂ ਪੀੜ੍ਹੀ। ਵੈਸੇ ਸਾਡੇ ਉੱਤੇ ਸਤਿਗੁਰੂ ਦੀ ਬੜੀ ਕਿਰਪਾ ਹੈ ਪਰ ਸੰਗਤਾਂ ਸਾਨੂੰ ਬੁਲਾਉਣਾ ਘੱਟ ਕਰ ਗਈਆਂ ਨੇ ਕਿਉਂਕਿ ਅਸੀਂ ਗੁਰੂ ਕੇ ਪੁਰਾਤਨ ਕੀਰਤਨੀਏ ਹਾਂ।
ਸਵਾਲ : ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸੰਗਤਾਂ ਨੇ ਬੁਲਾਉਣਾ ਘੱਟ ਕਰ ਦਿਤਾ, ਪੁਰਾਤਨ ਕੀਰਤਨੀਆਂ ਨੂੰ ਅਣਦੇਖਿਆ ਕਰ ਦਿਤਾ। ਕਾਰਨ ਕੀ ਸਮਝਦੇ ਹੋ? ਕਿੱਥੇ ਕਮੀ ਕਿੱਥੇ ਰਹੀ? ਕਿਉਂ ਨਿਘਾਰ ਵਲ ਚਲੀ ਗਈ ਇਹ ਚੀਜ਼?
ਹਿੰਮਤ ਸਿੰਘ ਫੱਕਰ : ਇਹ ਤਰਾਸਦੀ ਹੈ ਜੀ ਸੱਭ ਤੋਂ ਵੱਡੀ। ਅੰਨ੍ਹਾ ਵੰਡੇ ਰਿਉੜੀਆਂ ਮੁੜ-ਮੁੜ ਅਪਣਿਆਂ ਨੂੰ। ਹੁਣ ਅੱਜਕਲ੍ਹ ਏਕਾਧਿਕਾਰ ਹੋਇਆ ਪਿਆ ਹੈ ਕਿ ‘ਤੂੰ ਮੇਰਾ ਰਿਸ਼ਤੇਦਾਰ ਬੁਲਾ ਮੈਂ ਤੇਰਾ ਰਿਸ਼ਤੇਦਾਰ ਬੁਲਾਉਂਦਾ ਹਾਂ।’ ਇਹ ਰਿਸ਼ਤੇਦਾਰੀ ਦਾ ਤੁਹਾਨੂੰ ਪਤਾ ਅੱਜਕੱਲ ਹਰ ਪਾਸੇ ਚੱਕਰ ਪੈ ਗਿਆ ਹੈ। ਅੱਜਕੱਲ੍ਹ ਚੰਗੇ ਲੋਕ ਚੰਗੇ ਕੀਰਤਨੀਆਂ ਨੂੰ ਵੀ ਨਹੀਂ ਸੁਣਦੇ। ਪਰ ਗੁਰਬਾਣੀ ਦਾ ਜਿਹੜਾ ਸਤਿਕਾਰ ਕਰਨ ਵਾਲੇ ਲੋਕ ਹਨ ਨੇ ਨਾ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਹੋਣਾਂ ਦਾ ਪਿਆਰ ਕਰਦੇ ਸਨ ਭਾਈ ਹਰਚਰਨ ਸਿੰਘ ਜੀ ਫੱਕਰ, ਭਾਈ ਹਰਿੰਦਰ ਸਿੰਘ ਜੀ ਫੱਕਰ, ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਸਾਡੇ ਪਿਤਾ ਜੀ ਉਨ੍ਹਾਂ ਨੂੰ ਪਿਆਰ ਕਰਦੇ ਸਨ ਉਨ੍ਹਾਂ ਨੂੰ ਹੁਣ ਭਾਈ ਦਲੀਪ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਨੇ ਲਾਲ ਸਿੰਘ ਜੀ ਅਸੀਂ ਕਈ ਥਾਈਂ ਕਲਕੱਤੇ ਕੀਰਤਨ ਕਰ ਕੇ ਆਏ ਹਾਂ। ਕਈ ਲੋਕਾਂ ਨੂੰ ਨਹੀਂ ਪਤਾ ਤਾਂ ਉਹ ਨਹੀਂ ਬੁਲਾ ਰਹੇ। ਕਿਉਂਕਿ ਜਿਹੜੀ ਨਵੀਂ ਪੀੜ੍ਹੀ ਹੈ ਉਨ੍ਹਾਂ ਨੂੰ ਕੁੱਝ ਦਸਿਆ ਹੀ ਨਹੀਂ ਜਾ ਰਿਹਾ। ਜਿਹੜਾ ਸਾਡਾ ਇਤਿਹਾਸ ਹੈ ਉਸ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਪਿੱਛੇ ਕੀਤਾ ਜਾ ਰਿਹਾ ਹੈ। ਜੇਕਰ ਉਨ੍ਹਾਂ ਨੂੰ ਪਤਾ ਲੱਗੇਗਾ ਤਾਂ ਹੀ ਉਹ ਕੁੱਝ ਕਰਨਗੇ ਨਾ।
ਲਾਲ ਸਿੰਘ ਫੱਕਰ : ਤੁਹਾਡੇ ਕੋਲ ਆਉਣ ਦਾ ਸਾਡਾ ਮੰਤਵ ਹੀ ਇਹੀ ਹੈ ਕਿ ਸਾਰਿਆਂ ਨੂੰ ਦਸਿਆ ਜਾਵੇ ਕਿ ਪੁਰਾਤਨ ਸ਼ੈਲੀ ਕੀ ਹੈ? ਪੁਰਾਣਾ ਕੀਰਤਨ ਕੀ ਸੀ? ਠੀਕ ਹੈ ਤੁਸੀਂ ਸਾਰੇ ਪ੍ਰੀਤ ਰਸ ਸੁਣਦੇ ਹੋ, ਸਰਵਣ ਕਰਦੇ ਹੋ। ਸੱਭ ਦਾ ਆਪੋ-ਅਪਣਾ ਢੰਗ ਹੈ ਸ਼ਬਦ ਨੂੰ ਸੰਗਤ ਤਕ ਪਹੁੰਚਾਉਣ ਦਾ। ਅਪਣੀ-ਅਪਣੀ ਖੁਸ਼ਬੂ ਹੈ। ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਪਰ ਤਰੀਕਾ ਜਿਹੜਾ ਸਤਿਗੁਰੂ ਸਾਨੂੰ ਸਿਖਾ ਗਏ ਨੇ ਜਿਹੜਾ ਮਰਿਆਦਾ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਦਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਕਿ ਤੁਸੀਂ ਆਪ ਜੀ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ’ਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੁਦ ਗਾਇਨ ਕੀਤਾ ਹੈ ਰਾਗ ਭੈਰੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਗਾਇਨ ਕੀਤਾ ਤੇ ਪ੍ਰਗਟ ਕੀਤਾ ਇਹਨਾਂ ਰਾਗਾਂ ਨੂੰ ਪਾਤਸ਼ਾਹੀ ਪ੍ਰਗਟ ਕੀਤਾ ਫਿਰ ਰਬਾਬੀਆਂ ਨੇ ਇਹਨਾਂ ਨੂੰ ਗਾਇਨ ਕੀਤਾ ਪਾਤਸ਼ਾਹ ਨੇ ਸਿਰ ’ਤੇ ਹੱਥ ਰੱਖਿਆ ਤੇ ਇਹਨਾਂ ਕੋਲੋਂ ਸੇਵਾ ਲਈ ਤੇ ਅਸੀਂ ਵੀ ਇਹੀ ਸਾਡਾ ਮੰਤਵ ਹੈ, ਤੁਹਾਨੂੰ ਬੁਲਾਉਣ ਦਾ ਤੁਹਾਡੇ ਨਾਲ ਬੈਠ ਕੇ ਗੱਲਾਂ-ਬਾਤਾਂ ਕਰਨ ਦਾ।
ਸਵਾਲ : ਜਿਹੜਾ ਤੁਸੀਂ ਕਹਿੰਦੇ ਤੁਹਾਡੇ ਨਾਲ ਐਸ.ਜੀ.ਪੀ.ਸੀ. ਵਿਤਕਰਾ ਕਰਦੀ ਹੈ ਉਹ ਅੱਜ ਵੀ ਹੋ ਰਿਹਾ ਹੈ?
ਹਿੰਮਤ ਸਿੰਘ ਫੱਕਰ : ਜਦੋਂ ਅਕਾਲੀ ਲਹਿਰ ਚੱਲੀ ਸੀ ਨਾ ਸਾਡੇ ਦਾਦਾ ਜੀ ਨੇ ਐਸ.ਜੀ.ਪੀ.ਸੀ. ਨਾਲ ਰਹਿ ਕੇ ਅੰਦਰ ਜੇਲਾਂ ਕੱਟੀਆਂ। ਮੇਰੀ ਦਾਦੀ ਮਾਤਾ ਹੁਕਮ ਕੌਰ ਜੀ ਨੇ ਵੀ। ਇਹ ਸਾਨੂੰ ਭੁੱਲ ਹੀ ਗਏ ਨੇ। ਮੈਂ ਅੱਜ ਤੁਹਾਨੂੰ ਨਾਮ ਵਿਖਾ ਦਿੰਨਾ ਸਾਡੇ ਦਾਦਿਆਂ ਦੇ। ਨਾਮ ਲਿਖੇ ਨੇ ਸਾਡੇ ਰਜਿਸਟਰਾਂ ’ਚ। ਜਿਹੜਾ ਅਜਾਇਬ ਘਰ ਹੈ ਉਥੇ ਸਾਡੇ ਦਾਦਿਆਂ ਦੀ ਤਸਵੀਰ ਲੱਗਣੀ ਚਾਹੀਦੀ ਹੈ, ਪਰ ਨਹਂ ਲਾਈ ਹੋਈ। ਦਾਦਾ ਜੀ ਸਾਡੇ ਭਾਈ ਗੁਰਮੁਖ ਸਿੰਘ ਸੁਰਮੁਖ ਸਿੰਘ ਹੁਰਾਂ ਦੀ ਤਸਵੀਰ ਲੱਗਣੀ ਚਾਹੀਦੀ ਹੈ ਕਿਉਂਕਿ ਸਿੱਖ ਕੌਮ ਲਈ ਬੜਾ ਕੁੱਝ ਕੀਤਾ ਉਨ੍ਹਾਂ ਨੇ। ਉਥੇ ਜਥੇ ਲੈ ਕੇ ਜਾਣੇ। ਸਾਡੇ ਦਾਦਾ ਜੀ ਕਾਨਪੁਰ ਤਕ ਜਾਂਦੇ ਰਹੇ ਨੇ। ਸਿੱਖਾਂ ਦਾ ਪ੍ਰਚਾਰ ਕਰਨਾ ਸਿੱਖਾਂ ਦੇ ’ਚ ਖਲੋਣਾ ਬਿਹਣਾ। ਅਸੀਂ ਸਿੱਖ ਹਾਂ ਤੁਸੀਂ ਸਾਨੂੰ ਫਿਰ ਬਾਹਰ ਕੱਢੀ ਜਾਂਦੇ ਹੋ। ਇਹ ਸਾਨੂੰ ਸਿੱਖ ਮੰਨਦੇ ਹੀ ਨਹੀਂ ਮਾਫ ਕਰਨਾ। ਜੇ ਅਸੀਂ ਰਬਾਬੀ ਹਾਂ, ਅੰਮ੍ਰਿਤ ਛਕ ਲਿਆ ਪਰ ਇਹ ਸਾਨੂੰ ਕਹਿੰਦੇ ਨਹੀਂ ਜੀ ਤੁਸੀਂ ਉਹੀ ਹੋ। ਹੁਣ ਵੀ ਇਹੀ ਕਹਿੰਦੇ ਨੇ।
ਸਵਾਲ : ਹੁਣ ਵੀ ਤੁਹਾਨੂੰ ਨਹੀਂ ਮੰਨਦੇ। ਕਿਉਂਕਿ ਹੁਣ ਤਾਂ ਢਾਂਚਾ ਬਦਲ ਗਿਆ, ਸਕੱਤਰ ਰੂਪ ਸਿੰਘ ਵਾਲਾ?
ਹਿੰਮਤ ਸਿੰਘ ਫੱਕਰ : ਹਾਂ ਹੁਣ ਤਾਂ ਢਾਂਚਾ ਬਦਲ ਗਿਆ, ਸਕੱਤਰ ਸਭਰਾ ਜੀ ਬੜੇ ਚੰਗੇ ਨੇ। ਪ੍ਰਧਾਨ ਧਾਮੀ ਜੀ ਨੂੰ ਇਕ ਵਾਰੀ ਮਿਲਣ ਦਾ ਮੌਕਾ ਮਿਲਿਆ ਪਰ ਸਮਾਂ ਬਹੁਤ ਥੋੜ੍ਹਾ ਸੀ। ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਵੀ ਨਹੀਂ ਮਿਲ ਸਕੇ ਕਿਉਂਕਿ ਸਾਡੀ ਉੱਥੇ ਤਕ ਪਹੁੰਚ ਨਹੀਂ ਸੀ, ਸਾਨੂੰ ਜਾਣ ਹੀ ਨਹੀਂ ਦਿੰਦੇ। ਪਰਾਂ ਕਰ ਦਿੰਦੇ ਨੇ। ਬੀਬੀ ਜਗੀਰ ਕੌਰ ਉਥੇ 21 ਲੱਖ ਰੁਪਏ ਦੇ ਕੇ ਆਏ, ਸਾਨੂੰ ਵੀ ਪੁੱਛ ਲੈਂਦੇ। ਪਿੱਛੇ ਜਿਹੇ ਮਸਲਾ ਉਠਿਆ ਸੀ ਕਿ ਭਾਈ ਮਰਦਾਨਾ ਜੀ ਦੀ ਮਜ਼ਾਰ ਬਣਾਉ। ਅਸੀਂ ਮਜ਼ਾਰ ਨਹੀਂ ਬਣਨ ਦਿਆਂਗੇ। ਭਾਈ ਮਰਦਾਨਾ ਜੀ ਗੁਰੂ ਕੇ ਸਿੱਖ ਸਨ। ਅੰਮ੍ਰਿਤ ਦੀ ਚਰਨਾਂ ਦੀ ਪਾਹੁਲ ਛਕੀ ਸੀ ਉਨ੍ਹਾਂ ਨੇ। ਭਾਈ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਉਹ ਸਨ।
ਮਰਾਸੀ ਅਤੇ ਰਬਾਬੀ ’ਚ ਕੀ ਫ਼ਰਕ ਹੈ? ਮਰਾਸੀ ਅਵਾਮ ਦੇ ’ਚ ਮੰਗਦਾ ਫਿਰਦਾ ਹੈ ਅਤੇ ਜਿਹੜਾ ਰਬਾਬੀ ਹੈ ਉਹ ਗੁਰੂ ਘਰ ਦਾ ਮੰਗਤਾ ਹੈ। ਉਹ ਗੁਰੂ ਕੋਲੋਂ ਹੀ ਮੰਗੇਗਾ। ਨਾ ਅਸੀਂ ਮੰਦਿਰ ਜਾ ਸਕਦੇ ਨਾ ਗਿਰਜਾ ਨਾ ਮਸੀਤੇ। ਅਸੀਂ ਤਾਂ ਗੁਰੂ ਘਰ ਹੀ ਜਾਵਾਂਗੇ। ਅਸੀਂ ਗੁਰੂ ਘਰ ਵਾਲਿਆਂ ਨੂੰ ਵੀ ਕਹਿ ਰਹੇ ਹਾਂ ਜੇ ਤੁਸੀਂ ਸਾਨੂੰ ਸਾਂਭਣਾ ਚਾਹੁੰਦੇ ਹੋ ਤਾਂ ਸਾਂਭ ਲਉ, ਨਹੀਂ ਤਾਂ ਆਉਂਦੇ ਸਮੇਂ ਲੋਕ ਕਹਿਣਗੇ ਕਿ ਕੋਈ ਰਬਾਬੀ ਹੁੰਦਾ ਸੀ। ਅੱਜ ਯੂਨੀਵਰਸਿਟੀ ਥੀਸਿਸ ਚੱਲ ਰਹੇ ਹਨ ਸਾਡੇ ਬਜ਼ੁਰਗਾਂ ’ਤੇ। ਭਾਈ ਗੁਰਮੁਖ ਸਿੰਘ ਸੁਰਮੁਖ ਸਿੰਘ ਫੱਕਰ, ਭਾਈ ਜਸਵੰਤ ਸਿੰਘ ਪਾਲ, ਭਾਈ ਮੋਹਣਪਾਲ ਸਿੰਘ, ਭਾਈ ਹਰਿੰਦਰ ਸਿੰਘ ਬਾਰੇ ਥੀਸਿਸ ਚੱਲ ਰਹੇ ਨੇ। ਤੁਸੀਂ ਸਾਡੇ ਬਜ਼ੁਰਗਾਂ ’ਤੇ ਪੜ੍ਹਾਈ ਜਾਂਦੇ ਹੋ, ਸੁਣਾਈ ਜਾਂਦੇ ਹੋ ਸਾਨੂੰ ਕੋਈ ਪੁਛਦਾ ਨਹੀਂ। ਲੋਕਾਂ ਨੇ ਆਪੋ-ਅਪਣੀਆਂ ਚੇਅਰਾਂ ਬਣਾ ਕੇ ਰੱਖ ਲਈਆਂ, ਸਾਡੀ ਚੇਅਰ ਕਿੱਧਰ ਗਈ।
ਲਾਲ ਸਿੰਘ ਫੱਕਰ : ਸਾਡੇ ਪਟਿਆਲੇ ਯੂਨੀਵਰਸਿਟੀ ਨੇੜੇ ਹੈ ਇਹਨਾਂ ਨੇ ਨਹੀਂ ਕਦੀ ਬੁਲਾਇਆ। ਥੀਸਿਸ ਜ਼ਰੂਰ ਸਾਡੇ ’ਤੇ ਲਿਖੇ ਨੇ। ਬੜੇ ਰਾਗ ਦਰਬਾਰ ਕਰਾਉਂਦੇ ਨੇ, ਮਰਦਾਨਾ ਸੰਮੇਲਨ ਕਰਾਉਂਦੇ ਨੇ, ਪਰ ਸਾਨੂੰ ਨਹੀਂ ਕਦੀ ਕਿਸੇ ਨੇ ਬੁਲਾਇਆ। ਸਾਨੂੰ ਕੋਈ ਰਾਗ ਦਿਉ, ਅਸੀਂ ਤੁਹਾਨੂੰ ਦਸਦੇ ਆ ਸਾਨੂੰ ਰਾਗ ਦਿਉ ਅਸੀਂ ਰਾਗ ’ਚ ਗਾਵਾਂਗੇ। ਜੇਕਰ ਰਾਗ ਤੋਂ ਬਾਹਰ ਹੋਈਏ ਤਾਂ ਦੱਸੋ।
ਹਿੰਮਤ ਸਿੰਘ ਫੱਕਰ : ਇੰਜ ਨਾ ਕਰੋ ਕਿ ‘ਅੰਨ੍ਹਾ ਵੰਡੇ ਰਿਉੜੀਆਂ ਮੁੜ-ਮੁੜ ਅਪਣਿਆਂ ਨੂੰ’। ਮੈਂ ਕਹਿੰਦਾ ਹਾਂ ਕਿ ਹਰ ਭਲਵਾਨ ਨੂੰ ਸਮਾਂ ਦਿੰਦੇ ਹੁੰਦੇ ਨੇ। ਹਰ ਭਲਵਾਨ ਨੂੰ ਕਹੋ ਆ ਬਈ ਤੂੰ ਵੀ ਘੁਲ ਕੇ ਵੇਖ। ਜੇਕਰ ਇਕੋ ਨੂੰ ਹੀ ਛਿੰਜ ਦਈ ਜਾਵੋਗੇ ਤਾਂ ਸੋਚ ਲਵੋ। ਸਾਡਾ ਵੀ ਬੜਾ ਦ੍ਰਿੜ ਨਿਸ਼ਚਾ ਹੈ ਕਿ ਅਸੀਂ ਕੀਰਤਨ ਨਹੀਂ ਛੱਡਦੇ। ਪਰ ਬੜਾ ਕਠਿਨ ਸਮਾਂ ਜਾ ਰਿਹਾ ਹੈ। ਸਾਨੂੰ ਦੇਣ ਵੇਲੇ ਕਮੇਟੀ ਵਾਲੇ ਕਹਿੰਦੇ ਨੇ ਕਿ ਸਾਡੀ ਕਮੇਟੀ ਬੜੀ ਕਮਜ਼ੋਰ ਹੈ। ਮੈਂ ਕਿਹਾ ਜੇ ਕਮੇਟੀ ਬੜੀ ਕਮਜ਼ੋਰ ਹੈ ਤਾਂ ਇਹਨੂੰ ਤਾਕਤ ਤੇ ਟੀਕੇ ਲਵਾਉ। ਸਾਡੇ ਵਾਰੀ ਇੰਜ ਨਾ ਕਰਿਆ ਕਰੋ। ਹੁਣ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ’ਤੇ ਮੈਂ ਕਿਹਾ ਸਾਨੂੰ 71000 ਦੇ ਦਿਓ, 51 ਦੇ ਦਿਓ, 41 ਹੀ ਦੇ ਦਿਓ। ਕਹਿੰਦੇ ਤੁਸੀਂ ਫਿਰ ਰੇਲਗੱਡੀ ’ਤੇ ਆ ਜਾਓਗੇ। ਮੈਂ ਕਿਹਾ ਰੇਲਗੱਡੀ ’ਤੇ ਹੀ ਆ ਜਾਵਾਂਗੇ ਸਾਨੂੰ ਬੁਲਾਓ ਤਾਂ ਸਹੀ। ਬਾਕੀਆਂ ਨੂੰ ਗੱਡੀਆਂ ਦਿੰਦੇ ਨੇ ਕਾਰਾਂ ਦੀਆਂ ਚਾਬੀਆਂ ਦਿੰਦੇ ਨੇ। ਪਰਵਾਰ ਵਾਦ ਵਾਲੀ ਗੱਲ ਹੈ। ਕਹਿੰਦੇ ਨੇ ਕਿ ਫਲਾਣੇ ਨੂੰ ਅਸੀਂ ਗੱਡੀ ਨੂੰ ਦੇਣੀ ਹੈ ਫਲਾਣੇ ਨੂੰ ਤੁਸੀਂ ਦੇਣੀ ਹੈ। ਆਹ ਕੰਮ ਚੱਲ ਰਿਹਾ ਹੈ। ਸਾਨੂੰ ਗੱਡੀ ਕੀ ਸਾਨੂੰ ਗੱਡਾ ਵੀ ਨਹੀਂ ਦਿੰਦੇ।
ਸਵਾਲ : ਐਸ.ਜੀ.ਪੀ.ਸੀ. ਤੋਂ ਕੀ ਮਦਦ ਚਾਹੁੰਦੇ ਹੋ?
ਹਿੰਮਤ ਸਿੰਘ ਫੱਕਰ : ਮਾਫ਼ ਕਰਨਾ ਐਸ.ਜੀ.ਪੀ.ਸੀ. ਕੁੱਝ ਨਹੀਂ ਕਰ ਸਕਦੀ। ਜੇ ਉਥੇ ਨੁਮਾਇੰਦੇ ਚੰਗੇ ਹੋ ਜਾਣ ਨਾ ਫਿਰ ਕਰ ਸਕਦੀ ਹੈ। ਮੈਂ ਅੱਜ ਵੀ ਕਹਿਦਾ ਕਿ ਉਹ ਪੰਜ ਪੰਜਾਬ ਖਰੀਦ ਸਕਦੀ ਹੈ ਇੰਨੀ ਸਤਿਗੁਰ ਦੀ ਕਿਰਪਾ ਹੈ। ਲੌਕਡਾਊਨ ’ਚ (ਤਤਕਾਲੀ ਸਕੱਤਰ) ਰੂਪ ਸਿੰਘ ਜੀ ਨੂੰ ਮੈਂ ਕਿਹਾ ਸੀ ਕਿ ਮੈਂ ਤਾਂ ਫਾਹਾ ਲੈਣ ਲੱਗਾ ਹਾਂ। ਉਹ ਅੱਗੋਂ ਕਹਿੰਦੇ, ‘ਕੱਲ ਲੈਂਦੇ ਅੱਜ ਲੈ ਲਓ।’ ਉਸ ਸਮੇਂ ਬਹੁਤ ਬੁਰੇ ਹਾਲਾਤ ਸਨ। ਬੱਚਿਆਂ ਕੋਲ ਦਵਾਈ ਨਹੀਂ, ਰਸੋਈ ’ਚ ਗੈਸ ਸਲੰਡਰ ਨਹੀਂ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਬਾਬਾ ਹਰਜੀਤ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ, ਬਲਵਿੰਦਰ ਸਿੰਘ ਜੀ ਨੇ ਰੇਰੂ ਸਾਹਿਬ ਵਾਲੇ, ਸਾਨੂੰ ਲੰਗਰ ਭੇਜਿਆ। ਉਨ੍ਹਾਂ ਦੀ ਬਦੌਲ ਮੈਂ ਭਈਆਂ ’ਚ ਵੀ ਵੰਡਿਆ।
ਸਵਾਲ : ਰੂਪ ਸਿੰਘ ਤੋਂ ਤੁਸੀਂ ਮਦਦ ਮੰਗੀ ਤਾਂ ਉਨ੍ਹਾਂ ਨੇ ਕੀ ਕਿਹਾ?
ਹਿੰਮਤ ਸਿੰਘ ਫੱਕਰ : ਕਹਿੰਦੇ ‘ਜੀ ਮੈਂ ਕੁਛ ਨਹੀਂ ਕਰ ਸਕਦਾ ਮੇਰੇ ਹੱਥ ਖੜੇ ਨੇ’। ਮੈਂ ਕਿਹਾ ਜੇ ਤੁਹਾਡੇ ਹੱਥ ਖੜੇ ਨੇ ਨਾ ਫਿਰ ਬੜੀ ਮਾੜੀ ਗੱਲ ਹੈ। ਮੈਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਗੱਲ ਦੱਸੀ। ਉਹ ਕਹਿੰਦੇ, ‘ਜੀ ਉਸ ਸਮਾਂ ਹੀ ਐਸਾ ਸੀ।’ ਮੈਂ ਕਿਹਾ ਨਹੀਂ, ਐਸ.ਜੀ.ਪੀ.ਸੀ. ਸੱਭ ਤੋਂ ਵੱਡੀ ਸੰਸਥਾ ਹੈ। ਜੇ ਉਹ ਨਹੀਂ ਖੜੀ ਹੋ ਸਕਦੀ ਤੇ ਫਿਰ ਕੌਣ ਖੜੇਗਾ। ਮੈਂ ਕਿਹਾ ਕਿ ਇਹ ਬਹੁਤ ਤਰਾਸਦੀ ਦਾ ਸਮਾਂ ਹੈ। ਸਿੱਖ ਕੌਮ ਵਾਸਤੇ ਤਾਂ ਖਲੋਵੋ। ਸਾਡੇ ਵਾਸਤੇ ਹੀ ਖਲੋ ਜਾਵੋ। ਹੋਰ ਕੁੱਝ ਨਾ ਕਰੋ ਜੋ ਰਾਗੀ ਸਿੰਘ ਨੇ ਜਿਹੜੇ ਉਨ੍ਹਾਂ ਦੀ ਖਲੋ ਜਾਈਏ।
ਲਾਲ ਸਿੰਘ ਫੱਕਰ : ਪ੍ਰਚਾਰਕਾਂ ਨੂੰ ਸਾਂਭਣ ਦੀ ਅੱਜ ਕੱਲ ਦੀ ਸਾਡੀ ਜਿਹੜੀ ਹੁਣ ਜਿਹੜੇ ਕਿ ਸਾਡੇ ਸਾਰੇ ਸਿੱਖ ਪੰਥ ਦੇ ’ਚ ਲੋੜ ਹੈ, ਗ੍ਰੰਥੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ ਸਾਂਭਣ ਦੀ, ਰਾਗੀ ਸਿੰਘਾਂ ਨੂੰ ਸਾਂਭਣ ਦੀ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕਰਦਾ।
ਹਿੰਮਤ ਸਿੰਘ ਫੱਕਰ : ਇਕ ਗੱਲ ਰਹਿ ਗਈ, ਜਿੰਨੇ ਸੰਗਰੂਰ ਅਤੇ ਪਟਿਆਲੇ ’ਚ ਰਾਗੀ-ਢਾਡੀ ਸਨ ਉਨ੍ਹਾਂ ਦੀ ਦਲੇਰ ਸਿੰਘ ਮਹਿੰਦੀ ਨੇ ਵੀ ਬਹੁਤ ਮਦਦ ਕੀਤੀ। ਲੋਕ ਜਿਹੜੇ ਬੜੇ ਕੱਟੜ ਨੇ, ਉਹ ਕਹਿੰਦੇ ਨੇ ਕਿ ਉਸ ਨੇ ਦਾੜ੍ਹੀ ਕੱਟੀ, ਪਰ ਵੇਖੋ ਦਿਲ ਤਾਂ ਉਸ ਦਾ ਕਿੱਡਾ ਵੱਡਾ ਹੈ ਦਲੇਰ ਸਿੰਘ ਮਹਿੰਦੀ ਦਾ। ਉਨ੍ਹਾਂ ਨੇ ਸੇਵਾ ਭੇਜੀ। ਉਨ੍ਹਾਂ ਨੇ ਦਵਾਈਆਂ ਭੇਜੀਆਂ ਲਾਕਡਾਊਨ ’ਚ। ਉਨ੍ਹਾਂ ਛੋਟੇ ਭਰਾ ਮੀਕਾ ਸਿੰਘ ਨੇ ਵੀ। ਵੇਖੋ ਜਿਹੜੀ ਚੰਗਿਆਈ ਹੈ ਉਹ ਕਦੀ ਨਹੀਂ ਭੁੱਲਣੀ ਚਾਹੀਦੀ। ਕਹਿੰਦੇ ਜੇ ਤੁਸੀਂ ਕਿਸੇ ਦੀ ਚੰਗਿਆਈ ਭੁੱਲ ਜਾਓਗੇ ਤਾਂ ਫਿਰ ਤੁਸੀਂ ਕੱਲ੍ਹ ਵੀ ਬਰਬਾਦ ਤੇ ਅੱਜ ਵੀ ਬਰਬਾਦ।
ਸਵਾਲ : ਘਰ ’ਚ ਵੀ ਗੱਲਾਂ ਚੱਲਦੀਆਂ ਹੋਣਗੀਆਂ ਇਸ ਤਰ੍ਹਾਂ ਸਾਡੇ ਨਾਲ ਵਿਤਕਰਾ ਹੁੰਦਾ ਹੈ। ਬੱਚੇ ਵੀ ਤੁਹਾਡੇ ਸੁਣਦੇ ਹੋਣਗੇ। ਬੱਚਿਆਂ ਦੇ ਮਨ ਦੇ ’ਚ ਕੋਈ ਨਾ ਕੋਈ ਗਿਲਾ ਹੁੰਦਾ ਹੋਵੇਗਾ?
ਹਿੰਮਤ ਸਿੰਘ ਫੱਕਰ : ਬੱਚੇ ਨਵੀਂ ਪੀੜ੍ਹੀ ਹਨ। ਜਦੋਂ ਅਸੀਂ ਆਪਸ ’ਚ ਇਸ ਬਾਰੇ ਕੋਈ ਗੱਲ ਕਰਦੇ ਹਾਂ ਤਾਂ ਵੀ ਬੂਹਾ ਬੰਦ ਕਰ ਕੇ ਕਰਦੇ ਹਾਂ।
ਸਵਾਲ: ਤੁਸੀਂ ਇਹ ਵੀ ਗੱਲ ਕਹਿ ਰਹੇ ਸੀ ਕਿ ਭੇਟਾ ਦੇਣ ਨੂੰ ਲੈ ਕੇ ਵੀ ਕਿੰਤੂ-ਪ੍ਰੰਤੂ ਹੁੰਦਾ ਹੈ। ਜੇ ਆਰਕੈਸਟਰਾ ’ਤੇ ਪੈਸਾ ਸੁੱਟਣਾ ਹੋਵੇ ਜਾਂ ਫਿਰ ਮਹਿੰਗੇ ਅਖਾੜੇ ਲਾਉਣੇ ਨੇ ਗਾਇਕਾਂ ਦੇ ਕਲਾਕਾਰਾਂ ਦੇ ਉੱਥੇ ਤਾਂ ਲੱਖਾਂ ਰੁਪਏ ਲਾ ਦੇਣਗੇ।
ਹਿੰਮਤ ਸਿੰਘ ਫੱਕਰ : ਇਹ ਸਾਨੂੰ ਹੀ ਨਹੀਂ ਹਰ ਰਾਗੀ ਨੂੰ ਇਤਰਾਜ਼ ਹੁੰਦਾ ਹੈ ਕਿ ਸਾਨੂੰ ਤੁਸੀਂ 1100 ਨਹੀਂ ਦਿੰਦੇ ਆਨੰਦ ਕਾਰਜ ’ਤੇ। ਹੁਣ ਤੁਸੀਂ ਸ਼ਰਾਬਾਂ ’ਤੇ ਅਤੇ ਜਨਾਨੀਆਂ ’ਤੇ ਪੰਜ-ਪੰਜ ਲੱਖ ਰੁਪਿਆ ਲੁਟਾ ਰਹੇ ਹੋ। ਮਾਫ ਕਰਿਉ ਇਹ ਸਿੱਖ ਕੌਮ ਦਾ ਕੰਮ ਨਹੀਂ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਸਨ ਤਾਂ ਉਨ੍ਹਾਂ ਨੂੰ ਕੋਰੜੇ ਪਏ ਸਨ ਅਕਾਲ ਤਖਤ ਸਾਹਿਬ ਤੋਂ। ਅਸੀਂ ਅਕਾਲ ਤਖਤ ਨੂੰ ਕਤਪੁਤਲੀ ਬਣਾ ਲਿਆ। ਮਾਫ ਕਰਿਉ, ਕਿਸੇ ਹੋਰ ਪਾਸੇ ਗੱਲ ਨਾ ਲੈ ਕੇ ਜਾਇਉ। ਜਿਨ੍ਹਾਂ ਨੇ ਬਣਾਇਆ ਉਨ੍ਹਾਂ ਬਾਰੇ ਮੈਂ ਗੱਲ ਕਰ ਰਿਹਾ ਹਾਂ, ਪਰ ਸਾਨੂੰ ਵੀ ਯਾਦ ਕਰੋ। ਸਾਡੇ ਬਜ਼ੁਰਗਾਂ ਨੇ ਅਕਾਲ ਤਖਤ ਉੱਤੇ ਖਲੋ ਕੇ ਕਸਮਾਂ ਖਾਧੀਆਂ ਨੇ ਕਿ ‘ਮਹਾਰਾਜ ਜੇ ਸਾਨੂੰ ਲਜਾਈਂ ਤਾਂ ਸਿੱਖੀ ’ਚ ਲਜਾਈਂ। ਅਸੀਂ ਸਿੱਖੀ ਪਤਾ ਕਿਵੇਂ ਪਾਲੀ ਹੈ। ਛੱਪੜਾਂ ਦਾ ਪਾਣੀ ਪੀ-ਪੀ ਕੇ ਸਾਡੇ ਬਜ਼ੁਰਗਾਂ ਭਾਈ ਗੁਰਮੁਖ ਸਿੰਘ ਸੁਰਮੁੱਖ ਸਿੰਘ ਨੇ। ਜਦੋਂ ਅਸੀਂ ਸਿੱਖ ਸਜੇ ਸੀ ਤਾਂ ਉਦੋਂ ਮੁਸਲਮਾਨ ਅਪਣੇ ਖੂਹ ’ਤੇ ਨਹੀਂ ਸੀ ਚੜ੍ਹਨ ਦਿੰਦੇ ਸਨ ਹਿੰਦੂ ਖੂਹ ’ਤੇ ਨਹੀਂ ਸੀ ਚੜ੍ਹਨ ਦਿੰਦੇ ਸਨ। ਹਿੰਦੂ ਕਹਿੰਦੇ ਸਨ ਤੁਸੀਂ ਮੁਸਲਮਾਨ ਹੋ ਤੇ ਮੁਸਲਮਾਨ ਕਹਿੰਦੇ ਸਨ ਤੁਸੀਂ ਹਿੰਦੂ ਬਣ ਗਏ ਹੋ। ਜਦੋਂ ਫੱਕਰ ਪਰਵਾਰ ਮੁਸਲਿਮ ਧਰਮ ਨੂੰ ਛੱਡ ਕੇ ਸਿੱਖੀ ਦੇ ’ਚ ਆਇਆ ਉਸ ਸਮੇਂ ਦੀ ਗੱਲ ਕਰ ਰਹੇ ਹਾਂ। ਹੁਣ ਮਾਫ ਕਰਿਉ ਮੁਸਲਮਾਨਾਂ ਨੂੰ ਅਸੀਂ 21-21 ਲੱਖ ਰੁਪਏ ਦੇ ਰਹੇ ਹਾਂ ਪਾਕਿਸਤਾਨ ’ਚ ਜਾ ਕੇ। ਸਾਨੂੰ ਇੱਥੇ ਕੋਈ ਪੁੱਛਣ ਹੀ ਨਹੀਂ ਆ ਰਿਹਾ।
ਲਾਲ ਸਿੰਘ ਫੱਕਰ : ਅਸੀਂ ਇਸ ਬਾਰੇ ਇਸ ਵਾਸਤੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਰਹੇ ਕਿ ਅਸੀਂ ਅਪਣੇ ਬਾਰੇ ਦੱਸੀਏ ਕਿ ਸਾਨੂੰ ਪਿੱਛੇ ਨਾ ਛੱਡੋ ਸਾਨੂੰ ਵੀ ਅਪਣੇ ਨਾਲ ਰਲਾਉ। ਕਹਿਣ ਦਾ ਮਤਲਬ ਇਹ ਕਿ ਸਾਨੂੰ ਬੁਲਾਇਆ ਵੀ ਜਾਂਦਾ ਕੀਰਤਨ ਦਰਬਾਰਾਂ ’ਤੇ ਵਿਸ਼ੇਸ਼ ਤੌਰ ’ਤੇ ਵੀ ਬੁਲਾਇਆ ਜਾਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਊਣ ਰਹਿ ਜਾਂਦੀ ਹੈ।
ਸਵਾਲ : ਪੱਖਪਾਤ ਕਾਰਨ?
ਲਾਲ ਸਿੰਘ ਫੱਕਰ : ਪੱਖਪਾਤ ਹੈ। ਪਹਿਲਾਂ ਵੀ ਤੁਹਾਨੂੰ ਇਹ ਕਿਹਾ ਕਿ ਸੌਖਾ ਰਾਹ ਦੁਨੀਆਂ ਲੱਭਦੀ ਹੈ। ਹੁਣ ਤਾਂ ਬੜੀ ਫਿਰ ਮਹਾਰਾਜ ਦੀ ਵੱਡੀ ਕਿਰਪਾ ਹੋ ਗਈ ਹੈ, ਕਿ ਅੱਜਕਲ੍ਹ ਰਾਗ ਵੀ ਸੰਗਤ ਸੁਣ ਰਹੀ ਹੈ। ਪਿੱਛੇ ਜਿਹੇ ਤਾਂ ਇਕ ਦਮ ਦੀ ਰਾਗ ਛੱਡ ਗਏ ਸਨ, ਇਸ ਦੀਆਂ ਕਾਫੀ ਵੀਡੀਉ ਵੀ ਵਾਇਰਲ ਹੋਈਆਂ। ਹੁਣ ਅਸੀਂ ਤਾਂ ਵੀ ਪੰਜ-ਸੱਤ ਮਿੰਟ ਜ਼ਰੂਰ ਸੰਗਤ ਨੂੰ ਰਾਗ ਸੁਣਾਉਂਦੇ ਸਾਂ ਕਿ ਸਾਡੀ ਗੁਰੂ ਦੀ ਦਿਤੀ ਮਰਿਆਦਾ ਹੈ ਨਾ ਜਿਹੜੀ ਸੰਗਤ ਜੀ ਉਹ ਜਰੂਰ ਸੁਣਨੀ ਹੈ ਤੁਸੀਂ। ਜੇ ਅਸੀਂ ਸੁਣਾਵਾਂਗੇ ਨਹੀਂ ਤਾਂ ਸੰਗਤ ਕਿੱਥੋਂ ਸੁਣੇਗੀ?
ਹਿੰਮਤ ਸਿੰਘ ਫੱਕਰ : ਅਸੀਂ ਰਾਤੀ ਕੀਰਤਨ ਕਰ ਕੇ ਆਏ ਆਂ ਲੁਧਿਆਣੇ। ਅਸੀਂ ਉੱਥੇ ਰਾਗ ਗਾਏ ਨੇ। ਸਾਨੂੰ ਸੁਣਦੇ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ, ਸ਼ਾਂਤ ਸਾਬ੍ਹ ਸਾਡੇ ਵੱਡੇ ਭਾਈ ਸਾਹਿਬ ਨੂੰ ਸੁਣਦੇ ਸਨ। ਵੇਖੋ ਜੀ ਸਾਨੂੰ ਇੰਗਲੈਂਡ ਵਾਸਤੇ ਰਾਹਦਾਰੀ ਦਿਤੀ ਬਾਬਾ ਅਜੀਤ ਸਿੰਘ ਜੀ ਯੂ.ਕੇ. ਵਾਲਿਆਂ ਨੇ। ਸਾਨੂੰ ਵੀਜ਼ਾ ਨਹੀਂ ਲੱਗਾ ਕਿਉਂਕਿ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਸਾਡੇ ਅਕਾਊਂਟ ’ਚ ਏਨੇ ਪੈਸੇ ਹੋਣੇ ਚਾਹੀਦੇ ਹਨ। ਸਾਡੇ ਖਾਤਿਆਂ ’ਚ ਓਨੇ ਪੈਸੇ ਨਹੀਂ ਸਨ। ਅਸੀਂ ਨਹੀਂ ਉੱਥੇ ਤਕ ਪਹੁੰਚ ਨਹੀਂ ਕਰ ਸਕੇ ਕਿਉਂਕਿ ਕਹਿੰਦੇ ਜੀ ਤੁਹਾਡੇ ਖਾਤੇ ਖਾਲੀ ਨੇ। ਸਾਨੂੰ ਇਹ ਦਸਿਆ ਗਿਆ। ਅਸੀਂ ਕਹਿ ਦਿਤਾ ਕਿ ਸਾਡੇ ਖਾਤੇ ਤਾਂ ਸ਼ੁਰੂ ਤੋਂ ਹੀ ਖਾਲੀ ਨੇ ਹੁਣ ਕੀਤਾ ਕੀ ਜਾਏ? ਇਨ੍ਹਾਂ ਨੂੰ ਕਿਵੇਂ ਭਰੀਏ ਸਾਡੀ ਕੋਈ ਕਾਲੀ ਕਮਾਈ ਤਾਂ ਹੈ ਨਹੀਂ। ਬਾਬਾ ਜੀ ਨੇ ਬੜਾ ਜ਼ੋਰ ਲਾਇਆ ਪਰ ਮਾਫ ਕਰਿਉ ਅਸੀਂ ਵੀ ਬਾਹਰ ਆਉਣਾ-ਜਾਣਾ ਚਾਹੁੰਦੇ ਆਂ ਕਿ ਸੰਗਤਾਂ ਦੇ ਦਰਸ਼ਨ ਕਰੀਏ। ਸਾਡੇ ਵੀ ਬੱਚਿਆਂ ਦਾ ਕੁੱਝ ਚੰਗਾ ਹੋ ਜਾਵੇ। ਬੱਚੇ ਕਿਉਂ ਪਿੱਛੇ ਹੱਟ ਰਹੇ ਨੇ? ਇਸੇ ਕਰ ਕੇ ਕਹਿੰਦੇ ਨੇ ਪਾਪਾ ਜੀ ਤੁਸੀਂ ਕੀ ਕੀਤਾ?
ਲਾਲ ਸਿੰਘ ਫੱਕਰ : ਸਾਨੂੰ ਕਿਸੇ ਸੰਸਥਾ ਨੇ ਨਹੀਂ ਸਾਂਭਿਆ, ਸਾਨੂੰ ਜੇ ਸਾਂਭਿਆ ਤਾਂ ਮਹਾਂਪੁਰਸ਼ਾਂ ਨੇ ਸਾਂਭਿਆ। ਬਾਬਾ ਅਜੀਤ ਸਿੰਘ ਯੂ.ਕੇ. ਵਾਲੇ, ਬਾਬਾ ਅਵਤਾਰ ਸਿੰਘ ਜੀ, ਬਾਬਾ ਹਰਜੀਤ ਸਿੰਘ ਜੀ, ਬਾਬਾ ਹਰਚੰਦ ਸਿੰਘ ਲਾਡੀ ਜੀ ਵਰਗਿਆਂ ਨੇ ਸਾਡੇ ਬਜ਼ੁਰਗਾਂ ਦੇ ਕੀਰਤਨ ਸੁਣੇ ਸਨ ਅਤੇ ਅੱਜ ਤਕ ਸਾਨੂੰ ਨਿਵਾਜ਼ਦੇ ਨੇ ਉਨ੍ਹਾਂ ਨੇ ਸਾਡੀ ਲਾਕਡਾਊਨ ’ਚ ਮਦਦ ਕੀਤੀ।
ਸਵਾਲ : ਲਾਕਡਾਊਨ ’ਚ ਕੀ ਹੋਇਆ?
ਲਾਲ ਸਿੰਘ ਫੱਕਰ : ਲਾਕਡਾਊਨ ’ਚ ਸਾਡਾ ਘਰ ਵਿਕ ਗਿਆ, ਗੱਡੀ ਵਿਕ ਗਈ। ਉਸ ਤੋਂ ਬਾਅਦ ਇਕਦਮ ਹੀ ਸਾਰਾ ਕੁੱਝ ਵਿਕ ਗਿਆ ਕਿਉਂਕਿ ਈ.ਐਮ.ਆਈ. ਚਲਦੀਆਂ ਸਨ। ਕੰਮ ਹੌਲੀ-ਹੌਲੀ ਚੱਲਦਾ ਹੈ। ਹੁਣ ਕਿਤੇ ਜਾ ਕੇ ਥੋੜ੍ਹਾ ਬਹੁਤਾ ਚਲਿਆ ਹੈ। ਹੁਣ ਮੈਂ ਕਿਰਾਏ ’ਤੇ ਰਹਿੰਦਾ ਹਾਂ।
ਸਵਾਲ : ਰਬਾਬੀ ਕਿੰਨੇ ਕੁ ਕੀਰਤਨ ਨਾਲ ਜੁੜੇ ਹੋਏ ਨੇ? ਕਿੰਨੇ ਕੁ ਪਰਵਾਰ ਨੇ ਕਿੰਨੇ ਕੁ ਸਿੰਘ ਨੇ ਜਿਹੜੇ ਇਸ ਸਮੇਂ ਰਬਾਬੀ ਹਨ?
ਲਾਲ ਸਿੰਘ ਫੱਕਰ : ਰਬਾਬੀ ਤਾਂ ਕਾਫੀ ਪਰਵਾਰ ਨੇ। ਕਹਿਣ ਦਾ ਮਤਲਬ ਹੈ ਕਿ ਗਿਣਤੀ ਘੱਟ ਗਈ ਹੈ। ਅੱਗੇ ਨਾਲੋਂ ਜਿਹੜੇ ਪਰਵਾਰ ਪੁਰਾਣੇ ਵੀ ਰਬਾਬੀ ਸਨ ਉਨ੍ਹਾਂ ਦੇ ਬੱਚੇ ਵੀ ਅੱਗੋਂ ਕੀਰਤਨ ਛੱਡਦੇ ਜਾ ਰਹੇ ਨੇ ਕਿਉਂਕਿ ਪੁਰਾਤਨ ਸ਼ਹਿਰ ਨੂੰ ਸੰਭਾਲਣ ਵਾਲੇ ਲੋਕ ਘੱਟ ਹਨ।
ਸਵਾਲ : ਕਿਉਂ ਛੱਡ ਰਹੇ ਨੇ? ਤੁਹਾਡੇ ਅਗਲੀ ਕੋਈ ਪੀੜ੍ਹੀ ਕੀਰਤਨ ਦੇ ਨਾਲ ਕਿਉਂ ਨਹੀਂ ਜੁੜ ਰਹੀ। ਕੀ ਉਨ੍ਹਾਂ ਨੂੰ ਮਾਣ ਸਤਿਕਾਰ ਨਹੀਂ ਦਿਤਾ ਜਾਂਦਾ?
ਲਾਲ ਸਿੰਘ ਫੱਕਰ : ਮਾਣ ਸਤਿਕਾਰ ਮਿਲਦਾ ਹੈ। ਪਰ ਅੱਗੋਂ ਬੱਚਿਆਂ ਨੂੰ ਸਿੱਖਣਾ ਵੀ ਨਹੀਂ ਆ ਰਿਹਾ। ਕੋਈ ਉਸਤਾਦ ਚੰਗਾ ਨਹੀਂ ਮਿਲਦਾ। ਜੇ ਪਰਵਾਰ ਦੇ ’ਚ ਸੰਗੀਤ ਹੈ ਤਾਂ ਉਹ ਬਾਹਰ ਲੱਗ ਜਾਂਦੇ ਨੇ। ਬਾਹਰੋਂ ਸਿੱਖਣਾ ਸ਼ੁਰੂ ਕਰਦੇ ਨੇ। ਸੌਖਾ ਰਾਹ ਲੱਭਦੇ ਨੇ। ਕਿਸੇ ਵੀ ਕੀਰਤੀ ਨੂੰ ਲੱਭਣ ਲਈ ਸੌਖਾ ਰਾਹ ਲੱਭਦੇ ਨੇ। ਮਿਹਨਤ ਬੜੀ ਜਰੂਰੀ ਹੈ। ਕਿਸੇ ਵੀ ਚੀਜ਼ ਨੂੰ ਲੈ ਕੇ ਜੇ ਅਸੀਂ ਮਿਹਨਤ ਕਰਦੇ ਹਾਂ। ਜਿਵੇਂ ਕਿ ਸ਼ਾਸਤਰੀ ਸੰਗੀਤ ਹੀ ਲਾ ਲਉ। ਜਿਵੇਂ ਗੁਰਮਤ ਸੰਗੀਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਮਤ ਸੰਗੀਤ ਬਖਸ਼ਿਆ, ਪਰ ਅਸੀਂ ਸਾਰੇ ਰਾਗਾਂ ਨੂੰ ਅਪਣੇ ਨਾਲ ਰੱਖਿਆ। ਸ਼ਸਤਰ ਸੰਗੀਤ ਦੇ ਵੀ ਰਾਗ ਗਾਈਦੇ ਨੇ ਤੇ ਗੁਰਮਤ ਸੰਗੀਤ ਦੇ ਵੀ ਗਾਏਦੇ ਨੇ। ਪਹਿਲ ਗੁਰਮਤ ਸੰਗੀਤ ਨੂੰ ਹੈ ਪਹਿਲ ਸ਼ਬਦ ਨੂੰ ਹੈ ਕਿਉਂਕਿ ਸਾਡਾ ਗੁਰੂ ਸ਼ਬਦ ਹੈ। ਆਪਾਂ ਸ਼ਬਦ ਨੂੰ ਰਾਗਾਂ ’ਚ ਲੈ ਕੇ ਗਾ ਰਹੇ ਹਾਂ। ਆਉਣ ਵਾਲੇ ਬੱਚੇ ਮਿਹਨਤ ਘੱਟ ਕਰਦੇ ਨੇ।
ਸਵਾਲ : ਤੁਸੀਂ ਏਕਾਧਿਕਾਰ ਦਾ ਜ਼ਿਕਰ ਕੀਤਾ, ਇਸ ਨੇ ਵੀ ਨੁਕਸਾਨ ਕੀਤਾ। ਕਈ ਸਿੰਘ ਨੇ ਜਿਹੜੀ ਕੀਰਤਨੀਏ ਸੀ ਉਹ ਏਕਾਧਿਕਾਰ ਦੇ ਕਾਰਨ ਘਰ ਬੈਠ ਗਏ ਨੇ ਛੱਡ ਗਏ ਨੇ ਕੀਰਤਨ ਵਾਲਾ ਕਿੱਤਾ?
ਹਿੰਮਤ ਸਿੰਘ ਫੱਕਰ : ਹੁਣ ਵੇਖੋ ਜੀ ਛੱਡਣਾ ਹੀ ਪੈਣਾ ਹੈ ਜਦੋਂ ਕੋਈ ਬੁਲਾ ਨਹੀਂ ਰਿਹਾ। ਅਸੀਂ ਦੋ-ਦੋ ਢਾਈ-ਢਾਈ ਘੰਟੇ ਰੋਜ਼ ਰਿਆਜ਼ ਕਰੀਦਾ ਹੈ। ਜਦੋਂ ਵੇਖੀਦਾ ਹੈ ਕਿ ਸਾਡੇ ਨਾਲੋਂ ਤਾਂ ਕਈ ਲੋਕ ਚੰਗੇ ਨੇ ਜਿਹੜੇ ਕੀਰਤਨ ਛੱਡ ਕੇ ਰੇੜੀਆਂ ਲਾ ਰਹੇ ਨੇ। ਕੋਈ ਬਰਗਰ ਦੀ ਰੇੜ੍ਹੀ ਲਾ ਰਿਹਾ ਹੈ, ਕੋਈ ਕੁੱਝ ਹੋਰ ਕਰ ਰਿਹਾ ਹੈ। ਪਰ ਸਾਡੇ ਮਾਤਾ-ਪਿਤਾ ਨੇ ਸਾਨੂੰ ਇਹ ਸਮਝਾਇਆ ਹੈ ਕਿ ਕੀਰਤਨ ਨਹੀਂ ਛੱਡਣਾ। ਅਸੀਂ ਵੀ ਅਰਦਾਸ ਕਰ ਰਹੇ ਸਤਿਗੁਰੂ ਸਾਡੇ ਰਹਿੰਦੇ ਜਿਹੜੇ ਸਵਾਸ ਨੇ ਅਸੀਂ ਕੀਰਤਨੀਏ ਹੀ ਮਰੀਏ। ਹੁਣ ਅੱਜਕਲ੍ਹ ਜਿਹੜਾ ਵੀ ਬੱਚਾ ਉੱਠਦਾ ਹੈ ਉਹ ਪੁੱਛਦਾ ਹੈ ਜੀ ਮੈਨੂੰ ਕਿੰਨੇ ਦਿਨਾਂ ’ਚ ਕੀਰਤਨ ਆ ਜਾਵੇਗਾ। ਅਸੀਂ ਕਿਹੰਦੇ ਹਾਂ ਕਿ ‘ਤੈਨੂੰ ਬਾਈ ਰੋਡ ਆ ਜਾਏਗਾ’। ਉਹ ਚਾਹੁੰਦੇ ਨੇ ਕਿ ਅਸੀਂ ਦੋ ਟਿਊਨਾ ਸਿੱਖੀਏ ਤੇ ਕੀਰਤਨ ਕਰਨ ਲੱਗ ਜਾਈਏ। ਕੰਨਰਸ ਜ਼ਿਆਦਾ ਹੋ ਗਿਆ ਹੈ ਅੱਜਕੱਲ।
ਲਾਲ ਸਿੰਘ ਫੱਕਰ : ਅੱਜਕਲ੍ਹ ਤੁਸੀਂ ਵੇਖ ਹੀ ਰਹੇ ਹੋ ਕਾਫੀ ਮੁੱਦਾ ਹੈ ਕਿ ਗਾਣਿਆਂ ਦੇ ਉੱਤੇ ਸ਼ਬਦ ਲੱਗ ਰਹੇ ਨੇ। ਪੁਰਾਤਨ ਸ਼ੈਲੀ ਨੂੰ, ਪੁਰਾਤਨ ਸ਼ਬਦਾਂ ਨੂੰ ਘੱਟ ਗਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਕਾਫੀ ਪੁਰਾਣੇ ਕੀਰਤਨੀਏ ਵੀ ਪੁਰਾਤਨ-ਪੁਰਾਤਨ ਬੰਦਿਸ਼ਾਂ ਰਾਗੀ ਸਿੰਘਾਂ ਦੀਆਂ ਪੜਦੇ ਸਨ। ਰਬਾਬੀ ਸਿੰਘਾਂ ਦੀਆਂ ਪੜ੍ਹਦੇ ਸਨ। ਅੱਜ ਕੱਲ ਦੇ ਜਿਹੜੇ ਨਵੇਂ ਕਿਰਤਨੀਏ ਨੇ ਇਹਨਾਂ ਨੂੰ ਪੁਰਾਤਨ ਬੰਦਿਸ਼ਾਂ ਬਾਰੇ ਨਹੀਂ ਪਤਾ। ਅੱਜ ਕੱਲ ਸ਼ਬਦ ਪੂਰਾ ਪੜ੍ਹਦੇ ਹੀ ਨਹੀਂ। ਚਾਰ ਕੁ ਤੁਕਾਂ ਪੜ੍ਹ ਕੇ ਫਿਰ ਵਾਹਿਗੁਰੂ, ਫਿਰ ਚਾਰ ਤੁਕਾਂ ਪੜ੍ਹ ਕੇ ਫਿਰ ਵਾਹਿਗੁਰੂ। ਠੀਕ ਹੈ ਜੇ ਵਾਹਿਗੁਰੂ ਹੀ ਕਹਿਣਾ ਸੀ ਤਾਂ ਪਾਤਸ਼ਾਹ ਫਿਰ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ’ਚ ਲਿਖ ਦਿੰਦੇ। ਪਰ ਨਹੀਂ ਸਤਿਗੁਰੂ ਨੇ ਸਾਨੂੰ ਕਿਹਾ ਹੈ ਕਿ ਤੁਹਾਡਾ ਗੁਰੂ ਸ਼ਬਦ ਹੈ। ਆਪਾਂ ਸ਼ਬਦ ਨੂੰ ਪਹਿਲਾਂ ਅੱਗੇ ਲੈ ਕੇ ਚੱਲਣਾ ਹੈ। ਅੱਜ ਕੱਲ ਰਾਗੀ ਸਿੰਘਾਂ ਨੂੰ ਸ਼ਬਦ ਯਾਦ ਨਹੀਂ ਹੁੰਦੇ। ਪੁਰਾਤਨ ਬੰਦਿਸ਼ਾਂ ਤਾਂ ਛੱਡੋ ਸ਼ਬਦ ਯਾਦ ਹੀ ਨਹੀਂ ਕੋਈ ਕਰ ਰਿਹਾ। ਪਹਿਲਾਂ ਪੁਰਾਤਨ ਰਗੀਆਂ ਨੂੰ 100-100 ਸ਼ਬਦ ਯਾਦ ਹੁੰਦਾ ਸੀ। ਮੇਰੇ ਪਿਤਾ ਜੀ ਜਦੋਂ ਸੇਵਾ ਕਰਦੇ ਸਨ ਤਾਂ ਘੱਟੋ-ਘੱਟ ਪੰਜ ਸਾਢੇ 500 ਸ਼ਬਦ ਯਾਦ ਹੋਇਆ ਤਾਂ ਹਾਜ਼ਰੀ ਭਰਨੀ ਸ਼ੁਰੂ ਕੀਤੀ ਉਨ੍ਹਾਂ ਨੇ। ਹੁਣਦਿਆਂ ਨੂੰ ਮੈਨੂੰ ਨਹੀਂ ਲਗਦਾ ਕਿ ਕਿਸੇ ਨੂੰ ਦਸ ਕੁ ਸ਼ਬਦ ਵੀ ਯਾਦ ਹੋਣ। ਇਸ ਤਰ੍ਹਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਗੁਰੂ ਨੇ ਜੋ ਕਿਰਤੀ ਬਖਸ਼ਿਸ਼ ਕੀਤੀ ਹੈ ਪਰ ਅਸੀਂ ਉਹਨੂੰ ਯਾਦਦਾਸ਼ਤ ਹੀ ਨਹੀਂ ਬਣਾ ਰਹੇ। ਅੱਜ ਜੇ ਤੁਸੀਂ ਕੋਈ ਕੋਈ ਕੰਮ ਕਰ ਰਹੇ ਹੋ ਨਾ ਉਸ ਦੀ ਪੜ੍ਹਾਈ ਕਰਨੀ ਪੈਂਦੀ ਹੈ। ਇਸ ਤਰ੍ਹਾਂ ਹੀ ਇਹ ਪੜ੍ਹਾਈ ਹੈ। ਇਹ ਪੜ੍ਹਾਈ ਕੋਈ ਕਰ ਨਹੀਂ ਰਿਹਾ ਨਾ ਸਿੱਖਣ ਨੂੰ ਕੋਈ ਤਿਆਰ ਹੈ। ਸੌਖਾ ਰਾਹ ਲੱਭ ਰਿਹਾ ਹੈ। ਸੌਖਾ ਰਾਹ ਕੀ ਹੈ? ਚਾਰ-ਪੰਜ ਰੀਤਾਂ, ਜਿਹੜੀਆਂ ਕੰਨਰਸ ਹਨ, ਜਿਹੜੀਆਂ ਕਿ ਅੱਜਕੱਲ੍ਹ ਚੱਲ ਰਹੀਆਂ ਨੇ ਉਹ ਸੁਣੀਆਂ ਤੇ ਕੀਰਤਨ ਕਰਨ ਲੱਗ ਗਏ। ਉਸ ਤੋਂ ਵੀ ਸੌਖਾ ਤਰੀਕਾ ਕੀ ਮਿਲ ਗਿਆ ਕਿ ਜਿਹੜਾ ਬੱਚਾ ਕਿਤੋਂ ਨਹੀਂ ਸਿੱਖ ਪਾ ਰਿਹਾ ਉਹ ਯੂਟਿਊਬ ’ਤੇ ਜਾਂਦਾ ਹੈ, ਵੱਡੇ ਉਸਤਾਦ ਯੂਟਿਊਬ ’ਤੇ ਅਪਣਾ ਪਾਠ ਪਾ ਦਿੰਦੇ ਨੇ। ਬੱਚੇ ਕੀ ਕਰਦੇ ਨੇ ਕਿ ਉਥੋਂ ਹੀ ਸਿੱਖ ਕੇ ਗੁਰਦੁਆਰੇ ’ਚ ਸ਼ਬਦ ਪੜ੍ਹ ਦਿੰਦੇ ਹਨ। ਇਸ ਤਰ੍ਹਾਂ ਛੋਟੇ ਉਸਤਾਦਾਂ ਦੀ ਰੋਟੀ ਵੀ ਬੰਦ ਹੋ ਗਈ।
ਠੀਕ ਹੈ ਤੁਸੀਂ ਸ਼ਬਦ ਪੜ੍ਹ ਦਿਤਾ, ਸ਼ਬਦ ਦੀ ਪਹਿਲ ਹੈਗੀ ਹੈ। ਪਰ ਤੁਹਾਡੇ ਅੰਦਰ ਸੁਰ ਹੋਣਾ ਬੜਾ ਜ਼ਰੂਰੀ ਹੈ। ਤੁਹਾਡੇ ਅੰਦਰ ਹਰ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ। ਉਹਦੀ ਸ਼ੈਲੀ ਕੀ ਹੈ? ਰਾਗ ਦੀ ਬਣਤਰ ਕੀ ਹੈ? ਸੋਰਠ ਕੀ ਹੈ? ਕਲਿਆਣ ਕੀ ਹੈ? ਸ਼ਾਮ ਵੇਲੇ ਕਿਹੜਾ ਰਾਗ ਗਾਣਾ ਹੈ? ਦੁਪਹਿਰ ਵੇਲੇ ਕਿਹੜਾ ਰਾਗ ਗਾਣਾ ਹੈ? ਅੰਮ੍ਰਿਤ ਵੇਲੇ ਦੇ ਕਿਹੜੇ ਰਾਗ ਹਨ? ਆਸਾ ਦੀ ਵਾਰ ਕਿਹੜੇ ਰਾਗਾਂ ’ਚ ਪੜ੍ਹਨੀ ਹੈ? ਸਾਨੂੰ ਤਾਂ ਗੁਰੂ ਨਾਨਕ ਨੇ ਆਸਾ ਦਾ ਰਾਗ ਬਖਸ਼ਿਆ ਸੱਭ ਤੋਂ ਪਹਿਲਾਂ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਸਾਰੇ ਰਾਗਾਂ ਦਾ ਗਿਆਤਾ ਕਰ ਦਿਤਾ ਸੀ। ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪ ਗਾਇਨ ਕੀਤਾ ਉਪਰੰਤ ਬਾਬਾ ਜੀ ਨੇ ਮਗਰ ਲੱਗ ਕੇ ਐਸਾ ਗਾਇਨ ਕੀਤਾ ਤੇ ਆਪ ਜੀ ਫਿਰ ਸੁਣ ਵੀ ਰਹੇ ਹੋ। ਇਸ ਤਰ੍ਹਾਂ ਅੱਜਕੱਲ ਰਾਗ ਆਸਾ ਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ। ਆਸਾ ਦੇ ਕਿੰਨੇ ਠਾਠ ਨੇ, ਮਾਲਵੇ ਦੇ ਕਿੰਨੇ ਠਾਠ ਨੇ, ਕਲਿਆਣ ਕਿਹੜੇ ਠਾਟ ’ਚ ਹੈ ਇਹ ਵੀ ਨਹੀਂ ਪਤਾ। ਇਹ ਇਹ ਵੀ ਪੜ੍ਹਾਈ ਹੈ। ਅੱਜ ਕੱਲ ਦੇ ਰਾਗੀਆਂ ਨੂੰ ਨਹੀਂ ਪਤਾ।
ਸਵਾਲ : ਹਿੰਮਤ ਜੀ ਇਕ ਤੁਸੀਂ ਇਹ ਵੀ ਨਾਰਾਜ਼ਗੀ ਪ੍ਰਗਟਾ ਰਹੇ ਸੀ ਕਿ ਬਹੁਤ ਵੱਡਾ ਤੁਹਾਡਾ ਤੁਹਾਡੇ ਪਰਵਾਰ ਦਾ ਇਤਿਹਾਸ ਰਿਹਾ ਸਿੱਖ ਕੌਮ ਦੇ ਵਿੱਚ। ਤਾਂ ਐਸ.ਜੀ.ਪੀ.ਸੀ. ਦੇ ਨਾਲ ਵੀ ਕਿਤੇ ਨਾ ਕਿਤੇ ਤੁਹਾਨੂੰ ਨਾਰਾਜ਼ਗੀ ਸੀ। ਉਹ ਕੀ ਕਿਉਂ ਨਰਾਜ਼ਗੀ ਹੈ?
ਹਿੰਮਤ ਸਿੰਘ ਫੱਕਰ : ਸਾਡੇ ਬਜ਼ੁਰਗਾਂ ਭਾਈ ਗੁਰਮੁਖ ਸਿੰਘ, ਭਾਈ ਗੁਰਮੁਖ ਸਿੰਘ ਜੀ ਸਰਵਰਣ ਸਿੰਘ ਫੱਕਰ ਜੀ ਨੂੰ 18 ਵਾਰੀ ਗੋਲਡ ਮੈਡਲ ਮਿਲਿਆ ਉਥੋਂ। ਭਾਈ ਹਰਿੰਦਰ ਸਿੰਘ ਭਾਈ ਜਗਤਾਰ ਸਿੰਘ ਜੀ ਨੂੰ ਤਿੰਨ ਵਾਰੀ। ਸਾਨੂੰ ਅੱਗੇ ਬੁਲਾਏ ਹੀ ਨਹੀਂ ਜਾਂਦਾ। ਅਸੀਂ ਰਿਆਜ਼ ਕਰਦੇ ਹਾਂ। ਕਿਉਂਕਿ ਮਾਫ ਕਰਿਓ ਐਸਸੀਪੀਸੀ ਦੇ ’ਚ, ਮੈਂ ਉਨ੍ਹਾਂ ਨੂੰ ਮਾੜਾ ਨਹੀਂ ਕਹਿੰਦਾ, ਉਨ੍ਹਾਂ ਨੇ ਵੀ ਪਿਛਲੇ ਦਿਨਾਂ ਚ ਕਿਹਾ ਸੀ ਕਿ ਵਾਜੇ ਚੁੱਕ ਦਿਤੇ ਜਾਣਗੇ। ਵਾਜੇ ਚੁੱਕਣ ਦੀ ਵੀ ਗੱਲ ਨਹੀ ਵਾਜੇ ਵਜਾਣ ਦੀ ਵੀ ਗੱਲ ਨਹੀਂ ਹੈ। ਅਸਲ ’ਚ ਅਸੀਂ ਰਾਗ ਸਿੱਖਦੇ ਹੀ ਨਹੀਂ ਪਏ। ਜੇਕਰ ਗੁਰਬਾਣੀ ਨੂੰ ਅਸੀਂ ਝੁਠਲਾ ਦਿਆਂਗੇ ਫਿਰ ਕਿੱਧਰ ਜਾਵਾਂਗੇ?
ਲਾਲ ਸਿੰਘ ਫੱਕਰ : ਦਰਬਾਰ ਸਾਹਿਬ ਮੰਜੀ ਸਾਹਿਬ ਰਾਗ ਦਰਬਾਰ ਹੁੰਦੇ ਸਨ। ਸਾਡੇ ਘਰ ਬਕਾਇਦਾ ਲੈਟਰ ਪੈਡ ਚਿੱਠੀਆਂ ਆਉਂਦੀਆਂ ਹੁੰਦੀਆਂ ਸਨ। ਹੁਣ ਤਾਂ ਕਿੰਨੇ ਸਾਲ ਹੋ ਗਏ ਨੇ ਅੱਜ ਤਕ ਨਹੀਂ ਆਈਆਂ। ਇਹ ਪਹਿਲ ’91 ਦੇ ’ਚ ਸ਼ੁਰੂ ਹੋਈ ਸੀ। ਬੜੇ ਵੱਡੇ ਰਾਗੀਆਂ ਨੇ ਮਿਲ ਕੇ ਇਹ ਰਾਗ ਦਰਬਾਰ ਸ਼ੁਰੂ ਕੀਤਾ ਸੀ ਜੋ ਅੱਜ ਵੀ ਹੋ ਰਿਹਾ ਪਰ ਤਰਾਸਦੀ ਇਹ ਹੈ ਕਿ ਸਾਨੂੰ ਅੱਜ ਤਕ ਨਹੀਂ ਜੀ ਨਹੀਂ ਕਿਸੇ ਨੇ ਬੁਲਾਇਆ। ਅਸੀਂ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਸਾਨੂੰ ਬੁਲਾਇਆ ਜਾਏ। ਪਰ ਅਸੀਂ ਮੈਂ ਹੈਰਾਨ ਹਾਂ ਕਿਉਂ ਨਹੀਂ ਬੁਲਾਇਆ ਗਿਆ।
ਸਵਾਲ : ਤੁਹਾਨੂੰ ਕੀ ਲਗਦਾ ਹੈ ਕਿ ਕਿਉਂ ਅਣਵੇਖਿਆ ਕੀਤਾ ਗਿਆ?
ਹਿੰਮਤ ਸਿੰਘ ਫੱਕਰ : ਬੜੀ ਹੈਰਾਨਗੀ ਦੀ ਗੱਲ ਹੈ। ਅਸੀਂ ਤੇ ਆਪ ਇਸ ਗੱਲ ’ਤੇ ਸ਼ਸ਼ੋਪੰਜ ’ਚ ਪਏ ਹੋਏ ਹਾਂ। ਕਦੀ-ਕਦੀ ਮੈਂ ਮੇਰੇ ਬੇਟੇ ਨਾਲ ਭਤੀਜੇ ਨਾਲ ਗੱਲ ਕਰਦਾ ਹੁੰਦਾ ਕਿ ਬੇਟਾ ਇਹ ਕੀ ਗੱਲ ਹੋ ਗਈ ਹੈ? ਅਸੀਂ ਜਾ ਕੇ ਮਿਲ ਕੇ ਵੀ ਆਏ ਹਾਂ ਅਸੀਂ ਕਈ ਵਾਰੀ ਸਿਫ਼ਾਰਸ਼ ਵੀ ਲਾਈ ਹੈ। ਅਸੀਂ ਇਹ ਨਹੀਂ ਕਹਿੰਦੇ ਸਾਡੇ ’ਚ ਕੋਈ ਖਾਮੀ ਨਹੀਂ ਹੈ। ਜੇਕਰ ਸਾਡੇ ’ਚ ਕੋਈ ਖਾਮੀ ਹੈ ਤਾਂ ਸਾਨੂੰ ਦੱਸੀ ਜਾਵੇ। ਅਸੀਂ ਉਸ ਦੀ ਪੂਰਤੀ ਕਰਾਂਗੇ। ਪਰ ਕਹਿ ਦਿੰਦੇ ਨੇ ਕਿ ਕੋਈ ਖ਼ਾਮੀ ਨਹੀਂ, ਅਸੀਂ ਤੁਹਾਨੂੰ ਅਗਲੀ ਵਾਰੀ ਸਾਨੂੰ ਯਾਦ ਕਰਾਂਗੇ। ਗੱਲ ਇਹ ਹੈ ਬਈ ਜੇ ਐਸ.ਜੀ.ਪੀ.ਸੀ. ਵਾਲੇ ਰਾਗੀ ਹਰ ਥਾਂ ਆਉਣਗੇ ਤਾਂ ਸਾਡਾ ਵੀ ਗਰੀਬਾਂ ਦਾ ਕੀ ਬਣੇਗਾ? ਨਾ ਸਾਨੂੰ ਕੋਈ ਅਮਰੀਕਾ ਕੈਨੇਡਾ ਬੁਲਾਉਂਦਾ ਹੈ।
ਸਵਾਲ : ਬੱਚਿਆਂ ਨੂੰ ਕਿਵੇਂ ਗੁਰਬਾਣੀ ਦੇ ਨਾਲ ਜੋੜਿਆ ਜਾਵੇ?
ਹਿੰਮਤ ਸਿੰਘ ਫੱਕਰ : ਜਦੋਂ ਅਸੀਂ ਬੱਚੇ ਨੂੰ ਜੋੜਨ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦਾ ਮੈਨੂੰ ਇਸੇ ਰਾਗ ਦੇ ’ਚ ਕੋਈ ਗਾਣਾ ਦੱਸੋ। ਅਸੀਂ ਕਹਿੰਦੇ ਹਾਂ ਪੁੱਤਰ ਨਹੀਂ, ਇਹ ਪੁਰਾਤਨ ਬੰਦਿਸ਼ਾਂ ਨੇ 100-100 ਸਾਲ ਪੁਰਾਣੀਆਂ ਕੋਈ ਹੁਣ ਇਹਨੂੰ ਨੂੰ ਗਾਇਨ ਨਹੀਂ ਕਰਦਾ। ਇਹਨਾਂ ਨੂੰ ਸੁਣਾਉਣ ਲਈ ਅਸੀਂ ਤੁਹਾਡੇ ਤਕ ਪਹੁੰਚੇ ਕਿ ਇਹਨਾਂ ਨੂੰ ਸੁਣਾਈਏ।
ਸਵਾਲ : ਤੁਸੀਂ ਕਿੱਥੋਂ ਸਿੱਖੀ ਇਹ ਸਾਰੀ ਕਲਾ?
ਹਿੰਮਤ ਸਿੰਘ ਫੱਕਰ : ਸੀਨਾ-ਬ-ਸੀਨਾ। ਸਾਡੇ ਦਾਦੇ-ਪੜਦਾਦੇ ਇਹਨਾਂ ਦੇ ਡੈਡੀ। ਮੇਰੇ ਭਰਾ ਵੱਡੇ ਭਾਈ ਹਰਚਰਨ ਸਿੰਘ ਜੀ ਫੱਕਰ, ਹਰਿੰਦਰ ਸਿੰਘ ਜੀ ਫੱਕਰ, ਦਲੀਪ ਸਿੰਘ ਜੀ ਫੱਕਰ, ਇੰਦਰਜੀਤ ਸਿੰਘ ਜੀ ਫੱਕਰ ਮੇਰੇ ਦਾਦਾ ਜੀ ਭਾਈ ਗੁਰਮੁਖ ਸਿੰਘ ਜੀ ਫੱਕਰ। ਉਨ੍ਹਾਂ ਨੂੰ ਮੈਂ ਸੁਣਦਾ ਹੁੰਦਾ ਬੂਹੇ ਦੇ ਉਹਲੇ ਹੋ ਕੇ। ਜਦੋਂ ਉਨ੍ਹਾਂ ਨੇ ਵੇਖਣਾ ਤਾਂ ਕਹਿਣਾ ਓਏ ਇਧਰ ਆ ਕੇ ਬੈਠ ਤੈਨੂੰ ਆਸਾ ਰਾਗ ਦਾ ਸੁਣਾਵਾ। ਮੈਂ ਉਨ੍ਹਾਂ ਕੋਲੋਂ ਸਿੱਖਿਆ।
ਲਾਲ ਸਿੰਘ ਫੱਕਰ : ਸਾਡੇ ਘਰ ’ਚ ਅਜੇ ਵੀ ਮਾਹੌਲ ਹੈ ਇਹ। ਜਦੋਂ ਅਸੀਂ ਕੀਰਤਨ ਕਰਦੇ ਹਾਂ ਤਾਂ ਮੇਰੇ ਬੱਚੇ ਨੇ ਜਿਹੜੇ, ਉਨ੍ਹਾਂ ਨੂੰ ਬੜਾ ਸ਼ੌਂਕ ਹੈ, ਕੀਰਤਨੀਆ ਬਣਨ ਦਾ। ਅਸੀਂ ਕਦੀ ਨਹੀਂ ਉਨ੍ਹਾਂ ਨੂੰ ਕਿਹਾ ਕਿ ਨਹੀਂ ਤੁਸੀਂ ਕੋਈ ਹੋਰ ਕੰਮ ਕਰੋ। ਪੜਾਈ ਜ਼ਰੂਰ ਕਰੋ। ਪੜਾਈ ਬਹੁਤ ਜ਼ਰੂਰੀ ਹੈ। ਕੰਮ ਵੀ ਕਰੋ ਅਫਸਰ ਵੀ ਲੱਗੋ, ਪਰ ਘਰ ਦੇ ਅੰਦਰੋਂ ਕੀਰਤਨ ਨਾ ਜਾਵੇ। ਜਦੋਂ ਸਾਡੇ ਘਰ ਦੇ ਪ੍ਰੋਗਰਾਮ ਹੋਣ ਜਾਂ ਕਿਤੇ ਤੁਹਾਨੂੰ ਬੁਲਾਇਆ ਜਾਏ ਸਾਡੇ ਬੱਚਿਆਂ ਨੂੰ ਕਿਸੇ ਸਮਾਗਮ ’ਚ ਬੁਲਾਇਆ ਜਾਏ ਤਾਂ ਬੈਠ ਕੇ ਜਦੋਂ ਕੀਰਤਨ ਨਾਲ ਜੁੜਨ ਨਾ ਸ਼ਬਦ ਨਾਲ ਤਾਂ ਪਤਾ ਲੱਗੇ ਕਿ ਇਸ ਤਰ੍ਹਾਂ ਅਸੀਂ ਸਿਖਾ ਰਹੇ ਅਪਣੇ ਬੱਚਿਆਂ ਨੂੰ। ਆਉਣ ਵਾਲੇ ਬੱਚਿਆਂ ਨੂੰ ਵੀ ਸਿਖਾ ਰਹੇ ਹਾਂ। ਕਈ ਵਿਦਿਆਰਥੀ ਵੀ ਨੇ ਸਾਡੇ ਬੜੇ ਅੱਛੇ ਕੀਰਤਨੀਆ ਨੇ। ਮਹਾਰਾਜ ਦੀ ਬਖਸ਼ਿਸ਼ ਹੈ ਉਨ੍ਹਾਂ ’ਤੇ। ਇਸ ਤਰ੍ਹਾਂ ਹੈ ਸਿਖਾ ਵੀ ਰਹੇ ਹਾਂ, ਪਰ ਸਿੱਖਣ ਵਾਲੇ ਘੱਟ ਨੇ। ਸਾਡੇ ਕੋਲ ਸਿੱਖ ਕੇ ਜਾ ਕੇ ਕੋਈ ਨਾਂ ਨਹੀਂ ਲੈਂਦਾ ਕਿਸੇ ਦਾ। ਕਹਿੰਦੇ ਮੈਂ ਤਾਂ ਯੂਟੀਊਬ ਤੋਂ ਸਿਖ ਲਿਆ।
ਹਿੰਮਤ ਸਿੰਘ ਫੱਕਰ : ਸਾਡੇ ਬਜ਼ੁਰਗ ਸਨ ਉਹ ਕਵਾਲੀ ਕਰਦੇ ਹੁੰਦੇ ਸਨ। ਕਹਿਣ ਦਾ ਮਤਲਬ ਸੱਭ ਕੁੱਝ ਅੰਦਰ ਹੀ ਪਿਆ ਹੋਇਆ ਹੈ। ਕੋਈ ਸੁਣਨ ਨੂੰ ਤਿਆਰ ਹੀ ਨਹੀਂ।
ਸਵਾਲ : ਕਿੰਨੇ ਕੁ ਬੱਚੇ ਆਉਂਦੇ ਨੇ ਸਿੱਖਣ ਲਈ ?
ਹਿੰਮਤ ਸਿੰਘ ਫੱਕਰ : ਬੱਚੇ ਤਾਂ ਬਥੇਰੇ ਆਉਂਦੇ ਨੇ ਪਰ ਨਾਂ ਕੋਈ ਲੈਣ ਲਈ ਤਿਆਰ ਨਹੀਂ। ਕੋਈ 15 ਕੁ ਦਿਨ ਆਉਂਦਾ ਹੈ। ਫੀਸ ਇਕ ਮਹੀਨੇ ਦੀ ਸਾਲ ਦੀ ਦੇ ਜਾਂਦਾ ਹੈ। ਉਸ ਤੋਂ ਬਾਅਦ 15 ਦਿਨ ਬਾਅਦ ਚਲਾ ਜਾਂਦਾ ਹੈ। ਕਿਉਂਕਿ ਉਹਨੂੰ ਪਤਾ ਲੱਗਣ ਲੱਗ ਪੈਂਦਾ ਹੈ। ਅਸੀਂ ਵੀ ਜਿਹੜੇ ਤਰੀਕੇ ਨਾਲ ਸਿਖਾਉਦੇ ਹਾਂ, ਇਹ ਨਹੀਂ ਕਿ ਅਗਲੇ ਨੂੰ ਛੇ-ਛੇ ਮਹੀਨੇ ਲਟਕਾਈ ਰੱਖੋ। ਅਸੀਂ ਵੀ ਡੇਢ ਮਹੀਨਾ-ਦੋ ਮਹੀਨੇ ’ਚ ਉਹਨੂੰ ਪਤਾ ਲੱਗਣ ਲੱਗ ਪੈਂਦਾ ਹੈ ਕਿ ਕੀ ਹੋ ਰਿਹਾ ਹੈ ਕੀ ਨਹੀਂ।
ਲਾਲ ਸਿੰਘ ਫੱਕਰ : ਇਹ ਤਾਂ ਧੁਰੋਂ ਮਿਲੀ ਦਾਤ ਹੈ। ਅਸੀਂ ਕੀ ਕਰਨੀ ਹੈ ਰੱਖ ਕੇ।
ਸਵਾਲ : ਜਿਹੜਾ ਫੱਕਰ ਪਰਵਾਰ ਹੈ ਕੀ ਤੁਹਾਡੇ ਤੋਂ ਇਲਾਵਾ ਉਹ ਵੀ ਇਸ ਵਿਰਸੇ ਨੂੰ ਸੰਭਾਲੀ ਬੈਠੇ ਨੇ?
ਹਿੰਮਤ ਸਿੰਘ ਫੱਕਰ : ਹਾਂਜੀ, ਸਾਡੇ ਚਾਚਾ ਜੀ ਸੁਰਜੀਤ ਸਿੰਘ ਜੀ ਢੂੰਡੀ ਜੋ ਕਿ ਵਿਸ਼ਵ ਪ੍ਰਸਿੱਧ ਤਬਲੀਏ ਅੱਲਾਹ ਰੱਖਾ ਦੇ ਸ਼ਗਿਰਦ ਨੇ। ਉਨ੍ਹਾਂ ਨੇ ਧਰੋਹਰ ਸਾਂਭ ਕੇ ਰੱਖੀ ਹੋਈ ਹੈ। ਉਨ੍ਹਾਂ ਦੇ ਬੱਚੇ ਕੀਰਤਨ ਕਰ ਰਹੇ ਨੇ। ਨਰਿੰਦਰ ਸਿੰਘ ਜੀ ਤੇ ਉਨ੍ਹਾਂ ਦੇ ਹੋਰ ਅੱਗੇ ਬੇਟਾ ਅਜੀਤਪਾਲ ਸਿੰਘ, ਜੋ ਗੁਜ਼ਰ ਗਏ, ਉਹ ਵੀ ਬਹੁਤ ਚੰਗਾ ਤਬਲੀਆ ਸੀ। ਉਨ੍ਹਾਂ ਨੇ ਵੀ ਇਹੀ ਗੱਲ ਮੰਗੀ ਕਿ ਸਤਿਗੁਰੂ ਸਾਡੇ ਘਰੋਂ ਕੀਰਤਨ ਦੀ ਦਾਤ ਨਾ ਜਾਵੇ।
ਕੰਮ ਕਰਨ ਨੂੰ ਅਸੀਂ ਬੜਾ ਕੁੱਝ ਕਰ ਸਕਦੇ ਆਂ। ਸਾਨੂੰ ਬੜੇ-ਬੜੇ ਲੋਕਗੀਤ ਆਉਂਦੇ ਨੇ। ਬੱਚਿਆਂ ਨੂੰ ਸਿਖਾਈਦਾ ਵੀ ਹੈ। ਅਸੀਂ ਆਪ ਵੀ ਕਾਲੀ ਦਾੜੀ ਕਰ ਕੇ ਗਾ ਸਕਦੇ ਹਾਂ ਪਰ ਨਹੀਂ।
ਸਵਾਲ : ਕਿੰਨੇ ਕੁ ਸਮਾਗਮ ਨੇ ਜਿਹੜੇ ਮਹੀਨੇ ’ਚ ਤੁਹਾਨੂੰ ਮਿਲ ਜਾਂਦੇ ਨੇ।
ਹਿੰਮਤ ਸਿੰਘ ਫੱਕਰ : ਪਿਛਲੇ ਇਕ ਮਹੀਨੇ ’ਚ ਇਕੋ ਹੀ ਸਮਾਗਮ ਆਇਆ ਸੀ ਜੀ। ਪਹੁੰਚ ਕਰੀ ਜਾਂਦੇ ਹਾਂ।
ਸਵਾਲ : ਗੁਜ਼ਾਰਾ ਹੋ ਜਾਂਦਾ ਹੈ ਏਨੇ ’ਚ?
ਹਿੰਮਤ ਸਿੰਘ ਫੱਕਰ : ਤੁਹਾਡੇ ਵਰਗੇ ਵੀਰ ਬੁਲਾਉਂਦੇ ਨੇ ਤਾਂ ਹੋ ਜਾਂਦਾ ਹੈ। ਮੈਂ ਨਹੀਂ ਕਹਿੰਦਾ ਵੀ ਸਾਨੂੰ ਸ਼ਬਦ ਤੋਂ ਕੁੱਝ ਨਹੀਂ ਮਿਲਿਆ। ਅਸੀਂ ਤਾਂ ਜਹਾਜ਼ਾਂ ’ਚ ਸਵਾਰੀ ਕਰਦੇ ਰਹੇ ਹਾਂ। ਕਰਾਂਗੇ ਵੀ। ਅੱਜ ਵੀ ਸਤਿਗੁਰੂ ਦੇ ਰਿਹਾ ਹੈ। ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਮਲਾਲ ਆਉਂਦਾ ਵੀ ਸਾਨੂੰ ਕਿਉਂ ਪਿੱਛੇ ਛੱਡੀ ਜਾਂਦੇ ਹੋ?
ਸਵਾਲ : ਇਕ ਗੱਲ ਹੋਰ ਦੱਸੋ ਕਿ ਫੱਕਰ ਪਰਵਾਰ ਦੇ ਨਾਲ ਇਹ ਵਿਤਕਰਾ ਹੁੰਦਾ ਹੈ ਜਾਂ ਹੋਰਾਂ ਦੇ ਨਾਲ ਵੀ ਹੁੰਦਾ ਹੈ?
ਹਿੰਮਤ ਸਿੰਘ ਫੱਕਰ : ਅੱਜਕਲ੍ਹ ਸਾਡੇ ਨਾਲ ਤਾਂ ਹੁੰਦਾ ਹੀ ਹੈ, ਲੋਕਾਂ ਨਾਲ ਵੀ ਹੁੰਦਾ ਹੈ। ਜਿਹੜੇ ਹੋਰ ਨਵੇਂ ਰਾਗੀ ਬਣ ਰਹੇ ਨੇ ਨਾ ਉਥੇ ਮਿੰਟ ’ਚ ਛੱਡ ਦਿੰਦੇ ਨੇ। ਉਹ ਕਹਿੰਦੇ ਯਾਰ ਮੈਂ ਤਾਂ ਦਹੀਂ-ਭੱਲੇ ਦੀ ਰੇੜ੍ਹੀ ਲਾਵਾਂਗਾ। ਮੁਹਾਲੀ ਦੇ ’ਚ ਨੇ ਕਈ ਲੋਕ ਰਾਗੀ ਹੋ ਕੇ ਬਰਗਰ ਦੀ ਰੇੜ੍ਹੀ ਲਾ ਰਹੇ ਨੇ।
ਲਾਲ ਸਿੰਘ ਫੱਕਰ : ਜਾਂ ਕੀਰਤਨ ਵੀ ਕਰ ਰਹੇ ਨੇ, ਸਵੇਰੇ ਡਿਊਟੀ ਕੀਤੀ, ਸਾਰੀ ਦੁਪਹਿਰ ਬਰਗਰ ਲਾਏ ਸ਼ਾਮੀਂ ਫਿਰ ਆ ਕੇ ਡਿਊਟੀ ਕੀਤੀ। ਸਾਰੀ ਰਾਤ ਬਰਗਰ ਲਾਏ, ਨੂਡਲ ਵੇਚੇ।
ਹਿੰਮਤ ਸਿੰਘ ਫੱਕਰ : ਹੁਣ ਤਾਂ ਬਰਗਰ ਲਾਉਣ ਵਾਲਿਆਂ ਨੂੰ ਕਹਿ ਰਹੇ ਨੇ ਕਿ ‘ਤੁਸੀਂ ਬਰਗਰ ਲਾ ਰਹੇ ਹੋ ਸਾਡੇ ਗੁਰਦੁਆਰੇ ਦੀ ਹਾਨੀ ਹੁੰਦੀ।’ ਯਾਰ ਮਿਹਨਤ ਕਰ ਰਿਹਾ ਉਹ, ਉਹਨੂੰ ਕਰ ਲੈਣ ਦਿਉ। ਤੁਸੀਂ ਮਿਹਨਤ ਵੀ ਨਹੀਂ ਕਰਨ ਦਿੰਦੇ। ਮਾਫ਼ ਕਰਿਉ ਅਸੀਂ ਬਾਹਰ ਪਕੌੜਿਆਂ ਦੀ ਰੇੜ੍ਹੀ ਲਾ ਲਈ ਤਾਂ ਕਈਆਂ ਨੇ ਆ ਕੇ ਕਹਿਣਾ, ‘ਫੱਕਰ ਸਾਬ੍ਹ ਤੁਸੀਂ ਸਾਨੂੰ ਤਾਂ ਦਸਦੇ , ਅਸੀਂ ਤੁਹਾਡਾ ਇੰਜ ਕਰ ਦਿੰਦੇ, ਉਹ ਕਰ ਦਿੰਦੇ।’ ਹੁਣ ਕਿਸੇ ਨੂੰ ਕੋਈ ਪੁੱਛਦਾ ਨਹੀਂ ਪਿਆ। ਜਦੋਂ ਫੱਕਰ ਸਾਬ੍ਹ ਮਰ ਗਏ ਤਾਂ ਲੋਕਾਂ ਨੇ ਬੜੇ ਚੰਗੇ ਰਾਗੀ ਸਨ। ਜਿਊਂਦਿਆਂ ਕਿਸੇ ਨੇ ਨਹੀਂ ਪੁੱਛਣਾ।
ਸਵਾਲ : ਇਹ ਵੀ ਚਰਚਾ ਚੱਲਦੀ ਹੈ ਕਿ ਜਿਵੇਂ ਕਈ ਵਾਰ ਗ੍ਰੰਥੀ ਸਿੰਘਾਂ ਦੀ ਗੱਲ ਚੱਲਦੀ ਹੈ। ਉਨ੍ਹਾਂ ਨੂੰ ਵੀ ਓਨਾ ਮਾਣ-ਸਤਿਕਾਰ ਨਹੀਂ ਦਿਤਾ ਜਾਂਦਾ। ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਰੁਲ ਜਾਂਦੀ ਹੈ। ਉਨ੍ਹਾਂ ਦਾ ਪਰਵਾਰ ਰੁਲ ਜਾਂਦਾ?
ਹਿੰਮਤ ਸਿੰਘ ਫੱਕਰ : ਕੀ ਕਰੇਗਾ 3000 ਰੁਪਹੇ ’ਚ। ਦੁੱਧ ਪੀਏ, ਬੱਚਿਆਂ ਨੂੰ ਪਿਆਏਗਾ ਕਿ ਬੱਚਿਆਂ ਦੀ ਪੜ੍ਹਾਈ ਕਰਵਾਏਗਾ? ਫਿਰ ਕਹਿੰਦੇ ਚੋਰੀ ਕਰਦਾ ਹੈ? ਚੋਰੀ ਨਾ ਕਰੇ ਤਾਂ ਕੀ ਕਰੇ?
ਲਾਲ ਸਿੰਫ ਫੱਕਰ : ਆਉਣ ਵਾਲੇ ਸਮੇਂ ’ਚ ਨਾ ਰਾਗੀ ਮਿਲਣਾ ਹੈ ਨਾ ਗ੍ਰੰਥੀ ਮਿਲਣ ਹੈ। ਰਾਗੀ ਵੀ ਤੁਹਾਨੂੰ ਪਤਾ ਹੁਣ ਅੱਗੋਂ ਭੇਡਚਾਲ ਹੀ ਚਲ ਰਹੇ ਹਨ। ਬੜੀਆਂ ਅਕੈਡਮੀਆਂ ਖੁੱਲੀਆਂ ਜ਼ਰੂਰ ਹੋਈਆਂ ਨੇ, ਪਰ ਮੁਸ਼ਕਿਲ ਹੈ। ਕੋਈ ਚੰਗਾ ਉਸਤਾਦ ਮਿਲੇ ਤਾਂ ਸਿਖਾਇਆ ਜਾਵੇ। ਪਰ ਐਸੀ ਕੋਈ ਗੱਲਬਾਤ ਚੱਲਦੀ ਨਜ਼ਰ ਨਹੀਂ ਆ ਰਹੀ।
ਹਿੰਮਤ ਸਿੰਘ ਫੱਕਰ : ਹਰ ਕਿਸੇ ਨੂੰ ਅਪਣੀ ਜੇਬ੍ਹ ਦਿਸੀ ਜਾਂਦੀ ਹੈ। ਉਹ ਤਾਂ ਗੁਰੂ ਨਾਨਕ ਹੀ ਸੀ ਜਿੰਨੇ ਭਾਈ ਮਰਦਾਨੇ ਨੂੰ ਨਾਲ ਰੱਖ ਲਿਆ ਸਾਡੇ ਵਰਗਿਆਂ ਦੇ ਜੀਵਨ ਸਵਾਰ ਦਿਤਾ। ਗੁਰੂ ਨਾਨਕ ਪਾਤਸ਼ਾਹ ਵਰਗਾ ਕੋਈ ਨਹੀਂ ਹੋ ਸਕਦਾ, ਸੱਚੀ ਗੱਲ ਹੈ।
ਸਵਾਲ : ਭਾਈ ਮਰਦਾਨੇ ਦੀ ਵੰਸ਼ ’ਚੋਂ ਤੁਸੀਂ ਹੋ। ਅੱਜ ਦੇ ਸਮਾਜ ਦੇ ’ਚ ਕਿੰਨੇ ਕੁ ਲੋਕ ਹਨ ਜਿਹੜੇ ਬਾਬੇ ਨਾਨਕ ਦੇ ਫਲਸਫੇ ’ਤੇ ਚਲਦੇ ਹਨ? ਕਿੰਨੀਆਂ ਕੁ ਕੁਰੀਤੀਆਂ ਸਮਾਜ ’ਚ ਆ ਗਈਆਂ ਨੇ?
ਹਿੰਮਤ ਸਿੰਘ ਫੱਕਰ : ਬਹੁਤ ਜ਼ਿਆਦਾ ਆ ਗਈਆਂ। ਹੁਣ ਮੈਂ ਕਿਸੇ ਇਕ ਬਾਰੇ ਨਹੀਂ ਕਹਿ ਸਕਦਾ। ਸਾਡਾ ਸਮਾਜ ਹੀ ਜਿਹੜਾ ਸਿੱਖ ਪੰਥ ਹੈ ਨਾ ਉਹ ਵੀ ਨਹੀਂ ਚੱਲ ਰਿਹਾ। ਕਿਉਂਕਿ ਰੱਜੇ ਨੂੰ ਰਜਾਈ ਜਾਣਾ, ਗਰੀਬ ਨੂੰ ਕਹਿਣਾ ਬਾਹਰ ਚੱਲ। ਬਰਛੇ ਮਾਰਦੇ ਨੇ। ਅਗਲੇ ਕਹਿੰਦੇ ਨੇ ਤੂੰ ਨਹੀਂ ਰੋਟੀ ਖਾਣ ਆਉਣਾ। ਗਰੀਬ ਨੂੰ ਤਾਂ ਪੁੱਛਣਾ ਹੀ ਨਹੀਂ। ਗਰੀਬ ਨੂੰ ਕਹਿੰਦੇ ਨੇ ਕਿ ‘ਇੱਥੇ ਤੂੰ ਆਇਆਂ ਕਿਉਂ ਏਂ, ਤੂੰ ਕੋਈ ਚੀਜ਼ ਚੋਰੀ ਕਰਨ ਆਇਆ ਹੋਵੇਂਗਾ।’ ਯਾਰ ਇਹਦੀ ਪੂਰਤੀ ਤਾਂ ਕਰ ਦਿਉ, ਇਹਦੀ ਧੀ ਕੋਈ ਇਹਦਾ ਬੱਚਾ ਹੋਵੇ ਪੜਾਈ ਵਲ ਲਾ ਦਿਉ। ਅੱਜ ਸੱਭ ਨੂੰ ਵੱਡਾ ਦਾਨ ਵਿਦਿਆ ਦਨ ਹੈ। ਕਈ ਸੰਸਥਾਵਾਂ ਕਰ ਰਹੀਆਂ ਨੇ, ਉਨ੍ਹਾਂ ਨੇ ਮੈਨੂੰ ਕਿਹਾ ਤੁਸੀਂ ਨਾਂ ਨਹੀਂ ਸਾਡਾ ਲੈਣਾ। ਸੰਸਥਾਵਾਂ ਅੰਦਰਖਾਤੇ ’ਚ ਕਰ ਰਹੀਆਂ ਨੇ। ਮੇਰੇ ਬੱਚਿਆਂ ਨੂੰ ਵੀ ਕਈਆਂ ਨੇ ਪੜਾਇਆ ਹੈ। ਬੜੀਆਂ ਸੰਸਥਾਵਾਂ ਨੇ, ਪਰ ਜਿਹੜੇ ਹੋਰ ਗਰੀਬ ਨੇ ਉਨ੍ਹਾਂ ਨੂੰ ਤੁਸੀਂ ਪੁੱਛ ਹੀ ਨਹੀਂ ਰਹੇ।
ਸਵਾਲ : ਕੋਈ ਹੋਰ ਵੀ ਕੀਰਤਨੀਏ ਨੇ ਜਿਨ੍ਹਾਂ ਦੇ ਬੱਚੇ ਪੜ੍ਹ ਨਹੀਂ ਸਕੇ, ਉਨ੍ਹਾਂ ਨੇ ਅਪਣਾ ਕਿੱਤਾ ਛੱਡ ਦਿਤਾ?
ਹਿੰਮਤ ਸਿੰਘ ਫੱਕਰ : ਹਾਂਜੀ ਬਹੁਤ ਨੇ ਵਿਚਾਰੇ ਜਿਨ੍ਹਾਂ ਦੇ ਪਰਵਾਰ ਵੀ ਰੁਲ ਗਏ ਨੇ। ਸਾਡੇ ਭਾਈ ਸਾਹਿਬ ਨੇ ਉਨ੍ਹਾਂ ਦੀਆਂ ਦੋ ਬੇਟੀਆਂ ਸਨ। ਉਨ੍ਹਾਂ ਨੇ ਅਪਣਾ ਕੰਮ ਬਦਲ ਲਿਆ। ਹੁਣ ‘ਮਰਤਾ ਕਿਆ ਨਾ ਕਰਤਾ’। ਮੈਂ ਉਹਨੂੰ ਪੁਛਿਆ ਤਾਂ ਕਹਿੰਦੀਆਂ ‘ਚਾਚਾ ਜੀ ਅਸੀਂ ਕੀਰਤਨ ਕਰਨ ਜਾਂਦੀਆਂ ਸੀ ਸਾਨੂੰ 300 ਉੱਥੇ ਕੋਈ ਦਿੰਦਾ ਨਹੀਂ ਸੀ’। ਅੱਜ ਅਸੀਂ ਕਿਸੇ ਦੇ ਲੇਡੀਜ਼ ਸੰਗੀਤ ’ਚ ਜਾਂਦੀਆਂ ਹਾਂ ਤਾਂ ਅਗਲੇ ਕਹਿੰਦੇ ਨੇ ਠੀਕ ਹੈ ਜੀ।’
ਸਾਡੇ ਕਈ ਵਧੀਆ ਗਾਇਕ ਨੇ ਜਿਨ੍ਹਾਂ ਦੇ ਪਿੱਛੇ ਜਿਹੇ ਗੱਲ ਚੁਕੀ ਸੀ ਕਿ ਰਾਗੀਆਂ ਨੂੰ ਮਾਇਆ ਦਿਆ ਕਰੋ। ਔਰ ਕਈ ਲੋਕ ਗਾਇਕ ਮਦਦ ਕਰਦੇ ਵੀ ਨੇ ਅੰਦਰਖਾਤੇ ’ਚ ਉਨ੍ਹਾਂ ਨੇ ਕਿਹਾ ਨਾਂ ਨਹੀਂ ਲੈਣਾ। ਕਿਉਂਕਿ ਉਹ ਅਪਣਾ ‘ਲੋਕ ਸੁਖੀਏ ਪਰਲੋਕ ਸੁਹੇਲੇ’ ਕਰ ਰਹੇ ਨੇ।
ਸਵਾਲ : ਇਸ ਹੁਣ ਤਕ ਦੇ ਸਫਰ ਦੇ ’ਚ ਕਿਹੇ ਕਿਹੇ ਜਿਹੇ ਉਤਰਾਅ-ਚੜਾਅ ਆਏ ਨੇ?
ਹਿੰਮਤ ਸਿੰਘ ਫੱਕਰ : ਇਹੋ ਜਿਹੇ ਹਾਲਾਤ ਬਣ ਗਏ ਸੀ ਰੋਟੀ ਖਾਣ ਤੋਂ ਵੀ ਔਖੇ ਹੋ ਗਏ ਸੀ। ਪਰ ਅਸੀਂ ਅਪਣਾ ਕੀਰਤਨ ਨਹੀਂ ਛੱਡਿਆ। ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜਾਂਗੇ। ਰਹਿੰਦੇ ਸਵਾਸਾਂ ਤਕ ਬਾਣੀ ਪੜ੍ਹਦੇ ਰਹਾਂਗੇ।
ਲਾਲ ਸਿੰਘ ਫੱਕਰ : ਪਰ ਸਤਿਗੁਰੂ ਦੀ ਬੜੀ ਬਖਸ਼ਿਸ਼ ਹੈ। ਸਾਨੂੰ ਸਾਡੇ ਗੁਰੂ ’ਤੇ ਵਿਸ਼ਵਾਸ ਹੋਣਾ ਵੱਡੀ ਗੱਲ ਹੈ। ਸਾਨੂੰ ਸਾਡੇ ਗੁਰੂ ਦੇ ਵਿਸ਼ਵਾਸ ਹੈ। ਸਤਿਗੁਰੂ ਝੋਲੀਆਂ ਵੀ ਭਰਦੇ ਨੇ। ਐਸੇ ਗੁਰੂ ਕੇ ਪਿਆਰੇ ਵੀ ਨੇ ਜਿਹੜੇ ਸਿਰਫ ਸਾਨੂੰ ਹੀ ਸੁਣਦੇ ਨੇ। ਉਹ ਬੁਲਾ ਕੇ ਸੁਣਦੇ ਨੇ।
ਹਿੰਮਤ ਸਿੰਘ ਫੱਕਰ : ਪਰ ਜਦੋਂ ਇਕ ਦਮ ਹੀ ਥੱਲੇ ਆ ਜਾਂਦੇ ਹਾਂ ਤਾਂ ਫਿਰ ਕਹੀਦਾ ਹੈ ਕਿ ਪਾਤਸ਼ਾਹ ਕੀ ਹੋ ਗਿਆ? ਫਿਰ ਅਪਣੇ -ਆਪ ਨੂੰ ਸੰਭਾਲੀਦਾ ਹੈ ਕਿ ਕੋਈ ਗੱਲ ਨਹੀਂ। ਹੁਣ ਮੈਂ ਅਪਣੇ ਭਤੀਜੇ ਦਾ ਘਰ ਬਣਾਉਣਾ ਹੈ। ਮੈਂ ਅਪਣਾ ਵੀ ਬਣਾਉਣਾ ਹੈ ਪਰ ਮੈਂ ਸੋਚਦਾ ਕਿ ਚਲੋ ਇਹਦਾ ਪਹਿਲਾਂ ਪੈ ਜਾਏ। ਇਸ ਤਰਾਂ ਹੀ ਚਲੀ ਜਾਂਦਾ ਕੰਮ। ਸੋਚਦੇ ਹਾਂ ਕਿ ਕਿਤੇ ਨਾ ਕਿਤੇ ਕੋਈ ਢੋਈ ਲੱਗ ਜਾਏਗੀ। ਕੋਈ ਕੋਈ ਨਾ ਕੋਈ ਸਾਨੂੰ ਜਰੂਰ ਖਿੱਚੇਗਾ।