
ਮੁਕਾਬਲੇ ਦੌਰਾਨ ਭਾਰਤੀ ਫ਼ੌਜ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ।
ਸ੍ਰੀਨਗਰ : ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਇਕ ਪਾਕਿਸਤਾਨੀ ਨਾਗਰਿਕ ਸਮੇਤ ਦੋ ਅਤਿਵਾਦੀ ਮਾਰੇ ਗਏ। ਮੁਕਾਬਲੇ ਦੌਰਾਨ ਭਾਰਤੀ ਫ਼ੌਜ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ।
ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ਉਤੇ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਗੁੱਦੜ ਜੰਗਲ ਖੇਤਰ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਤਲਾਸ਼ੀ ਮੁਕਾਬਲੇ ਵਿਚ ਬਦਲ ਗਈ ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉਤੇ ਗੋਲੀਬਾਰੀ ਸ਼ੁਰੂ ਕਰ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਮੁਹਿੰਮ ਦੌਰਾਨ ਦੋ ਜਵਾਨ ਸੂਬੇਦਾਰ ਪਰਭਾਤ ਗੌੜ ਅਤੇ ਲਾਂਸ ਨਾਇਕ ਨਰਿੰਦਰ ਸਿੰਧੂ ਅਤੇ ਫੌਜ ਦਾ ਇਕ ਮੇਜਰ ਜ਼ਖਮੀ ਹੋ ਗਏ। ਜ਼ਿਆਦਾ ਜ਼ਖ਼ਮੀ ਹੋਣ ਕਾਰਨ ਗੌੜ ਅਤੇ ਸਿੰਧੂ ਨੇ ਦਮ ਤੋੜ ਦਿਤਾ ਜਦਕਿ ਮੇਜਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਫੌਜ ਦੀ ਕਸ਼ਮੀਰ ਸਥਿਤ ਚਿਨਾਰ ਕੋਰ ਨੇ ਇਕ ਟਵੀਟ ’ਚ ਕਿਹਾ ਕਿ ਉਹ ਦੇਸ਼ ਲਈ ਡਿਊਟੀ ਨਿਭਾਉਂਦੇ ਹੋਏ ਬਹਾਦਰਾਂ ਸੂਬੇਦਾਰ ਪਰਭਾਤ ਗੌਰ ਅਤੇ ਲਾਂਸ ਨਾਇਕ ਨਰਿੰਦਰ ਸਿੰਧੂ ਦੇ ਸਰਵਉੱਚ ਬਲੀਦਾਨ ਦਾ ਸਨਮਾਨ ਕਰਦੀ ਹੈ। ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ਉਤੇ ਫੌਜ, ਸੀ.ਆਰ.ਪੀ.ਐਫ. ਅਤੇ ਪੁਲਿਸ ਨੇ ਕੁਲਗਾਮ ਦੇ ਗੁੱਦੜ ਜੰਗਲ ਵਿਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਸੀ। ਚੌਕਸ ਜਵਾਨਾਂ ਨੇ ਸ਼ੱਕੀ ਗਤੀਵਿਧੀਆਂ ਵੇਖੀਆਂ ਅਤੇ ਜਦੋਂ ਉਨ੍ਹਾਂ ਨੇ ਅਤਿਵਾਦੀਆਂ ਨੂੰ ਚੁਨੌਤੀ ਦਿਤੀ ਤਾਂ ਉਨ੍ਹਾਂ ਨੂੰ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ।
ਸ਼ੁਰੂਆਤੀ ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਮਾਰੇ ਗਏ ਅਤਿਵਾਦੀਆਂ ਵਿਚੋਂ ਇਕ ਸਥਾਨਕ ਸੀ, ਜਦਕਿ ਦੂਜਾ ਵਿਦੇਸ਼ੀ ਅਤਿਵਾਦੀ ਮੰਨਿਆ ਜਾਂਦਾ ਹੈ ਜਿਸ ਦਾ ਕੋਡ ਨਾਮ ‘ਰਹਿਮਾਨ ਭਾਈ’ ਹੈ। ਪੁਲਿਸ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਨੇ ਗੁੱਦੜ ਵਿਚ ਮੁਕਾਬਲੇ ਵਾਲੀ ਥਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਫੌਜ ਦੀ ਅਗਵਾਈ ਵਿਚ ਸਾਂਝੇ ਆਪਰੇਸ਼ਨ ਦੀ ਸ਼ਲਾਘਾ ਕੀਤੀ।